
ਜਹਾਜ਼ ਦੇ ਸ਼ੀਸ਼ੇ ਵਿਚੋਂ ਵੇਖੀ ਬਾਹਰਲੀ ਦਿੱਖ ਲਾਜਵਾਬ ਸੀ। ਕੁਦਰਤ ਦਾ ਅਸਲ ਨਜ਼ਾਰਾ ਸਪੱਸ਼ਟ ਤੌਰ ਤੇ ਵੇਖਿਆ ਜਾ ਸਕਦਾ ਸੀ
ਵਿਗਿਆਨ ਨੇ ਪੂਰੇ ਵਿਸ਼ਵ ਨੂੰ ਇਕ ਦੂਜੇ ਦੇ ਬਹੁਤ ਨੇੜੇ ਲਿਆਂਦਾ ਹੈ, ਜਿਸ ਦੇ ਮੱਦੇਨਜ਼ਰ ਪਾਸਪੋਰਟ ਕੇਂਦਰਾਂ ਤੇ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ। ਬਹੁਤ ਸਾਰੀਆਂ ਕਾਗ਼ਜ਼ੀ ਕਾਰਵਾਈਆਂ ਵਿਚੋਂ ਲੰਘ ਕੇ ਦੇਖਾ-ਦੇਖੀ ਹਰ ਕੋਈ ਪਾਸਪੋਰਟ ਬਣਵਾ ਰਿਹਾ ਹੈ, ਪਰ ਇਸ ਨੂੰ ਵਰਤਦਾ ਕੋਈ-ਕੋਈ ਹੈ। ਬਹੁਤਿਆਂ ਦੇ ਪਾਸਪੋਰਟ ਦੀ ਮਿਆਦ ਤਾਂ ਘਰ ਬੈਠੇ ਹੀ ਖ਼ਤਮ ਹੋ ਜਾਂਦੀ ਹੈ। ਇੰਜ ਹੀ ਮੇਰੇ ਪਾਸਪੋਰਟ ਨੂੰ ਬਣੇ ਪੰਜ ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ। ਕਾਫ਼ੀ ਸਮੇਂ ਤੋਂ ਦਿਮਾਗ਼ ਵਿਚ ਇਕ ਅਜੀਬ ਜਹੀ ਖਿੱਚ ਸੀ ਕਿ ਇਕ ਵਾਰ ਇਸ ਤੇ ਵਿਦੇਸ਼ੀ ਮੋਹਰ ਭਾਵ ਵੀਜ਼ਾ ਜ਼ਰੂਰ ਲਗਵਾਉਣਾ ਹੈ।
ਆਖ਼ਰ ਉਹ ਦਿਨ ਆ ਗਿਆ ਜਦੋਂ ਮੈਂ ਅਤੇ ਮੇਰੇ 2 ਹੋਰ ਸਾਥੀਆਂ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂਂ ਬੈਕਾਂਕ (ਥਾਈਲੈਂਡ) ਲਈ ਉਡਾਨ ਭਰੀ। ਜਹਾਜ਼ ਦੀ ਉਡਾਨ ਭਰਨ ਤੋਂ ਪਹਿਲਾਂ ਏਅਰ-ਹੋਸਟੈਸ ਨੇ ਬਹੁਤ ਬਰੀਕੀ ਨਾਲ ਸਾਰੇ ਮੁਸਾਫ਼ਰਾਂ ਨੂੰ ਸਿਖਲਾਈ ਦਿਤੀ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਐਮਰਜੈਂਸੀ ਜਾਂ ਹਾਦਸੇ ਦੀ ਸਥਿਤੀ ਵਿਚ ਅਪਣਾ ਬਚਾਅ ਕਰਨਾ ਹੈ, ਜੋ ਕਿ ਕਾਫ਼ੀ ਜਾਣਕਾਰੀ ਭਰਪੂਰ ਸੀ।
ਜਹਾਜ਼ ਦੇ ਸ਼ੀਸ਼ੇ ਵਿਚੋਂ ਵੇਖੀ ਬਾਹਰਲੀ ਦਿੱਖ ਲਾਜਵਾਬ ਸੀ। ਕੁਦਰਤ ਦਾ ਅਸਲ ਨਜ਼ਾਰਾ ਸਪੱਸ਼ਟ ਤੌਰ ਤੇ ਵੇਖਿਆ ਜਾ ਸਕਦਾ ਸੀ। ਬੱਦਲ ਜਹਾਜ਼ ਤੋਂ ਕਾਫ਼ੀ ਥੱਲੇ ਆਮ ਦਿਸ ਰਹੇ ਸਨ। ਇੰਝ ਲੱਗ ਰਿਹਾ ਸੀ ਜਿਵੇਂ ਪੂਰਾ ਜਹਾਜ਼ ਕੁਦਰਤ ਦੀ ਗੋਦ ਵਿਚ ਸਮਾ ਗਿਆ ਹੋਵੇ। ਕਈ ਵਾਰ ਹਵਾ ਦੇ ਬਹੁਤ ਜ਼ਿਆਦਾ ਤੇਜ਼ ਦਬਾਅ ਕਰ ਕੇ ਜਹਾਜ਼ ਕਾਫ਼ੀ ਹਿਲਜੁਲ ਕਰਨ ਲੱਗ ਪੈਂਦਾ, ਤਾਂ ਪਹਿਲੀ ਵਾਰ ਜਹਾਜ਼ ਵਿਚ ਚੜ੍ਹੇ ਮੇਰੇ ਵਰਗੇ ਮੁਸਾਫਰਾਂ ਦੇ ਦਿਲਾਂ ਦੀ ਧੜਕਣ ਕੁੱਝ ਪਲ ਲਈ ਤੇਜ਼ ਹੋ ਜਾਂਦੀ।
ਉਸ ਸਮੇਂ ਮੌਜੂਦ ਏਅਰ-ਹੋਸਟੈਸਾਂ ਵਲੋਂ ਦਿਤੇ ਹੌਸਲੇ ਅਤੇ ਉੱਚ-ਕੋਟੀ ਦੇ ਮਾਹਰ ਪਾਇਲਟਾਂ ਕਰ ਕੇ ਇਹ ਗੱਲ ਮੁੜ ਸਧਾਰਨ ਹੋ ਜਾਂਦੀ। ਤਕਰੀਬਨ ਸਾਢੇ 4 ਕੁ ਘੰਟੇ ਅਸਮਾਨ ਵਿਚ ਰਹਿਣ ਮਗਰੋਂ ਪਾਇਲਟ ਨੇ ਵਿਦੇਸ਼ ਦੀ ਧਰਤੀ ਤੇ ਜਹਾਜ਼ ਉਤਾਰਨ ਦਾ ਸੰਕੇਤ ਦੇ ਦਿਤਾ। ਸੱਚਮੁਚ ਜਹਾਜ਼ ਉਤਰਨ ਨੇ ਕਈਆਂ ਦੇ ਸਾਹ ਕੁੱਝ ਪਲਾਂ ਲਈ ਰੋਕ ਦਿਤੇ ਸਨ।ਜਹਾਜ਼ ਵਿਚ ਉਤਰਨ ਤੋਂ ਬਾਅਦ ਵਿਦੇਸ਼ੀ ਧਰਤੀ 'ਸਵਰਨਾਭੂਮੀ ਏਅਰ-ਪੋਰਟ ਬੈਕਾਂਕ' ਉਤੇ ਜਿਉਂ ਹੀ ਅਪਣਾ ਪੈਰ ਰਖਿਆ, ਤਾਂ ਜਿੱਥੇ ਇਕ ਪਾਸੇ ਅਪਣਾ ਸੁਪਨਾ ਪੂਰਾ ਹੋਣ ਦਾ ਚਾਅ ਸੀ, ਦੂਜੇ ਪਾਸੇ ਮਨ ਵਿਚ ਅਜੀਬ ਘਬਰਾਹਟ ਪੈਦਾ ਹੋ ਗਈ ਕਿਉਂਕਿ ਹਾਲੇ ਅਸੀ ਅਪਣਾ ਵੀਜ਼ਾ ਲਗਵਾਉਣਾ ਸੀ,
Thailand
ਜੋ ਕਿ ਪਹੁੰਚਣ ਮਗਰੋਂ ਹੀ ਲਗਦਾ ਹੈ। ਅਸੀ ਤਿੰਨੇ ਪਹਿਲੀ ਵਾਰ ਵਿਦੇਸ਼ ਆਏ ਸੀ ਅਤੇ ਅਣਜਾਣ ਵੀ ਸੀ। ਪਰ ਉਸ ਸਮੇਂ ਅਪਣੇ ਦੇਸ਼ ਭਾਰਤ ਵਿਚ ਸਿਖੀ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਨੇ ਬਿਗਾਨੇ ਮੁਲਕ ਵਿਚ ਸਾਡਾ ਪੂਰਾ ਸਾਥ ਦਿਤਾ। ਬਿਨਾਂ ਕਿਸੇ ਖੱਜਲ-ਖੁਆਰੀ ਦੇ ਥਾਈਲੈਂਡ ਦੇਸ਼ ਨੇ ਸਾਡੇ ਪਾਸਪੋਰਟ ਉਤੇ 15 ਦਿਨਾਂ ਲਈ ਅਪਣੇ ਵੀਜ਼ੇ ਦੀ ਮੋਹਰ ਲਾ ਦਿਤੀ। ਲਗਭਗ 7 ਦਿਨ ਵਿਦੇਸ਼ੀ ਧਰਤੀ ਤੇ ਰਹਿ ਕੇ ਉਥੋਂ ਦੇ ਸਿਸਟਮ ਅਤੇ ਸਭਿਆਚਾਰ ਨੂੰ ਨੇੜੇ ਹੋ ਕੇ ਵੇਖਿਆ।
ਹਰ-ਪਲ ਉਥੋਂ ਦੇ ਲੋਕਾਂ ਨੇ ਅਥਾਹ ਪਿਆਰ ਅਤੇ ਇੱਜ਼ਤ ਦੇਣ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਵੀ ਬਾਹਰਲੇ ਦੇਸ਼ ਵਿਚ ਜਦੋਂ ਕੋਈ ਭਾਰਤੀ ਮਿਲ ਜਾਂਦਾ, ਤਾਂ ਦਿਮਾਗ਼ ਨੂੰ ਇਕ ਸੰਤੁਸ਼ਟੀ ਜਿਹੀ ਮਿਲਦੀ ਸੀ। ਭਾਰਤੀ ਸੈਲਾਨੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਫ਼ਤੇ ਭਰ ਦੌਰਾਨ ਸਿੱਟਾ ਇਹ ਕਢਿਆ ਕਿ ਕਈ ਗੱਲਾਂ ਹਨ, ਜੋ ਕਿ ਸੈਲਾਨੀਆਂ ਨੂੰ ਆਕਰਸ਼ਿਤ ਕਰ ਰਹੀਆਂ ਹਨ।ਇਸ ਦੇਸ਼ ਵਿਚ ਵੀਜ਼ਾ ਸੌਖੀ ਤਰ੍ਹਾਂ ਮਿਲ ਜਾਂਦਾ ਹੈ, ਭਾਵ ਏਜੰਟਾਂ ਦੇ ਚੱਕਰਾਂ ਤੋਂ ਮੁਕਤ ਹੋ ਕੇ ਉਸ ਦੇਸ਼ ਵਿਚ ਪਹੁੰਚ ਕੇ ਵੀ ਵੀਜ਼ਾ ਬਿਨਾਂ ਕਿਸੇ ਖੱਜਲ-ਖੁਆਰੀ ਦੇ ਮਿਲ ਜਾਂਦਾ ਹੈ।
Thailand
ਥਾਈਲੈਂਡ ਦੀ ਕਰੰਸੀ ਦਾ ਨਾਂ ਵਾਟ ਹੈ ਜੋ ਕਿ ਭਾਰਤੀ ਰੁਪਏ ਦੇ 2.23 ਰੁਪਏ ਦੇ ਲਗਭਗ ਬਰਾਬਰ ਹੈ। ਸੋ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਇਹ ਦੇਸ਼ ਸਸਤਾ ਹੈ।
ਇਹ ਅਨੁਸ਼ਾਸਨ ਕਾਇਮ ਦੇਸ਼ ਹੈ। ਸੜਕਾਂ ਤੇ ਨਾਂਮਾਤਰ ਹਾਰਨ ਵਜਦੇ ਹਨ। ਸੜਕਾਂ ਬਿਲਕੁਲ ਸਿਧੀਆਂ ਹਨ। ਸਮੁੱਚੀ ਆਵਾਜਾਈ ਅਪਣੀ ਹੀ ਕਤਾਰ ਵਿਚ ਚੱਲਣ ਲਈ ਪਾਬੰਦ ਹੈ।ਇੱਥੋਂ ਦੇ ਸਮੁੰਦਰ ਵਿਚ ਇਕ ਸਥਾਨ 'ਕੋਰਲ ਆਇਸਲੈਂਡ' ਹੈ ਜਿਸ ਵਿਚ ਇਥੋਂ ਦੇ ਟ੍ਰੇਨਰ ਸੈਲਾਨੀਆਂ ਨੂੰ ਉਨ੍ਹਾਂ ਦੇ ਸਿਰ ਤੇ ਵਿਸ਼ੇਸ਼ ਹੈਲਮੈਟ ਪਹਿਨਾ ਕੇ ਸਮੁੰਦਰ ਵਿਚ ਲੈ ਕੇ ਜਾਂਦੇ ਹਨ, ਜਿੱਥੇ ਵਿਅਕਤੀ ਸਮੁੰਦਰ ਵਿਚ ਤੁਰ ਕੇ ਪ੍ਰਤੱਖ ਰੂਪ ਵਿਚ ਕਈ ਪ੍ਰਕਾਰ ਦੇ ਸਮੁੰਦਰੀ ਜੀਵ, ਚਟਾਨਾਂ ਆਦਿ ਵੇਖਦਾ ਹੈ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
ਇੱਥੇ 18 ਮੀਟਰ ਉੱਚੀ ਸੋਨੇ ਰੰਗੀ ਬੁੱਧ ਦੀ ਮੂਰਤੀ ਸੈਲਾਨੀਆਂ ਦੇ ਹਿਰਦੇ ਨੂੰ ਮੋਹ ਲੈਂਦੀ ਹੈ। ਥਾਈ ਹਾਥੀ ਅਤੇ ਖੁੱਲ੍ਹੇ ਸ਼ੇਰ ਦਰਸ਼ਕਾਂ ਲਈ ਅਨਮੋਲ ਹਨ। ਸਫ਼ਾਈ ਪੱਖੋਂ ਇਸ ਦੇਸ਼ ਦਾ ਸਥਾਨ ਮੂਹਰਲੀ ਕਤਾਰ ਵਿਚ ਹੈ। ਸਤਰੰਗੀਆਂ ਲਾਈਟਾਂ ਦੀ ਭਰਮਾਰ ਹੇਠ ਖਾਣ-ਪੀਣ ਅਤੇ ਨੱਚਣ-ਟੱਪਣ ਲਈ 'ਪਟਾਇਆ' ਨਾਮੀ ਸਥਾਨ ਤੇ 'ਵਾਕਿੰਗ ਸਟਰੀਟ' ਪੂਰੀ ਰਾਤ ਜਸ਼ਨ ਦਾ ਮਾਹੌਲ ਪ੍ਰਦਾਨ ਕਰਦੀ ਹੈ।ਵੈਸੇ ਤਾਂ ਉਥੋਂ ਦੇ ਲੋਕਾਂ ਦਾ ਮੁੱਖ ਖਾਣਾ ਸਮੁੰਦਰੀ ਭੋਜਨ ਹੀ ਹੈ, ਪਰ ਫਿਰ ਵੀ ਸਹੂਲਤ ਲਈ ਥਾਂ-ਥਾਂ ਤੇ ਭਾਰਤੀ ਰੇਸਤਰਾਂ ਵਿਖਾਈ ਦੇਣਗੇ।
Great Buddha Of Thailand
ਥਾਈਲੈਂਡ ਦੇ ਲੋਕ ਅਪਣੇ ਰਾਜਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੰਦੇ ਹਨ। ਇਨ੍ਹਾਂ ਪਹਿਲੂਆਂ ਦੇ ਮੱਦੇਨਜ਼ਰ ਸੈਲਾਨੀ ਖਿੱਚ ਦਾ ਕਾਰਨ ਬਣ ਰਹੇ ਹਨ। ਇਸ ਸਾਰੇ ਸੰਦਰਭ ਵਿਚ ਜੇਕਰ ਬਾਰੀਕੀ ਨਾਲ ਸੋਚਿਆ ਜਾਵੇ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਿਸੇ ਇਕ ਸੂਬੇ ਜਾਂ ਦੇਸ਼ ਦਾ ਕਿਸੇ ਦੂਜੇ ਸੂਬੇ ਜਾਂ ਦੇਸ਼ ਦੇ ਲੋਕਾਂ ਨਾਲ ਆਪਸ ਵਿਚ ਮਿਲਣਾ-ਜੁਲਣਾ ਉਸ ਦੇਸ਼ ਦੀ ਤਰੱਕੀ, ਅਮੀਰੀ, ਸੋਚ, ਪਿਆਰ ਅਤੇ ਤਬਦੀਲੀ ਲਈ ਸਹਾਈ ਹੁੰਦਾ ਹੈ। ਉਮੀਦ ਕਰਦੇ ਹਾਂ ਕਿ ਇਕ ਦਿਨ ਪੂਰਾ ਵਿਸ਼ਵ ਇਨ੍ਹਾਂ ਲੜਾਈਆਂ ਅਤੇ ਨਫ਼ਰਤਾਂ ਤੋਂ ਉੱਪਰ ਉੱਠ ਕੇ ਏਕਤਾ ਦੀ ਲੜੀ ਵਿਚ ਰਹਿ ਕੇ ਕੁਦਰਤ ਵਲੋਂ ਦਿਤੀ ਇਸ ਅਨਮੋਲ ਜ਼ਿੰਦਗੀ ਦਾ ਪਿਆਰ ਮਈ ਰਸ ਲਵੇ।
ਸੰਪਰਕ : 94171-63195