
ਵਿਪਨ ਕਾਂਤ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਰੋਜ਼ਾਨਾ 5 ਤੋਂ 6 ਅੰਤਰਰਾਸ਼ਟਰੀ ਉਡਾਣਾਂ ਅਤੇ 20 ਤੋਂ 22 ਘਰੇਲੂ ਉਡਾਣਾਂ ਚੱਲ ਰਹੀਆਂ ਹਨ।
ਅੰਮ੍ਰਿਤਸਰ: ਰਾਜਾਸਾਂਸੀ ਵਿਖੇ ਸਥਿਤ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਜਲਦ ਮਲੇਸ਼ੀਆ ਦੇ ਕੁਆਲਾਲੰਪੁਰ ਲਈ ਸਿੱਧੀ ਉਡਾਣ ਸ਼ੁਰੂ ਹੋਵੇਗੀ। ਇਹ ਜਾਣਕਾਰੀ ਡਾਇਰੈਕਟਰ ਏਅਰਪੋਰਟ ਅਥਾਰਟੀ ਵਿਪਨ ਕਾਂਤ ਸੇਠ ਨੇ ਦਿੱਤੀ ਹੈ। ਇਸ ਉਡਾਣ ਨਾਲ ਮਲੇਸ਼ੀਆ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਫਾਇਦਾ ਹੋਵੇਗਾ।
ਵਿਪਨ ਕਾਂਤ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਰੋਜ਼ਾਨਾ 5 ਤੋਂ 6 ਅੰਤਰਰਾਸ਼ਟਰੀ ਉਡਾਣਾਂ ਅਤੇ 20 ਤੋਂ 22 ਘਰੇਲੂ ਉਡਾਣਾਂ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਹੁਣ ਤੱਕ ਏਅਰਪੋਰਟ ਰਾਜਾਸਾਂਸੀ 'ਤੇ 15 ਏਅਰ ਸਟੈਂਡ ਸਨ, ਜਿਸ ਕਾਰਨ ਬਰਸਾਤ ਅਤੇ ਠੰਡ ਦੇ ਮੌਸਮ 'ਚ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ 43 ਕਰੋੜ ਦੀ ਲਾਗਤ ਨਾਲ ਏਅਰਪੋਰਟ ਰਾਜਾਸਾਂਸੀ 'ਤੇ 10 ਹੋਰ ਏਅਰ ਸਟੈਂਡ ਬਣਾਏ ਗਏ ਹਨ। ਇਹਨਾਂ ਨੂੰ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਲਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ।