ਵਿਗਿਆਨ ਅਤੇ ਕੁਦਰਤ ਦਾ ਅਦਭੁਤ ਪਹਾੜੀ ਸ਼ਹਿਰ ਬੈਂਫ਼ (ਕੈਨੇਡਾ)
Published : Aug 9, 2020, 3:47 pm IST
Updated : Aug 9, 2020, 3:47 pm IST
SHARE ARTICLE
Banff (Canada)
Banff (Canada)

ਐਲਬਰਟਾ (ਐਡਮਿੰਟਨ, ਕੈਨੇਡਾ) ਦਾ ਇਕ ਵਿਸ਼ਵ  ਪ੍ਰਸਿੱਧ ਪਹਾੜੀ ਸ਼ਹਿਰ ਹੈ ਬੈਂਫ਼

ਐਲਬਰਟਾ (ਐਡਮਿੰਟਨ, ਕੈਨੇਡਾ) ਦਾ ਇਕ ਵਿਸ਼ਵ  ਪ੍ਰਸਿੱਧ ਪਹਾੜੀ ਸ਼ਹਿਰ ਹੈ ਬੈਂਫ਼। ਕੁਦਰਤ ਦੀ ਸੂਖਮ ਸੰਵੇਦਨਾ ਜਿਥੇ ਇਤਿਹਾਸ ਦਾ ਮੰਥਨ ਕਰਦੀ ਹੈ। ਵਿਗਿਆਨ ਅਤੇ ਕੁਦਰਤ ਦਾ ਤਲਿਸਮੀ ਅਦਭੁਤ ਪਹਾੜੀ ਸ਼ਹਿਰ ਬੈਂਫ਼। ਵਿਸ਼ਵ ਦੇ ਪ੍ਰਸਿਧ ਖ਼ੂਬਸੂਰਤ ਸ਼ਹਿਰਾਂ 'ਚੋਂ ਇਕ ਹੈ ਬੈਂਫ਼ ਦੀ ਲਾਜਵਾਬ ਸੁੰਦਰਤਾ। ਇਥੇ ਪਾਰਦਰਸ਼ੀ ਪਾਣੀ ਦੀਆਂ ਯਥਾਰਥ ਝੀਲਾਂ, ਕਿਸੇ ਮੁਟਿਆਰ ਦੀ ਗਿੱਟੇ ਛੂੰਹਦੀ ਗੁਦਵੀਂ ਗੁੱਤ ਵਾਂਗ ਝਰ-ਝਰ ਕਰ ਕੇ ਡਿਗਦੇ ਮਨਮੋਹਣੇ ਝਰਨੇ, ਚਾਂਦੀ ਰੰਗੇ ਗੋਟੇ ਲੱਗੇ ਦੁਪੱਟੇ ਵਾਂਗ ਲਹਿਰਾਉਂਦੀਆਂ ਗੁਣ-ਗੁਣਾਉਂਦੀਆਂ ਪਵਿੱਤਰ ਨਹਿਰਾਂ,

ਅਲੌਕਿਕ ਰੂਪ, ਸ਼ੋਖ਼ ਅਦਾਵਾਂ ਵਿਚ ਲਹਿਰਾਉਂਦੀ ਕੁਦਰਤੀ ਬਨਸਪਤੀ, ਜਾਨਵਰਾਂ-ਪੰਛੀਆਂ ਅਤੇ ਕੀਟ ਪਤੰਗਿਆਂ ਨੂੰ ਗੋਦ ਵਿਚ ਸੰਭਾਲ ਹਰੇ ਭਰੇ ਲੰਬੇ-ਚੌੜੇ ਅਤੇ ਉੱਚੇ ਸੰਘਣੇ ਜੰਗਲ, ਲੱਖਾਂ ਸਾਲ ਪੁਰਾਣੇ ਅਨੇਕਾਂ ਸਵਰੂਪਾਂ ਦੇ ਕਲਾਤਮਕ ਪਹਾੜਾਂ, ਫਲਾਂ ਫੁੱਲਾਂ ਨਾਲ ਲੱਦੇ ਖ਼ੂਬਸੂਰਤ ਰਸੀਲੇ ਬਾਗ਼, ਜ਼ਿੰਦਗੀ ਨੂੰ ਸਕੂਨ, ਅਧਿਆਤਮਕਤਾ, ਇਕਾਗਰਤਾ ਅਤੇ ਮਾਨਵਤਾ ਦਾ ਸੰਦੇਸ਼ ਦੇਂਦੀਆਂ ਚੁਲਬੁਲੀਆਂ ਵਾਦੀਆਂ, ਅਪਣੇਪਨ ਦਾ ਅਹਿਸਾਸ ਕਰਵਾਉਂਦੀਆਂ ਪਹਾੜੀਆਂ, ਵਧੀਆ ਹੋਟਲ, ਮਨੁੱਖੀ ਕਦਰਾਂ ਕੀਮਤਾਂ ਦਾ ਭੂ-ਮੰਡਲੀਕਰਨ ਬਾਜ਼ਾਰ ਅਤੇ ਸੱਭ ਤੋਂ ਮਹੱਤਵਪੂਰਨ ਖਿੱਚ ਦਾ ਕੇਂਦਰ, ਵਿਗਿਆਨਕ ਕਦਰਾਂ ਕੀਮਤਾਂ ਦਾ ਅਨੋਖਾ  ਇਲੈਕਟ੍ਰਿਕ ਝੂਲਾ ਗੰਡੋਲਾ।

Banff (Canada)Banff (Canada)

ਦਿੱਲੀ ਤੋਂ ਐਡਮਿੰਟਨ (ਕੈਨੇਡਾ) ਹਵਾਈ ਜਹਾਜ਼ ਵਿਚ ਲਗਭਗ 20 ਘੰਟੇ ਲੱਗ ਹੀ ਜਾਂਦੇ ਹਨ। ਐਡਮਿੰਟਨ ਤੋਂ ਬੈਂਫ਼ ਲਗਭਗ 401 ਕਿਲੋਮੀਟਰ ਹੈ। ਕੈਲਗਰੀ ਤੋਂ ਲਗਭਗ 128 ਕਿਲੋਮੀਟਰ ਦੇ ਕਰੀਬ ਹੈ। ਜਹਾਜ਼ 'ਤੇ ਆਉਣ ਲਗਿਆਂ ਇਕ ਮਹੱਤਵਪੂਰਨ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੇਕਰ ਤੁਸੀ ਜਾਂ ਤੁਹਾਡੇ ਨਾਲ ਕੋਈ ਵਿਅਕਤੀ 50 ਸਾਲ ਤੋਂ ਉਪਰ ਦੀ ਉਮਰ ਵਾਲਾ ਹੈ ਤਾਂ ਵੀਲ੍ਹ ਚੇਅਰ ਟਿਕਟ ਉਪਰ ਜ਼ਰੂਰ ਕਰਵਾ ਕੇ ਲਿਆਉ। ਦੂਸਰੀ ਗੱਲ, ਹੋ ਸਕੇ ਤਾਂ ਟਿਕਟ ਉਪਰ 'ਵਿੰਡੋ ਸ਼ੀਟ' ਵੀ ਜ਼ਰੂਰਕ ਕਰਵਾ ਲਉ ਕਿਉਂਕਿ ਜਹਾਜ਼ 'ਚੋਂ ਬਾਹਰੀ ਦ੍ਰਿਸ਼ ਵੇਖਣ ਦਾ ਬੜਾ ਅਨੰਦ ਆਉਂਦਾ ਹੈ। ਫ਼ੋਟੋਗ੍ਰਾਫ਼ੀ ਵੀ ਕਮਾਲ ਦੀ ਆਉਂਦੀ ਹੈ।

ਐਡਮਿੰਟਨ ਸ਼ਹਿਰ ਤੋਂ ਬੈਂਫ਼ ਜਾਣ ਲਈ 'ਨਿਸਕੂ ਰੋਡ' ਜਾਣਾ ਪੈਂਦਾ ਹੈ। ਕਾਰ ਵਿਚ ਇਹ ਸਫ਼ਰ ਲਗਭਗ ਪੰਜ ਘੰਟਿਆਂ ਦਾ ਹੈ। ਨਿਸਕੂ ਇਕ ਪਿੰਡ ਹੈ ਜਿਥੇ ਐਡਮਿੰਟਨ ਦਾ ਇੰਟਰਨੈਸ਼ਨਲ ਏਅਰ ਪੋਰਟ ਹੈ। ਬੈਂਫ਼ ਜਾਣ ਲਈ ਬੱਸਾਂ ਅਤੇ ਟੈਕਸੀਆਂ ਵੀ ਮਿਲ ਜਾਂਦੀਆਂ ਹਨ। ਬੈਂਫ਼ ਤਕ ਦੇ ਰਸਤੇ ਵਿਚ ਤਰ੍ਹਾਂ ਤਰ੍ਹਾਂ ਦੇ ਸੁੰਦਰ ਦ੍ਰਿਸ਼ ਵੇਖਣ ਨੂੰ ਮਿਲਦੇ ਹਨ। ਭੂਗੋਲਿਕ ਸੁੰਦਰਤਾ, ਕੁਦਰਤੀ ਸੁੰਦਰਤਾ ਅਤੇ ਵਾਤਾਵਰਣ ਦੀ ਸੁੰਦਰਤਾ ਰਸਤੇ ਵਿਚ ਵੇਖਣ ਨੂੰ ਮਿਲਦੀ ਹੈ। ਪਤਝੜ ਦੇ ਮੌਸਮ ਵਿਚ ਰੰਗ ਬਰੰਗੇ ਸੁੰਦਰ ਦ੍ਰਿਸ਼ ਕਮਾਲ ਦੇ ਹੁੰਦੇ ਹਨ।

Banff (Canada)Banff (Canada)

ਲੈਂਡ ਸਕੇਪਿੰਗ ਵਿਚ ਕੈਨੇਡਾ ਵਿਸ਼ਵ ਦਾ ਇਕ ਨੰਬਰ ਦੇਸ਼ ਹੈ। ਇਥੇ ਝੀਲਾਂ, ਸੜਕਾਂ, ਚੌਕ, ਵਾਦੀਆਂ, ਪਹਾੜ, ਰੁੱਖ ਅਤੇ ਫੁੱਲਾਂ ਦੀ ਅਜੀਬ ਨਿਰਾਲੀ ਦਿਖ ਵਾਲੀ ਲੈਂਡ ਸਕੇਪਿੰਗ ਖਿੱਚ ਦਾ ਕੇਂਦਰ ਹੈ। ਬੈਂਫ਼ ਨੂੰ ਜਿਥੇ ਕੁਦਰਤ ਨੇ ਅਪਣੀ ਕਿਰਪਾ ਨਾਲ ਸਵਾਰਿਆ ਅਤੇ ਨਿਵਾਜਿਆ ਹੈ ਉਥੇ ਵਿਗਿਆਨੀਆਂ ਦਾ ਵੀ ਅਦਭੁਤ ਕਮਾਲ ਹੈ, ਖ਼ਾਸ ਕਰ ਕੇ 'ਗੰਡੋਲਾ ਯਾਤਰਾ'। ਜਿਥੋਂ ਗੰਡੋਲਾ ਯਾਤਰਾ ਸ਼ੁਰੂ ਹੁੰਦੀ ਹੈ, ਉਸ ਪਹਾੜੀ ਦੇ ਦ੍ਰਿਸ਼ ਅਤੇ ਵਧੀਆ ਸਹੂਲਤਾਂ ਦਿਲਚਸਪ ਹਨ।

ਇਥੇ ਯਾਤਰੀਆਂ ਦਾ ਸ਼ਾਨਦਾਰ ਢੰਗ ਨਾਲ ਸਨਮਾਨ ਅਤੇ ਕਦਰ ਹੁੰਦੀ ਹੈ। 'ਗੰਡੋਲਾ' ਬੈਂਫ਼ ਦੇ ਇਕ ਉੱਚੇ ਪਹਾੜ ਤੋਂ ਸ਼ੁਰੂ ਹੋ ਕੇ ਇਸ ਤੋਂ ਵੀ ਉੱਚੇ ਪਹਾੜ ਤਕ ਜਾਂਦਾ ਹੈ। ਹੇਠਲੀ ਪਹਾੜੀ ਜਿਥੋਂ ਗੰਡੋਲਾ ਸ਼ੁਰੂ ਹੁੰਦਾ ਹੈ, ਲਗਭਗ 698 ਮੀਟਰ ਉੱਚੀ ਹੈ ਅਤੇ ਜਿਸ ਪਹਾੜੀ ਦੀ ਟੀਸੀ ਉੱਪਰ ਜਾ ਕੇ ਇਹ ਰੁਕਦਾ ਹੈ, ਉਹ ਪਹਾੜੀ 2281 ਮੀਟਰ ਉੱਚੀ ਹੈ। ਗੰਡੋਲੇ ਵਿਚ ਚਾਰ ਵਿਅਕਤੀ ਹੀ ਬੈਠ ਸਕਦੇ ਹਨ। ਗੰਡੋਲਾ ਯਾਤਰਾ ਦਾ ਖ਼ਤਰਨਾਕ ਪਰ ਦਿਲਚਸਪ ਨਜ਼ਾਰਾ ਹੁੰਦਾ ਹੈ। ਗੰਡੋਲੇ ਵਿਚ ਬੈਠ ਕੇ ਇਥੋਂ ਦੇ ਖ਼ੂਬਸੂਰਤ ਦ੍ਰਿਸ਼ ਨਜ਼ਰ ਆਉਂਦੇ ਹਨ।

Banff (Canada)Banff (Canada)

ਗੰਡੋਲਾ ਜਿਸ ਸਲਫ਼ਰ ਪਹਾੜੀ ਉੱਪਰ ਰੁਕਦਾ ਹੈ ਉਸ ਉੱਚੀ ਪਹਾੜੀ ਦੀ ਟੀਸੀ ਉਪਰ ਕਈ ਮੰਜ਼ਿਲਾ ਆਧੁਨਿਕ ਸ਼ਾਨਦਾਰ ਸਹੂਲਤਾਂ ਵਾਲਾ ਇਕ ਹੋਟਲ ਹੈ।  ਸਾਰਾ ਹੋਟਲ ਪੇਂਟਿੰਗ ਨਾਲ ਸਜਾਇਆ ਹੋਇਆ ਹੈ। ਇਥੇ ਦੀਵਾਰਾਂ 'ਤੇ ਸੁੰਦਰ ਚਿੱਤਰਕਾਰੀ ਨਾਲ ਖੜੇ ਹੋ ਕੇ ਲੋਕ ਤਸਵੀਰਾਂ ਲੈਂਦੇ ਹਨ। ਹੋਟਲ ਦੇ ਬਾਹਰ ਖੁੱਲ੍ਹਾ-ਡੁਲ੍ਹਾ ਬਿਨਾਂ ਛੱਤ ਵਾਲਾ ਲਾਨ (ਬਰਾਮਦਾ) ਹੈ।

ਇਸ ਹੋਟਲ ਤੋਂ ਸਾਰਾ ਬੈਂਫ਼, ਝੀਲਾਂ, ਨਦੀਆਂ, ਬਾਗ਼-ਬਗ਼ੀਚੇ ਆਦਿ ਸੱਭ ਕੁੱਝ ਸੁੰਦਰ ਨਜ਼ਾਰੇ ਨਜ਼ਰ ਆਉਂਦੇ ਹਨ। ਜਿਸ ਹੋਟਲ ਦੀ ਪਹਾੜੀ ਉੱਪਰ ਗੰਡੋਲਾ ਪਹੁੰਚਦਾ ਹੈ, ਉਸ ਦੇ ਖੱਬੇ ਪਾਸੇ ਬਹੁਤ ਵੱਡੀ ਖੱਡ ਤੋਂ ਬਾਅਦ ਇਕ ਬਹੁਤ ਉੱਚੀ ਟਾਵਰ ਵਾਲੀ ਪਹਾੜੀ ਹੈ। ਇਹ ਲਗਭਗ ਇਕ ਮਰਲੇ ਦੀ ਟੀਸੀ ਵਾਲੀ ਪਹਾੜੀ ਹੈ। ਇਸ ਦੀ ਯਾਤਰਾ ਲਈ ਵਿਗਿਆਨੀਆਂ ਨੇ ਕਮਾਲ ਦੇ ਹੁਨਰ ਵਿਖਾਏ ਹਨ। ਹੋਟਲ ਵਾਲੀ ਪਹਾੜੀ ਤੋਂ ਸਾਹਮਣੇ ਟਾਵਰ ਵਾਲੀ ਪਹਾੜੀ ਤਕ ਜਾਣ ਲਈ ਲਗਭਗ ਦੋ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਹੈ। ਇਹ ਫ਼ਾਸਲਾ ਕਮਾਲ ਦਾ ਹੈ।

Banff (Canada)Banff (Canada)

ਦੋਹਾਂ ਪਹਾੜਾਂ ਵਿਚਕਾਰ ਤਕਰੀਬਨ 2 ਕਿਲੋਮੀਟਰ ਡੂੰਘੀ ਖੱਡ ਹੈ। ਇਥੋਂ ਦੇ ਵਿਗਿਆਨੀਆਂ ਨੇ ਸਖ਼ਤ ਮਿਹਨਤ, ਨਿਵੇਕਲੀ ਯੋਜਨਾ ਰਾਹੀਂ, ਵਿਗਿਆਨਕ ਕਲਾ ਨਾਲ ਦੋ ਪਹਾੜੀਆਂ ਵਿਚ ਪੈਂਦੀ ਇਸ ਖੱਡ ਉਪਰ ਲੱਕੜ ਦਾ ਟੇਢਾ-ਮੇਢਾ ਰਸਤਾ ਬਣਾ ਦਿਤਾ ਹੈ। ਰਸਤੇ ਵਿਚ ਕਈ ਜਗ੍ਹਾ ਰੁਕਣ ਲਈ ਥਾਂ ਬਣਾਈ ਗਈ ਹੈ ਕਿਉਂਕਿ ਰਸਤਾ ਚੜ੍ਹਾਈ ਵਾਲਾ ਹੈ। ਰੁਕਣ ਸਥਾਨਾਂ ਉਪਰ ਬੈਂਚ, ਸਫ਼ਾਈ ਢੋਲ ਬਣੇ ਹੋਏ ਹਨ।

ਇਨ੍ਹਾਂ ਸਥਾਨਾਂ ਤੋਂ ਕਈ ਮੀਲ ਥੱਲੇ ਬੈਂਫ਼ ਸ਼ਹਿਰ ਦੇ ਸਾਰੇ ਇਲਾਕੇ ਦਾ ਦ੍ਰਿਸ਼ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਿਵੇਂ ਦੂਰ ਹੇਠਾਂ ਨਦੀਆਂ, ਝੀਲਾਂ, ਪਹਾੜਾਂ, ਬਾਗ਼ਾਂ, ਘਰਾਂ (ਆਬਾਦੀ) ਆਦਿ ਦਾ ਸਮੂਹਕ ਦ੍ਰਿਸ਼ ਕਿਸੇ ਨਕਸ਼ੇ ਦੀ ਤਰ੍ਹਾਂ ਜਾਂ ਪਤੰਗ ਦੀਆਂ ਡੋਰਾਂ ਦੇ ਪੇਚੇ ਵਾਂਗ ਫੈਲਿਆ ਨਜ਼ਰ ਆਉਂਦਾ ਹੈ ਅਤੇ ਇਕ ਅਲੌਕਿਕ ਨਜ਼ਾਰਾ ਪੇਸ਼ ਕਰਦਾ ਹੈ।  ਇਸ ਪਹਾੜੀ ਤਕ ਜਾਂਦਿਆਂ ਲੱਕੜ ਦੇ ਰਸਤੇ ਜ਼ਰੀਏ ਲਗਭਗ ਪੈਦਲ ਦੋ ਘੰਟੇ ਲੱਗ ਜਾਂਦੇ ਹਨ ਪਰ ਨੌਜਵਾਨ ਇਹ ਫ਼ਾਸਲਾ ਜਲਦੀ ਵੀ ਤੈਅ ਕਰ ਲੈਂਦੇ ਹਨ। ਇਹ ਯਾਤਰਾ ਕੇਵਲ ਪੈਦਲ ਹੀ ਕੀਤੀ ਜਾ ਸਕਦੀ ਹੈ।

Banff (Canada)Banff (Canada)

ਇਨ੍ਹਾਂ ਉੱਚੀਆਂ ਪਹਾੜੀਆਂ ਉਪਰ ਸੱਭ ਤੋਂ ਪਹਿਲਾਂ ਸਾਨਸਨ ਨਾਮ ਦਾ ਵਿਅਕਤੀ 1896 ਵਿਚ ਚੜ੍ਹਿਆ ਸੀ। ਬੈਂਫ਼ ਵਿਖੇ ਬੋ-ਵੈਲੀ ਦੇ ਦ੍ਰਿਸ਼ ਮਨਮੋਹਣੇ ਹੁੰਦੇ ਹਨ। ਇਥੋਂ ਦੀ ਮਸ਼ਹੂਰ ਥਾਂ ਹੈ ਨੈਸ਼ਨਲ ਪਾਰਕ। ਇਸ ਪਾਰਕ ਤੋਂ ਇਲਾਵਾ ਅਨੇਕਾਂ ਹੋਰ ਕਈ ਪ੍ਰਸਿੱਧ ਦਿਲਕਸ਼ ਪਾਰਕ ਹਨ। ਸੁੰਦਰ ਬੈਂਫ਼ ਸ਼ਹਿਰ ਨੂੰ ਨੈਸ਼ਨਲ ਇਤਿਹਾਸਕ ਸਥਾਨ ਦਾ ਦਰਜਾ ਦਿਤਾ ਗਿਆ ਹੈ।

ਜੁਲਾਈ ਅਤੇ ਅਗੱਸਤ ਮਹੀਨੇ ਇਥੇ ਸੂਰਜ ਚੜ੍ਹਨ ਤੇ ਡੁੱਬਣ ਦੇ ਸਮੇਂ ਦਾ ਮਨਮੋਹਣਾ ਉਤਸਵ ਹੁੰਦਾ ਹੈ। ਸ਼ਾਮ ਵੇਲੇ ਸੂਰਜ ਛਿਪਣ ਮੌਕੇ ਨਜ਼ਾਰਾ ਅਲੌਕਿਕ ਨਜ਼ਾਰਾ ਪੈਦਾ ਕਰਦਾ ਹੈ। ਪਹਾੜਾਂ ਪਿਛੋਂ ਨਿਕਲਦਾ ਸੂਰਜ ਜਿਵੇਂ ਕੋਈ ਕੁਦਰਤੀ ਦੇਵਤਾ ਦਾ ਜਨਮ ਹੋ ਰਿਹਾ ਹੋਵੇ, ਰੌਸ਼ਨੀ ਦਾ ਤਲਿਸਮ। ਕੁਲ ਮਿਲਾ ਕੇ ਕੁਦਰਤ ਅਤੇ ਵਿਗਿਆਨ ਦਾ ਸੁੰਦਰ, ਅਦਭੁਤ ਸੁਮੇਲ ਹੈ ਬੈਂਫ਼ ਅਤੇ ਗੰਡੋਲਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement