ਜਿੰਦ ਮਾਹੀ ਚੱਲ ਚਲੀਏ ਕੈਨੇਡਾ- ਝੀਲਾਂ ਦਾ ਸ਼ਹਿਰ ਕੈਲਗਰੀ
Published : Oct 18, 2020, 10:46 am IST
Updated : Oct 18, 2020, 10:46 am IST
SHARE ARTICLE
 lakes
lakes

ਕੈਲਗਰੀ ਸ਼ਹਿਰ ਦੀ ਜਨਸੰਖਿਆ ਸਾਲ 2011 ਵਿਚ ਜਾਰੀ ਅੰਕੜਿਆਂ ਅਨੁਸਾਰ 10,95,404 ਸੀ ਤੇ ਹੁਣ ਇਸ ਵਿਚ ਕਾਫ਼ੀ ਵਾਧਾ ਹੋਇਆ ਹੈ।

ਪੰਜਾਬੀਆਂ ਦੇ ਸੁਪਨਿਆਂ ਦੀ ਨਗਰੀ ਹੈ ਕੈਨੇਡਾ ਦਾ ਪ੍ਰਸਿੱਧ ਸ਼ਹਿਰ ਕੈਲਗਰੀ। ਇਹ ਸ਼ਹਿਰ ਕੈਨੇਡਾ ਦੇ ਸੂਬੇ ਅਲਬਰਟਾ ਵਿਚ ਸਥਿਤ ਹੈ। ਆਰਥਕ ਪੱਖੋਂ ਅਤੇ ਸੈਰ ਸਪਾਟੇ ਦੇ ਪੱਖ ਤੋਂ ਕੈਲਗਰੀ ਬਹੁਤ ਹੀ ਵਧੀਆ ਸ਼ਹਿਰ ਹੈ। ਕੈਲਗਰੀ ਦੀ ਜਨਸੰਖਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦਾ ਕਾਰਨ ਇਹ ਹੈ ਕਿ ਕੈਨੇਡਾ ਦੇ ਦੂਜੇ ਸੂਬਆਂ ਵਿਚ ਵਸੇ ਪਰਵਾਸੀ, ਖ਼ਾਸ ਕਰ ਕੇ ਪੰਜਾਬੀ ਵੀ ਹੁਣ  ਕੈਲਗਰੀ ਵਿਚ ਰੈਣ ਬਸੇਰਾ ਕਰ ਰਹੇ ਹਨ। ਇਹ ਹੀ ਕਾਰਨ ਹੈ ਕਿ ਕੈਲਗਰੀ ਦੀਆਂ ਸੜਕਾਂ, ਝੀਲਾਂ ਅਤੇ ਪਾਰਕਾਂ ਵਿਚ ਪੰਜਾਬੀ ਆਮ ਹੀ ਘੁੰਮਦੇ ਨਜ਼ਰ ਆ ਜਾਂਦੇ ਹਨ।

calgary

ਕੈਲਗਰੀ ਅਲਬਰਟਾ ਪ੍ਰਾਂਤ ਦੀ ਰਾਜਧਾਨੀ ਐਡਮਿੰਟਨ ਤੋਂ ਬਾਅਦ ਦੂਜਾ ਵੱਡਾ ਤੇ ਸੋਹਣਾ ਸ਼ਹਿਰ ਹੈ, ਜੋ ਹਰ ਇਕ ਦਾ ਮਨ ਮੋਹ ਲੈਂਦਾ ਹੈ। ਇਹ ਸ਼ਹਿਰ ਐਲਬਰਟਾ ਸੂਬੇ ਦੇ ਦੱਖਣ ਵਿਚ ਪਹਾੜਾਂ ਦੀਆਂ ਜੜਾਂ ਅਤੇ ਘਾਹ ਦੇ ਮੈਦਾਨਾਂ ਵਿਚ ਸਥਿਤ ਹੈ। ਕੈਨੇਡਾ ਦਾ ਪ੍ਰਸਿੱਧ 'ਬੋ' ਦਰਿਆ ਇਸ ਸ਼ਹਿਰ ਨਾਲ ਖਹਿ ਕੇ ਲੰਘਦਾ ਹੈ। ਕੈਲਗਰੀ ਸ਼ਹਿਰ ਦੀ ਜਨਸੰਖਿਆ ਸਾਲ 2011 ਵਿਚ ਜਾਰੀ ਅੰਕੜਿਆਂ ਅਨੁਸਾਰ 10,95,404 ਸੀ ਤੇ ਹੁਣ ਇਸ ਵਿਚ ਕਾਫ਼ੀ ਵਾਧਾ ਹੋਇਆ ਹੈ। ਸਾਲ 2006 ਵਿਚ ਕੈਲਗਰੀ ਦੀ ਜਨਸੰਖਿਆ 9,88,079 ਸੀ। ਪਰਵਾਸੀ ਖ਼ਾਸ ਕਰ ਕੇ ਪੰਜਾਬੀ ਇਸ ਸ਼ਹਿਰ ਵਿਚ ਰਹਿਣਾ ਜ਼ਿਆਦਾ ਪਸੰਦ ਕਰਦੇ ਹਨ।

calgary
 

ਕੈਲਗਰੀ ਸ਼ਹਿਰ ਅਸਲ ਵਿਚ ਚਾਰ ਹਿੱਸਿਆਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਨੂੰ ਨਾਰਥ ਈਸਟ, ਨਾਰਥ ਵੈਸਟ, ਸਾਊਥ ਵੈਸਟ, ਸਾਊਥ ਵੈਸਟ ਕੈਲਗਰੀ ਕਿਹਾ ਜਾਂਦਾ ਹੈ। ਅਸਲ ਵਿਚ ਇਸ ਸ਼ਹਿਰ ਨੂੰ ਕੈਲਗਰੀ ਟਾਊਨ, ਡਾਊਨ ਟਾਊਨ, ਬੋਅ ਰਿਵਰ ਅਤੇ ਸਪੈਕਪੀਡ ਵਿਚ ਵੰਡਿਆ ਗਿਆ ਹੈ। ਕੈਲਗਰੀ ਦੇ ਵਾਈਟ ਹਾਰਨ, ਡਿਸਕਵਰੀ ਰਿਜ, ਬੋਵਨਜ਼, ਸਨੀਸਾਈਡ, ਇਊ ਕਲੇਰ, ਡਾਊਨ ਟਾਊਨ, ਈਸਟ ਵਿਲੇਜ਼, ਬੌਨੀਬਰੁਕ, ਮਿਸ਼ਨ, ਐਲ ਬੋਅ ਪਾਰਕ, ਐਲਬੋਆ, ਰੌਕਸ ਬਰੋ, ਐਂਗਲਵੁੱਡ, ਬੈਸਟਮਾਂਊਂਟ ਅਤੇ ਮੋਨਟਗੋਮਰੀ ਦੇ ਇਲਾਕੇ ਕਾਫ਼ੀ ਪ੍ਰਸਿੱਧ ਹਨ ਪਰ ਇਹ ਸਾਰੇ ਹੀ ਇਲਾਕੇ ਕਈ ਵਾਰ ਹੜ੍ਹਾਂ ਦੀ ਮਾਰ ਹੇਠ ਵੀ ਆ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਪੰਜਾਬੀ ਵੀ ਕਾਫ਼ੀ ਗਿਣਤੀ ਵਿਚ ਰਹਿੰਦੇ ਹਨ।

ਝੀਲ
 

ਕੈਲਗਰੀ ਵਿਚ ਕਾਫ਼ੀ ਪੰਜਾਬੀ ਕੰਪਨੀਆਂ ਤੇ ਫ਼ੈਕਟਰੀਆਂ ਵਿਚ ਵੀ ਕੰਮ ਕਰਦੇ ਹਨ। ਕਈ ਪੰਜਾਬੀਆਂ ਨੇ ਇਥੇ ਅਪਣੇ ਸਟੋਰ ਤੇ ਹੋਰ ਕੰਮ ਵੀ ਖੋਲ੍ਹੇ ਹੋਏ ਹਨ। ਇਥੇ ਰਹਿੰਦੇ ਪੰਜਾਬੀ ਕਾਫ਼ੀ ਮਿਹਨਤ ਕਰ ਰਹੇ ਹਨ, ਪਰ ਕਈ ਪੰਜਾਬੀ ਪਰਵਾਰ ਅਜਿਹੇ ਵੀ ਹਨ, ਜਿਨ੍ਹਾਂ ਦੇ ਕੈਨੇਡਾ ਵਿਚ ਅਜੇ ਚੰਗੀ ਤਰ੍ਹਾਂ ਪੈਰ ਨਹੀਂ ਲੱਗੇ। ਕੈਲਗਰੀ ਵਿਚ ਵਸੇ ਪੰਜਾਬੀ ਜਲੇਬੀਆਂ ਖਾਣ ਦੇ ਬਹੁਤ ਸ਼ੌਕੀਨ ਹਨ ਅਤੇ ਜਲੇਬੀਆਂ ਖਾਣ ਲਈ ਉਹ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹਨ।

ਕੈਲਗਰੀ ਅਸਲ ਵਿਚ ਮੀਨਾਰ ਵਰਗੀਆਂ ਉਚੀਆਂ ਇਮਾਰਤਾਂ ਵਾਲਾ ਸ਼ਹਿਰ ਹੈ। ਕੈਲਗਰੀ ਟਾਵਰ ਬਹੁਤ ਮਸ਼ਹੂਰ ਹੈ ਅਤੇ ਮੀਨਾਰ ਵਰਗੀ ਹੀ ਬਿਲਡਿੰਗ 'ਦੀ ਬੋਅ' ਬਹੁਤ ਦਿਲਕਸ਼ ਹੈ। ਇਸ ਬਿਲਡਿੰਗ ਦੀਆਂ 58 ਮੰਜ਼ਿਲਾਂ ਹਨ ਅਤੇ ਇਹ ਇਮਾਰਤ 2012 ਵਿਚ ਤਿਆਰ ਕੀਤੀ ਗਈ ਸੀ। ਕੈਲਗਰੀ ਟਾਵਰ 1968 ਵਿਚ ਬਣਾਇਆ ਗਿਆ ਸੀ। ਇਸੇ ਤਰ੍ਹਾਂ ਮੀਨਾਰ ਵਰਗੀ ਹੀ ਉੱਚੀ ਬਿਲਡਿੰਗ ਸਨਕੂਰ ਐਨਰਜੀ ਸੈਂਟਰ ਵੈਸਟ ਵੀ ਵੇਖਣਯੋਗ ਹੈ।

ਝੀਲ
 

ਬੈਂਕਰਜ਼ ਹਾਲ ਵੈਸਟ, ਬੈਂਕਰਜ਼ ਹਾਲ ਈਸਟ, ਸੈਂਟਰਾਰਾ ਟਾਵਰ, ਏਥ ਐਵੀਨਿਯੂ ਪੈਲਸ-£, ਟਰਾਂਸ ਕੈਨੇਡਾ ਟਾਵਰ, ਫਸਟ ਕੈਨੇਡੀਅਨ ਸੈਂਟਰ, ਵੈਸਟਰਨ ਕੈਨੇਡੀਅਨ ਪੈਲੇਸ ਵੀ ਵੇਖਣਯੋਗ ਬਿਲਡਿੰਗਾਂ ਹਨ, ਜੋ ਕਿ ਖ਼ੁਬਸੂਰਤ ਹੋਣ ਦੇ ਨਾਲ ਹੀ ਬਹੁਤ ਉੱਚੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਾਰਕ, ਬਿਲਡਿੰਗਾਂ, ਟਾਵਰ ਅਤੇ ਝੀਲਾਂ ਵੇਖਣਯੋਗ ਹਨ। ਸੈਲਾਨੀ ਇਨ੍ਹਾਂ ਥਾਵਾਂ 'ਤੇ ਜਾ ਕੇ ਤਸਵੀਰਾਂ ਲੈਂਦੇ ਹਨ।

ਝੀਲ

ਕੈਲਗਰੀ ਉਹ ਸ਼ਹਿਰ ਹੈ, ਜਿਥੇ ਕਿ ਪੰਜਾਬ ਵਾਂਗ ਹੀ ਬਰਸਾਤ ਦੇ ਮੌਸਮ ਵਿਚ ਕਈ ਵਾਰ ਹੜ੍ਹ ਵੀ ਆ ਜਾਂਦੇ ਹਨ ਅਤੇ ਸਾਰਾ ਸ਼ਹਿਰ ਪਾਣੀ-ਪਾਣੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਸਰਦੀਆਂ ਦੇ ਮੌਸਮ ਵਿਚ ਇਥੇ ਭਾਰੀ ਬਰਫ਼ਬਾਰੀ ਹੁੰਦੀ ਹੈ ਜੋ ਕਿ ਮਨੁੱਖੀ ਜੀਵਨ ਨੂੰ ਕਾਫ਼ੀ ਪ੍ਰਭਾਵਤ ਕਰਦੀ ਹੈ। ਹਰ ਪਾਸੇ ਹੀ ਰੂੰ ਵਾਂਗ ਚਿੱਟੀ ਬਰਫ਼ ਦੀ ਚਾਦਰ ਵਿਛੀ ਵਿਖਾਈ ਦਿੰਦੀ ਹੈ। ਬਰਫ਼ ਇੰਨੀ ਜ਼ਿਆਦਾ ਪੈਂਦੀ ਹੈ ਕਿ ਰੁੱਖ ਵੀ ਬਰਫ਼ ਨਾਲ ਲੱਦੇ ਜਾਂਦੇ ਹਨ। ਬਸੰਤ ਰੁੱਤ ਵਿਚ ਬਹਾਰ ਕੈਲਗਰੀ ਦੇ ਹਰ ਫੁੱਲ, ਪੌਦੇ, ਰੁੱਖ ਉਪਰ ਖੇਡਦੀ ਹੈ ਅਤੇ ਸਿਲ੍ਹੀਆਂ ਸਿਲ੍ਹੀਆਂ ਹਵਾਵਾਂ ਨਾਲ ਸੁਗੰਧੀ ਛਡਦੀ ਪੌਣ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀ ਹੈ। ਕੈਲਗਰੀ ਵਿਖੇ ਸੁਰਜ ਚੜ੍ਹਨ ਅਤੇ ਛਿਪਣ ਦਾ ਵੇਲਾ ਵੇਖਣ ਵਾਲਾ ਹੁੰਦਾ ਹੈ।

ਇਥੇ ਸਰਦੀਆਂ ਦੀ ਰੁੱਤ ਦੌਰਾਨ ਭਾਰੀ ਬਰਫ਼ਬਾਰੀ ਕਾਫ਼ੀ ਕਹਿਰ ਢਾਹੁੰਦੀ ਹੈ। ਬਰਫ਼ਬਾਰੀ ਦੌਰਾਨ ਵੱਡੀ ਗਿਣਤੀ ਲੋਕ ਕੈਲਗਰੀ ਵਿਚਲੇ ਅਪਣੇ ਘਰਾਂ ਅੰਦਰ ਹੀ ਬੰਦ ਰਹਿੰਦੇ ਹਨ। ਸਿਰਫ਼ ਕਿਸੇ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਦੇ ਹਨ। ਇਥੇ ਬਰਫ਼ਬਾਰੀ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚਲਦੀਆਂ ਰਹਿੰਦੀਆਂ ਹਨ, ਜੋ ਕਿ ਧੁਰ ਅੰਦਰ ਤਕ ਕੰਬਣੀ ਛੇੜ ਜਾਂਦੀਆਂ ਹਨ।

ਝੀਲ
 

ਕੁਝ ਸਮਾਂ ਪਹਿਲਾਂ ਕੈਲਗਰੀ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਹੜ੍ਹ ਹੀ ਆ ਗਏ ਸਨ, ਜਿਸ ਕਾਰਨ ਕਰੀਬ 1 ਲੱਖ ਲੋਕ ਬੇਘਰ ਹੋ ਗਏ। ਕੈਲਗਰੀ ਸ਼ਹਿਰ ਦਾ ਦਖਣੀ ਇਲਾਕਾ ਤਾਂ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆ ਗਿਆ ਸੀ। ਡਾਉੂਨ ਟਾਊਨ ਇਲਾਕੇ ਸਮੇਤ ਕੁਲ ਆਬਾਦੀ ਦਾ 11ਵਾਂ ਹਿੱਸਾ ਕਰੀਬ ਇਕ ਲੱਖ  ਲੋਕ ਉਸ ਸਮੇਂ ਕੈਂਪਾਂ ਵਿਚ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਗਏ ਸਨ। ਰੈਡ ਕਰਾਸ, ਗੁਰਦਵਾਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਅਤੇ ਕੌਂਸਲ ਆਫ਼ ਸਿੱਖ ਆਰਗੇਨਾਈਜ਼ੇਸ਼ਨ ਕੈਲਗਰੀ ਨੇ ਉਸ ਸਮੇਂ ਹੜ੍ਹ ਪੀੜਤਾਂ ਦੀ ਕਾਫ਼ੀ ਮਦਦ ਕੀਤੀ ਸੀ। 

ਹੜ੍ਹਾਂ ਦੇ ਖ਼ਤਰੇ ਨੂੰ ਭਾਂਪਦਿਆਂ ਕੈਲਗਰੀ ਦੇ 17 ਇਲਾਕਿਆਂ ਨੂੰ ਰੈੱਡ ਜ਼ੋਨ ਐਲਾਨ ਦਿਤਾ ਗਿਆ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿਤਾ ਗਿਆ ਸੀ। ਡਿਸਕਵਰੀ ਰਿੱਜ, ਬੋਵਨਜ਼, ਸਨੀਸਾਈਡ, ਇਊ ਕਲੇਰ, ਡਾਊਨ ਟਾਊਨ, ਈਸਟ ਵਿਲੇਜ, ਬੌਨੀਬਰੁਕ, ਮਿਸ਼ਨ, ਐਲ ਬੋਅ ਪਾਰਕ, ਐਲਬੋਆ, ਰੌਕਸ ਬਰੋ, ਐਂਗਲਵੁਡ, ਬੈਸਟਮਾਂਊਂਟ ਅਤੇ ਮੋਨਟਗੋਮਰੀ ਦੇ ਇਲਾਕੇ ਅਣ ਸੁਰਖਿਅਤ ਐਲਾਨ ਦਿਤੇ ਗਏ ਸਨ।

ਝੀਲ

ਉਸ ਸਮੇਂ ਲੋਕਾਂ ਨੂੰ ਘਰਾਂ ਵਿਚੋਂ ਨਿਕਲਣ ਸਮੇਂ ਅਪਣੀਆਂ ਜ਼ਰੂਰੀ ਦਵਾਈਆਂ, ਕਪੜੇ, ਜ਼ਰੂਰੀ ਕਾਗ਼ਜ਼ਾਤ, ਹੱਥ ਥੱਲੇ ਕਰ ਲੈਣ ਦੀ ਹਦਾਇਤ ਤੋਂ ਇਲਾਵਾ ਇਹ ਵੀ ਕਹਿ ਦਿਤਾ ਗਿਆ ਸੀ ਕਿ ਜਾਣ ਵੇਲੇ ਜਦੋਂ ਘਰ ਖ਼ਾਲੀ ਹੋ ਜਾਵੇ ਤਾਂ ਬਾਹਰ ਦਰਵਾਜ਼ੇ ਉਪਰ ਕਰਾਸ ਦਾ ਨਿਸ਼ਾਨ (ਐਕਸ) ਲਗਾ ਦੇਣ ਤਾਕਿ ਬਚਾਉ ਅਮਲੇ ਨੂੰ ਪਤਾ ਲੱਗ ਸਕੇ ਕਿ  ਘਰ ਵਿਚ ਕੋਈ ਨਹੀਂ। ਉਸ ਸਮੇਂ ਕੈਲਗਰੀ ਵਿਚ ਇਹ ਵੀ ਗੱਲ ਵੇਖਣ ਵਿਚ ਆਈ ਕਿ ਜਿਹੜੇ ਲੋਕਾਂ ਨੂੰ ਹੜ੍ਹਾਂ ਦਾ ਪਹਿਲਾਂ ਵੀ ਤਜਰਬਾ ਹੋ ਚੁਕਿਆ ਸੀ, ਉਹ ਅਪਣੇ ਘਰਾਂ ਨੂੰ ਖ਼ਾਲੀ ਕਰ ਕੇ ਨਹੀਂ ਗਏ ਅਤੇ ਸਥਿਤੀ ਦਾ ਪੁਰੀ ਤਰ੍ਹਾਂ ਮੁਕਾਬਲਾ ਕੀਤਾ।

ਝੀਲ

ਕੈਲਗਰੀ ਤੋਂ ਐਡਮਿੰਟਨ ਤਕ ਲੋਕ ਆਮ ਹੀ ਕਾਰਾਂ 'ਤੇ ਜਾਂਦੇ ਹਨ। ਕੈਲਗਰੀ ਤੋਂ ਲੈ ਕੇ ਐਡਮਿੰਟਨ ਤਕ ਦਾ ਰਸਤਾ ਆਲੇ ਦੁਆਲੇ ਪਧਰੇ ਖੇਤਾਂ ਨਾਲ ਭਰਿਆ ਹੋਇਆ ਹੈ। ਖੇਤਾਂ ਵਿਚ ਕੁਦਰਤ ਨਚਦੀ ਹੈ ਤੇ ਹਰ ਪਾਸੇ ਹਰਿਆਲੀ ਵਿਖਾਈ ਦਿੰਦੀ ਹੈ। ਨੀਲੇ ਅਸਮਾਨ ਹੇਠ ਦੂਰ ਦਿਸਹਦਿਆਂ ਤਕ ਹਰਿਆਵਲ ਹੀ ਪਸਰੀ ਹੋਈ ਹੈ ਅਤੇ ਰੁੱਖ ਹਲਕੀ ਹਵਾ ਵਿਚ ਹੀ ਝੂਮਦੇ ਨਜ਼ਰ ਆਉਂਦੇ ਹਨ। ਖੇਤਾਂ ਵਿਚ ਚੜ੍ਹਦੇ ਸੂਰਜ ਦੀ ਲਾਲੀ ਅਤੇ ਸੂਹੀ ਸਵੇਰ ਦੇ ਨਾਲ ਹੀ ਡੁਬਦੇ ਸੂਰਜ ਦੀ ਲਾਲੀ ਵੀ ਵੇਖਣ ਵਾਲੀ ਹੁੰਦੀ ਹੈ। ਸੂਰਜ ਜਿਥੇ ਚੜ੍ਹਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਹੀ ਲਾਲੀ ਬਿਖੇਰ ਕੇ ਅਪਣੇ ਆਉਣ ਦੀ ਸੂਚਨਾ ਦਿੰਦਾ ਹੈ ਉਥੇ ਹੀ ਡੁਬਦੇ ਸਮੇਂ ਵੀ ਲਾਲੀ ਅਸਮਾਨ ਵਿਚ ਪਸਰ ਜਾਂਦੀ ਹੈ, ਜੋ ਕਿ ਬੜਾ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਹੈ। ਅਜਿਹੇ ਸਮੇਂ  ਖੇਤਾਂ ਵਿਚ ਬਹਾਰ ਪੈਲਾਂ ਪਾਉਣ ਲਗਦੀ ਹੈ।

ਝੀਲ
 

ਕੈਲਗਰੀ ਨੂੰ ਝੀਲਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇਕੱਲੇ ਕੈਲਗਰੀ ਸ਼ਹਿਰ ਵਿਚ ਹੀ 91 ਝੀਲਾਂ ਹਨ। ਕੈਲਗਰੀ ਅਸਲ ਵਿਚ ਕਾਫ਼ੀ ਖੁਲ੍ਹਾ ਡੁਲ੍ਹਾ ਸ਼ਹਿਰ ਹੈ ਅਤੇ ਦੂਰ ਤਕ ਫੈਲਿਆ ਹੋਇਆ ਹੈ। ਇਸ ਸ਼ਹਿਰ ਵਿਚ ਹਰੇ ਘਾਹ ਵਾਲੇ ਬਹੁਤ ਵੱਡੇ ਮੈਦਾਨ ਹਨ। ਕੈਲਗਰੀ ਵਿਚ ਮੈਪਲ ਦੇ ਬਹੁਤ ਸਾਰੇ ਰੁੱਖ ਹਨ। ਅਸਲ ਵਿਚ ਮੈਪਲ ਕੈਨੇਡਾ ਦਾ ਹੀ ਰਾਸ਼ਟਰੀ ਦਰਖ਼ਤ ਹੈ। ਕੈਨੇਡਾ ਦੇ ਲੋਕਾਂ ਦਾ ਪਿਆਰ ਮੈਪਲ ਨਾਲ ਇਥੋਂ ਤਕ ਹੈ ਕਿ ਮੈਪਲ ਰੁੱਖ ਦੇ ਪੱਤੇ ਨੂੰ ਜੋ ਕਿ ਤਿੰਨ ਨੋਕਾਂ ਵਾਲਾ ਹੁੰਦਾ ਹੈ, ਕੈਨੇਡਾ ਦੇ ਝੰਡੇ ਵਿਚ ਦਰਸਾਇਆ ਗਿਆ ਹੈ।  

ਝੀਲ

ਡਾਊਨ ਟਾਊਨ ਇਲਾਕੇ ਵਿਚ ਲੱਖਾਂ ਰੁੱਖ ਲੱਗੇ ਹੋਏ ਹਨ ਜੋ ਕਿ ਚਿੜੀਆ ਘਰ ਦੇ ਨੇੜੇ ਦਰਿਆ ਕਿਨਾਰੇ ਉਚੇ ਥਾਂ ਵੇਖਣ ਤੋਂ ਬਹੁਤ ਸੋਹਣੇ ਲਗਦੇ ਹਨ। ਕੈਲਗਰੀ ਦੇ ਨੇੜੇ ਹੀ ਵਸਿਆ ਹੋਇਆ ਹੈ ਸ਼ਹਿਰ ਥ੍ਰੀ ਹਿਲਜ਼। ਕੈਲਗਰੀ ਘੁੰਮਣ ਆਏ ਸੈਲਾਨੀ ਥ੍ਰੀ ਹਿਲਜ਼ ਵਿਚ ਵੀ ਜ਼ਰੂਰ ਜਾਂਦੇ ਹਨ। ਕੈਲਗਰੀ ਦਾ ਸਾਰਾ  ਇਲਾਕਾ ਹੀ ਸੈਲਾਨੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ।

(ਜਗਮੋਹਨ ਸਿੰਘ ਲੱਕੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM
Advertisement