
ਸਿਫ਼ਤੀ ਦਾ ਭੰਡਾਰ, ਕਲਾ ਦਾ ਸਰਵਉੱਚ ਸਥਾਨ। ਵਿਸ਼ਵ ਦੇ ਪ੍ਰਸਿੱਧ, ਖ਼ੂਬਸੂਰਤ ਸ਼ਹਿਰਾਂ ’ਚੋਂ ਇਕ ਹੈ ਬੈਂਫ਼ ਦੀ ਲਾਜਵਾਬ ਖ਼ੂਬਸੂਰਤੀ।
ਐਲਬਰਟਾ (ਐਡਮਿੰਟਨ, ਕਨੇਡਾ) ਦਾ ਇਕ ਵਿਸ਼ਵ ਪ੍ਰਸਿੱਧ ਖ਼ੂਬਸੂਰਤ ਪਹਾੜੀ ਸ਼ਹਿਰ ਹੈ ਬੈਂਫ। ਬੈਂਫ਼ ਵਿਖੇ ਹੀ ਹੈ ਕਨੇਡਾ ਦਾ ਸਭ ਤੋਂ ਵੱਡਾ ਖ਼ੂਬਸੂਰਤ ਫਾਈਵ ਸਟਾਰ ਹੋਟਲ, ਜਿਸ ਦਾ ਨਾਮ ਹੈ ਫੇਅਰ ਹੋਟਲ। ਇਹ ਇਕ ਪਹਾੜੀ ’ਤੇ ਸਥਿਤ ਹੈ। ਇਹ ਹੋਟਲ ਦੂਰੋਂ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਿਵੇਂ ਅਸਮਾਨ ਵਿਚ ਖਿਡੌਣੇ ਲਟਕਦੇ ਹੋਣ। ਇਸ ਦੀ ਸ਼ਿਲਪ-ਸ਼ੈਲੀ ਬਨਾਵਟ, ਸਜਾਵਟ, ਅਦਾਵਟ, ਕਮਾਲ ਦੀ ਹੈ। ਜਿਵੇਂ ਮਨੁੱਖ ਨੇ ਧਰਤੀ ’ਤੇ ਸਵਰਗ ਸਿਰਜ ਦਿਤਾ ਹੈ। ਕੁਦਰਤ ਦੀ ਸੂਖ਼ਮ ਸੰਵੇਦਨਾ ਜਿਥੇ ਇਤਿਹਾਸ ਮੰਥਨ ਕਰਦੀ ਹੈ। ਵਿਗਿਆਨ ਅਤੇ ਕੁਦਰਤ ਦਾ ਤਲਿਸਮੀ ਅਦਭੁਤ ਪਹਾੜੀ ਸ਼ਹਿਰ ਬੈਂਫ਼। ਸਿਫ਼ਤੀ ਦਾ ਭੰਡਾਰ, ਕਲਾ ਦਾ ਸਰਵਉੱਚ ਸਥਾਨ। ਵਿਸ਼ਵ ਦੇ ਪ੍ਰਸਿੱਧ, ਖ਼ੂਬਸੂਰਤ ਸ਼ਹਿਰਾਂ ’ਚੋਂ ਇਕ ਹੈ ਬੈਂਫ਼ ਦੀ ਲਾਜਵਾਬ ਖ਼ੂਬਸੂਰਤੀ।
ਇਥੇ ਪਾਰਦਰਸ਼ੀ ਪਾਣੀ ਦੀਆਂ ਝੀਲਾਂ, ਕਿਸੇ ਮੁਟਿਆਰ ਦੀ ਗਿੱਟੇ ਛੂੰਹਦੀ ਗੁੰਦਵੀਂ ਗੁੱਤ ਵਾਂਗ ਝਰ-ਝਰ ਕਲ-ਕਲ ਡਿਗਦੇ ਮਨਮੋਹਣੇ ਝਰਨੇ, ਚਾਂਦੀ ਰੰਗੇ ਗੋਟੇ ਲੱਗੇ ਦੁਪੱਟੇ ਵਾਂਗ ਲਹਿਰਾਉਂਦੀਆਂ ਗੁਣ-ਗੁਣਾਉਂਦੀਆਂ ਪਵਿੱਤਰ ਨਹਿਰਾਂ, ਆਲੌਕਿਕ ਰੂਪ ਵਿਚ ਮਰਮਸਪਰਸ਼ੀ ਤੇ ਵਿਹੰਗਮ ਦ੍ਰਿਸ਼, ਸ਼ੋਖ਼ ਅਦਾਵਾਂ ਨਾਲ ਲਹਿਲਹਾਉਂਦੀ ਕੁਦਰਤੀ ਬਨਸਪਤੀ, ਜਾਨਵਰਾਂ-ਪੰਛੀਆਂ, ਕੀਟ-ਪਤੰਗਿਆਂ ਨੂੰ ਗੋਦ ਵਿਚ ਸੰਭਾਲੀ ਹਰੇ ਭਰੇ ਲੰਬੇ-ਚੌੜੇ, ਉਚੇ ਸੰਘਣੇ ਜੰਗਲ। ਲੱਖਾਂ ਸਾਲ ਪੁਰਾਣੇ ਅਨੇਕਾਂ ਸਵਰੂਪਾਂ ਦੇ ਕਲਾਤਮਕ ਪਹਾੜ। ਫ਼ਲਾਂ, ਫੁੱਲਾਂ ਨਾਲ ਲੱਦੇ ਖ਼ੂਬਸੂਰਤ ਰਸੀਲੇ ਬਾਗ਼-ਬਗੀਚੇ। ਜ਼ਿੰਦਗੀ ਨੂੰ ਸਕੂਨ ਅਧਿਆਤਮਕਤਾ, ਇਕਾਗਰਤਾ ਅਤੇ ਮਾਨਵਤਾ ਦਾ ਸੰਦੇਸ਼ ਦਿੰਦੀਆਂ ਚੁਲਬੁਲੀਆਂ ਵਾਦੀਆਂ। ਅਪਣੇਪਣ ਦਾ ਅਹਿਸਾਸ ਕਰਵਾਉਂਦੀਆਂ ਆਂਚਲਿਕ ਪਗਡੰਡੀਆਂ, ਚਿਕਨੇ ਚੁਪੜੇ ਸੁੰਦਰ ਆਧੁਨਿਕ ਸੁਵਿਧਾਪੂਰਵਕ ਹੋਟਲ, ਮਾਨਵੀ ਕਦਰਾਂ ਕੀਮਤਾਂ ਦੇ ਭੂਮੰਡਲੀਕਰਣ ਬਾਜ਼ਾਰ ਅਤੇ ਸਭ ਤੋਂ ਮਹੱਤਵਪੂਰਨ ਖਿੱਚ ਦਾ ਕੇਂਦਰ ਵਿਗਿਆਨਕ ਕਦਰਾਂ ਕੀਮਤਾਂ ਦਾ ਅਨੋਖਾ ਯਾਂਤਰਿਕ ਇਲੈਕਟਰਿਕ ਝੂਲਾ ‘ਗੰਡੋਲਾ’।
Banff Canada, a wonderful mountain city of science and nature
ਦਿੱਲੀ ਤੋਂ ਐਡਮਿੰਟਨ (ਕਨੇਡਾ) ਹਵਾਈ ਜਹਾਜ਼ ਦੁਆਰਾ ਲਗਭਗ 20 ਘੰਟੇ ਲੱਗ ਹੀ ਜਾਂਦੇ ਹਨ। ਐਡਮਿੰਟਨ ਤੋਂ ਬੈਂਫ਼ ਲਗਭਗ 401 ਕਿਲੋਮੀਟਰ ਹੈ। ਕੈਲਗਰੀ ਤੋਂ ਲਗਭਗ 128 ਕਿਲੋਮੀਟਰ, ਲੇਕ ਲੂਈ ਤੋਂ ਲਗਭਗ 50 ਕਿਲੋਮੀਟਰ ਦੇ ਕਰੀਬ ਹੈ ਬੈਂਫ਼। ਜਹਾਜ਼ ’ਤੇ ਆਉਣ ਲਗਿਆਂ ਇਕ ਮਹੱਤਵਪੂਰਨ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੇ 50 ਸਾਲ ਤੋਂ ਉਪੱਰ ਹੋ ਤਾਂ ‘ਵ੍ਹੀਲ ਚੇਅਰ’ ਟਿਕਟ ਉਪੱਰ ਜ਼ਰੂਰ ਕਰਵਾ ਕੇ ਲਿਆਉ। ਹਾਂ ਦੂਜੀ ਗੱਲ ਹੋ ਸਕੇ ਤਾਂ ਟਿਕਟ ਉਤੇ ‘ਵਿੰਡੋ ਸੀਟ’ ਵੀ ਜ਼ਰੂਰ ਕਰਵਾ ਲਉ ਕਿਉਂਕਿ ਜਹਾਜ਼ ’ਚੋਂ ਬਾਹਰੀ ਦ੍ਰਿਸ਼ ਵੇਖਣ ਦਾ ਬੜਾ ਆਨੰਦ ਆਉਂਦਾ ਹੈ। ਫ਼ੋਟੋਗ੍ਰਾਫ਼ੀ ਵੀ ਕਮਾਲ ਦੀ ਆਉਂਦੀ ਹੈ। ਐਡਮਿੰਟਨ ਸ਼ਹਿਰ ਤੋਂ ਬੈਂਫ਼ ਜਾਣ ਲਈ ‘ਨਿਸਕੂ ਰੋਡ’ ਜਾਣਾ ਪੈਂਦਾ ਹੈ। ਲਗਭਗ ਪੰਜ ਘੰਟਿਆਂ ਦਾ ਸਫ਼ਰ ਹੈ ਕਾਰ ਦਾ। ਨਿਸਕੂ ਇਕ ਪਿੰਡ ਹੈ ਜਿੱਥੇ ਐਡਮਿੰਟਨ ਦਾ ਇੰਟਰਨੈਸ਼ਨਲ ਏਅਰ ਪੋਰਟ ਹੈ। ਬੈਂਫ਼ ਜਾਣ ਲਈ ਬੱਸਾਂ, ਟੈਕਸੀਆਂ ਵੀ ਮਿਲ ਜਾਂਦੀਆਂ ਹਨ।
ਬੈਂਫ਼ ਤਕ ਦੇ ਰਸਤੇ ਵਿਚ ਤਰ੍ਹਾਂ-ਤਰ੍ਹਾਂ ਦੇ ਸੁੰਦਰ ਦ੍ਰਿਸ਼ ਵੇਖਣ ਨੂੰ ਮਿਲਦੇ ਹਨ। ਭੂਗੋਲਿਕ ਸੁੰਦਰਤਾ, ਕੁਦਰਤੀ ਸੁੰਦਰਤਾ, ਵਾਤਾਵਰਣ ਦੀ ਸੁੰਦਰਤਾ, ਰਸਤੇ ਵਿਚ ਵੇਖਣ ਨੂੰ ਮਿਲਦੀ ਹੈ। ਪਤਝੜ ਦੇ ਮੌਸਮ ਵਿਚ ਰੰਗ-ਬਿਰੰਗੇ ਸੁੰਦਰ ਦ੍ਰਿਸ਼ ਕਮਾਲ ਦੇ ਹੁੰਦੇ ਹਨ। ਲੈਂਡ ਸਕੇਪਿੰਗ ਵਿਚ ਕਨੇਡਾ ਵਿਸ਼ਵ ਦਾ ਨੰਬਰ ਇਕ ਦੇਸ਼ ਹੈ। ਇਥੇ ਝੀਲਾਂ, ਸੜਕਾਂ, ਚੌਂਕਾਂ, ਵਾਦੀਆਂ, ਪਹਾੜਾਂ ਆਦਿ ’ਤੇ ਰੁੱਖਾਂ ਤੇ ਫੁੱਲਾਂ ਦੀ ਅਜੀਬ-ਨਿਰਾਲੀ ਦਿਖ ਵਾਲੀ ਲੈਂਡ ਸਕੇਪਿੰਗ ਖੇਚਲ ਭਰਪੂਰ ਹੈ। ਬੈਂਫ਼ ਨੂੰ ਜਿਥੇ ਕੁਦਰਤ ਨੇ ਅਪਣੀ ਕਿਰਪਾ ਨਾਲ ਸੰਵਾਰਿਆ, ਨਿਵਾਜਿਆ ਹੈ, ਉਥੇ ਵਿਗਿਆਨੀਆਂ ਦਾ ਵੀ ਅਦਭੁਤ ਕਮਾਲ ਹੈ। ਖ਼ਾਸ ਕਰ ਕੇ ‘ਗੰਡੋਲਾ ਯਾਤਰਾ’। ਜਿਥੋਂ ਗੰਡੋਲਾ ਯਾਤਰਾ ਸ਼ੁਰੂ ਹੁੰਦੀ ਹੈ, ਉਸ ਪਹਾੜੀ ਦੇ ਦ੍ਰਿਸ਼, ਸਹੂਲਤਾਂ ਮਨਮੋਹਣੀਆਂ ਅਤੇ ਦਿਲਚਸਪ ਹਨ।
‘ਗੰਡੋਲਾ’ ਬੈਂਫ਼ ਦੇ ਇਕ ਉਚੇ ਪਹਾੜ ਤੋਂ ਸ਼ੁਰੂ ਹੋ ਕੇ ਇਸ ਤੋਂ ਵੀ ਉਪੱਰ ਉਚੇ ਪਹਾੜ ਤਕ ਜਾਂਦਾ ਹੈ। ਹੇਠਲੀ ਪਹਾੜੀ ਜਿਥੋਂ ਗੰਡੋਲਾ ਸ਼ੁਰੂ ਹੁੰਦਾ ਹੈ ਲਗਭਗ 698 ਮੀਟਰ ਉਚੀ ਹੈ ਅਤੇ ਜਿਸ ਪਹਾੜੀ ਦੀ ਟੀਸੀ ਉੱਪਰ ਜਾ ਕੇ ਰੁਕਦਾ ਹੈ ਉਹ ਪਹਾੜੀ 2281 ਮੀਟਰ ਉਚੀ ਹੈ। ਗੰਡੋਲੇ ਵਿਚ ਚਾਰ ਵਿਅਕਤੀ ਹੀ ਬੈਠ ਸਕਦੇ ਹਨ। ਗੰਡੋਲਾ ਯਾਤਰਾ ਦਾ ਖ਼ਤਰਨਾਕ ਪਰੰਤੁ ਦਿਲਚਸਪ ਮੌਕਾ ਹੁੰਦਾ ਹੈ। ਗੰਡੋਲਾ ਤੋਂ ਖ਼ੂਬਸੂਰਤ ਦ੍ਰਿਸ਼ ਨਜ਼ਰ ਆਉਂਦੇ ਹਨ ਜੋ ਚੰਗੇ ਲਗਦੇ ਹਨ। ਗੰਡੋਲਾ ਜਿਸ ਸਲਫ਼ਰ ਪਹਾੜੀ ਉਪੱਰ ਰੁਕਦਾ ਹੈ ਉਸ ਉੱਚੀ ਪਹਾੜੀ ਦੀ ਟੀਸੀ ਉਤੇ ਕਈ ਮੰਜ਼ਲਾ ਆਧੁਨਿਕ ਸ਼ਾਨਦਾਰ ਸਹੂਲਤਾਂ ਵਾਲਾ ਹੋਟਲ ਹੈ। ਸਾਰਾ ਹੋਟਲ ਪੇਟਿੰਗਸ ਨਾਲ ਸੁਸ਼ੋਭਤ ਹੈ। ਸੁੰਦਰ ਭਿੱਤੀ ਅਤੇ ਦੀਵਾਰੀ ਚਿੱਤਰਕਾਰੀ ਨਾਲ ਲੋਕੀ ਤਸਵੀਰਾਂ ਲੈਂਦੇ ਹਨ। ਹੋਟਲ ਦੇ ਬਾਹਰ ਖੁੱਲ੍ਹਾ-ਡੁੱਲ੍ਹਾ ਬਿਨਾਂ ਛੱਤ ਵਾਲਾ ਲਾਨ ਹੈ। ਇਸ ਹੋਟਲ ਤੋਂ ਸਾਰਾ ਬੈਂਫ਼, ਝੀਲਾਂ, ਨਦੀਆਂ, ਬਾਗ਼-ਬਗੀਚੇ ਆਦਿ ਸੱਭ ਕੱੁਝ ਸੁੰਦਰ ਨਜ਼ਾਰੇ ਵੇਖਣ ਵਿਚ ਨਜ਼ਰ ਆਉਂਦੇ ਹਨ। ਲੋਕੀਂ-ਯਾਤਰੀ ਯਾਦਗਾਰੀ ਤਸਵੀਰਾਂ ਪੱਲੇ ਬੰਨ੍ਹਦੇ ਹਨ। ਜਿਸ ਹੋਟਲ ਦੀ ਪਹਾੜੀ ਉਤੇ ‘ਗੰਡੋਲਾ’ ਪਹੁੰਚਦਾ ਹੈ ਉਸ ਦੇ ਖੱਬੇ ਪਾਸੇ ਬਹੁਤ ਵੱਡੀ ਖੱਡ ਤੋਂ ਬਾਅਦ ਇਕ ਬਹੁਤ ਉਚੀ ਟਾਵਰ ਵਾਲੀ ਪਹਾੜੀ ਹੈ। ਲਗਭਗ ਇਕ ਮਰਲੇ ਦੀ ਟੀਸੀ ਵਾਲੀ ਪਹਾੜੀ। ਇਸ ਦੀ ਯਾਤਰਾ ਲਈ ਵਿਗਿਆਨੀਆਂ ਨੇ ਕਮਾਲ ਦੇ ਹੁਨਰ ਵਿਖਾਏ ਹਨ।
ਹੋਟਲ ਵਾਲੀ ਪਹਾੜੀ ਤੋਂ ਸਾਹਮਣੇ ਟਾਵਰ ਵਾਲੀ ਪਹਾੜੀ ਤਕ ਜਾਣ ਲਈ ਲਗਭਗ ਦੋ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਹੈ। ਦੋਵਾਂ ਪਹਾੜਾਂ ਦੇ ਵਿਚਕਾਰ ਇਕ ਬਹੁਤ ਡੂੰਘੀ ਖੱਡ ਹੈ। ਕਈ ਮੀਲ ਡੂੰਘੀ। ਇਹ ਖੱਡ ਲਗਭਗ ਦੋ ਕਿਲੋਮੀਟਰ ਦੇ ਕਰੀਬ ਹੈ। ਇੱਥੋਂ ਦੇ ਵਿਗਿਆਨੀਆਂ ਨੇ ਸਖ਼ਤ ਮਿਹਨਤ, ਨਿਵੇਕਲੀ ਯੋਜਨਾ ਰਾਹੀਂ, ਵਿਗਿਆਨਕ ਕਲਾ ਨਾਲ ਦੋ ਪਹਾੜੀਆਂ ਵਿਚ ਪੈਂਦੀ ਖੱਡ ਉਤੇ ਲੱਕੜ ਦਾ ਟੇਢਾ-ਮੇਢਾ ਮੋੜਾਂ ਵਾਲਾ ਰਸਤਾ ਬਣਾ ਦਿਤਾ ਹੈ। ਟੇਢਾ-ਮੇਢਾ ਉੱਚਾ-ਨੀਵਾਂ ਲੰਬਾ ਲੱਕੜ ਦਾ ਰਸਤਾ ਖੱਡ ਦੇ ਉਤੇ ਦੀ ਜਾਂਦਾ ਹੈ। ਰਸਤੇ ਵਿਚ ‘ਰੁਕਣ ਸਥਾਨ’ ਬਣਾਏ ਹੋਏ ਹਨ ਕਿਉਂਕਿ ਰਸਤਾ ਚੜ੍ਹਾਈ ਵਾਲਾ ਹੈ। ਰੁਕਣ ਸਥਾਨਾਂ ਉਤੇ ਬੈਂਫ਼, ਸਫ਼ਾਈ ਢੋਲ ਬਣੇ ਹਨ। ਇਨ੍ਹਾਂ ਥਾਵਾਂ ਤੋਂ ਕਈ ਮੀਲ ਥੱਲੇ ਬੈਂਫ਼ ਸ਼ਹਿਰ ਦੇ ਸਾਰੇ ਇਲਾਕੇ ਦਾ ਦ੍ਰਿਸ਼ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਿਵੇਂ ਦੂਰ ਹੇਠਾਂ ਨਦੀਆਂ, ਝੀਲਾਂ, ਪਹਾੜਾਂ, ਬਾਗ਼ਾਂ, ਘਰਾਂ ਆਦਿ ਦਾ ਸਾਮੂਹਕ ਦ੍ਰਿਸ਼ ਕਿਸੇ ਨਕਸ਼ੇ ਦੀ ਤਰ੍ਹਾਂ ਜਾਂ ਪਤੰਗ ਦੀਆਂ ਡੋਰਾਂ ਦੇ ਪੇਚੇ ਵਾਂਗ ਫੈਲਿਆ ਨਜ਼ਰ ਆਉਂਦਾ ਹੈ।
ਇਸ ਪਹਾੜੀ ਤੱਕ ਜਾਂਦਿਆਂ ਲੱਕੜ ਦੇ ਰਸਤੇ ਜ਼ਰੀਏ ਲਗਭਗ ਪੈਦਲ 1 ਤੋਂ 2 ਘੰਟੇ ਲਗ ਜਾਂਦੇ ਹਨ ਪਰ ਨੌਜਵਾਨ ਇਹ ਫ਼ਾਸਲਾ ਜਲਦੀ ਵੀ ਤੈਅ ਕਰ ਲੈਂਦੇ ਹਨ। ਇਹ ਯਾਤਰਾ ਕੇਵਲ ਪੈਦਲ ਹੀ ਹੈ। ਇਨ੍ਹਾਂ ਉਚੀਆਂ ਪਹਾੜੀਆਂ ਉੱਤੇ ਸੱਭ ਤੋਂ ਪਹਿਲਾਂ ਸਾਨਸਨ ਨਾਂ ਦਾ ਵਿਅਕਤੀ 1896 ਵਿਚ ਚੜਿ੍ਹਆ ਸੀ। ਬੈਂਫ਼ ਵਿਖੇ ਬੋ-ਵੈਲੀ ਦੇ ਦ੍ਰਿਸ਼ ਮਨਮੋਹਣੇ ਹਨ। ਇਥੋਂ ਦੀ ਮਸ਼ਹੂਰ ਥਾਂ ਹੈ ਨੈਸ਼ਨਲ ਪਾਰਕ। ਇਸ ਪਾਰਕ ਤੋਂ ਇਲਾਵਾ ਅਨੇਕਾਂ ਹੋਰ ਕਈ ਪ੍ਰਸਿੱਧ ਦਿਲਕਸ਼ ਪਾਰਕ ਹਨ। ਸੁੰਦਰ ਬੈਂਫ਼ ਸ਼ਹਿਰ ਨੂੰ ‘ਨੈਸ਼ਨਲ ਇਤਿਹਾਸਕ’ ਸਥਾਨ ਦਾ ਦਰਜਾ ਦਿਤਾ ਗਿਆ ਹੈ। ਬੈਂਫ ’ਚ ਕਈ ਉਦਯੋਗ ਹਨ। ਕਈ ਤਰ੍ਹਾਂ ਦੀਆਂ ਖਾਣਾਂ ਅਤੇ ਹੋਰ ਵਪਾਰਕ ਕੰਮ ਹੁੰਦੇ ਹਨ। ਬੈਂਫ਼ ਦੀਆਂ ਦੂਰ ਛੇ ਪਹਾੜੀਆਂ ਦੇ ਆਲੌਕਿਕ ਦ੍ਰਿਸ਼ ਵੇਖਣ ਵਾਲੇ ਹਨ। ਇਹ ਛੇ ਪਹਾੜੀਆਂ ਤਿਕੋਣੀ, ਤੇਜ਼ ਨੁਕੀਲੀਆਂ ਪਹਾੜੀ ਬਰਫ਼ ਨਾਲ ਢੱਕੀਆਂ ਜੰਨਤ ਦਾ ਮੁਹਾਂਦਰਾ ਪੇਸ਼ ਕਰਦੀਆਂ ਹਨ। ਜੁਲਾਈ-ਅਗਸਤ ਦੇ ਮਹੀਨੇ ਇਥੇ ਸੂਰਜ ਚੜ੍ਹਨ ਤੇ ਡੁੱਬਣ ਦੇ ਸਮੇਂ ਦਾ ਮਨਮੋਹਣਾ ਉਤਸਵ ਹੁੰਦਾ ਹੈ। ਸ਼ਾਮ ਦੇ ਵੇਲੇ ਸੂਰਜ ਛਿਪਣ ਦੇ ਮੌਕੇ ਨਜ਼ਾਰਾ ਆਲੌਕਿਕ ਅੰਦਾਜ਼ ਪੇਸ਼ ਕਰਦਾ ਹੈ। ਪਹਾੜਾਂ ਪਿੱਛੋਂ ਨਿਕਲਦਾ ਸੂਰਜ ਜਿਵੇਂ ਕੋਈ ਕੁਦਰਤੀ ਦੇਵਤਾ ਦਾ ਜਨਮ ਹੋ ਰਿਹਾ ਹੋਵੇ, ਪ੍ਰਤੀਤ ਹੁੰਦਾ ਹੈ। ਇਸ ਇਲਾਕੇ ’ਚ ਮੱਛੀ ਪਾਲਣ ਅਤੇ ਖੇਤੀ-ਵਪਾਰਕ ਉਦਯੋਗ ਹਨ। ਕੁਲ ਮਿਲਾ ਕੇ ਕੁਦਰਤ ਅਤੇ ਵਿਗਿਆਨ ਦਾ ਸੁੰਦਰ, ਅਦਭੁਤ ਸੁਮੇਲ ਹੈ ਬੈਂਫ ਗੰਡੋਲਾ।
ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ.: 98156-25409
ਐਡਮਿੰਟਨ, ਕਨੇਡਾ : 780-807-6007
ਬਲਵਿੰਦਰ ‘ਬਾਲਮ’