ਆਉ ਇਸ ਦੀ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ਬਾਰੇ ਜਾਣਦੇ ਹਾਂ।
7 ਅਗੱਸਤ 1972 ਨੂੰ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਜ਼ਿਲ੍ਹਾ ਬਣਾਇਆ ਗਿਆ ਸੀ ਤੇ ਇਸ ਨੂੰ ਬਣੇ ਹੋਏ ਅੱਜ 50 ਸਾਲ ਹੋ ਗਏ ਹਨ। ਇਸ ਲਈ ਅੱਜ ਅਸੀਂ ਫ਼ਰੀਦਕੋਟ ਜ਼ਿਲ੍ਹੇ ਦੀ ਗੋਲਡਨ ਜੁਬਲੀ ਵਰੇ੍ਹਗੰਢ ਮਨਾ ਰਹੇ ਹਾਂ। ਇਹ ਜ਼ਿਲ੍ਹਾ ਪਹਿਲਾਂ ਬਹੁਤ ਵੱਡਾ ਸੀ ਪਰ ਨਵੰਬਰ 1995 ਵਿਚ ਫ਼ਰੀਦਕੋਟ ਜ਼ਿਲ੍ਹੇ ਵਿਚੋਂ ਮੋਗਾ ਤੇ ਸ਼੍ਰੀ ਮੁਕਤਸਰ ਸਾਹਿਬ ਅਲੱਗ ਨਵੇਂ ਜ਼ਿਲੇ੍ਹ ਬਣਾ ਦਿਤੇ ਗਏ ਜਿਸ ਕਾਰਨ ਫ਼ਰੀਦਕੋਟ ਜ਼ਿਲੇ੍ਹ ਦਾ ਖੇਤਰ ਕਾਫ਼ੀ ਘੱਟ ਗਿਆ। ਇਸ ਦਾ ਕੁੱਲ ਖੇਤਰਫਲ 1475.70 ਵਰਗ ਕਿਲੋਮੀਟਰ ਹੈ। ਇਸ ਜ਼ਿਲੇ੍ਹ ’ਚ ਇਕ ਲੋਕ ਸਭਾ ਸੀਟ ਅਤੇ ਕੁੱਲ ਤਿੰਨ ਅਸੈਂਬਲੀ ਸੀਟਾਂ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਹਨ। ਫ਼ਰੀਦਕੋਟ ਦੇ ਕੁਲ 181 ਪਿੰਡ ਅਤੇ 3 ਨਗਰ ਕੌਂਸਲਾਂ ਹਨ। ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸ ਵੀ ਬਣੀ ਹੋਈ ਹੈ ਜਿਥੇ ਡਾਕਟਰੀ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਸਿਖਿਆ ਦੇ ਖੇਤਰ ਪੱਖੋਂ ਫ਼ਰੀਦਕੋਟ ਹੁਣ ਕਾਫ਼ੀ ਤਰੱਕੀ ਕਰ ਚੁੱਕਾ ਹੈ। ਆਉ ਇਸ ਦੀ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ਬਾਰੇ ਜਾਣਦੇ ਹਾਂ।
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿਚ ਹੈ। 12ਵੀਂ ਸਦੀ ਤਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਉਸ ਸਮੇਂ ਰਾਜਾ ਮੋਕਲਦੇਵ ਇਥੋਂ ਦਾ ਸ਼ਾਸਕ ਸੀ ਤੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਮ ਫ਼ਰੀਦਕੋਟ ਰਖਿਆ। ਫ਼ਰੀਦਕੋਟ 16ਵੀਂ ਸਦੀ ਤਕ ਅਨੇਕਾਂ ਲੋਕਾਂ ਦੇ ਹੱਥਾਂ ਵਿਚ ਰਿਹਾ। ਅੰਤ ਵਿਚ ਇਸ ’ਤੇ ਬਰਾੜ ਵੰਸ਼ ਦਾ ਕਬਜ਼ਾ ਹੋ ਗਿਆ। ਕਾਫ਼ੀ ਸਮਾਂ ਬਰਾੜ ਚੌਧਰੀਆਂ ਦਾ ਇਲਾਕੇ ’ਤੇ ਕਬਜ਼ਾ ਰਿਹਾ।
ਦੁਨੀਆਂ ਭਰ ’ਚ ਅਪਣੀ ਵਿਲੱਖਣ ਪਛਾਣ ਵਾਲੀ ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਢੇ ’ਤੇ ਸਥਾਪਤ ਕੀਤੀ ਗਈ ਸੀ ਅਤੇ ਇਹ ਲਾਹੌਰ ਤੋਂ 105 ਕਿਲੋਮੀਟਰ ਦੂਰ ਹੈ। ਮੁਗ਼ਲ ਰਾਜ-ਭਾਗ ਦੀ ਸਮਾਪਤੀ ਤੋਂ ਬਾਅਦ ਇਸ ਉਪਰ ਬਰਾੜ ਵੰਸ਼ ਦੇ ਰਾਜਾ ਪਹਾੜਾ ਸਿੰਘ ਦਾ ਕਬਜ਼ਾ ਹੋ ਗਿਆ। 1849 ਵਿਚ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 21 ਸਾਲਾ ਪੁੱਤਰ ਵਜ਼ੀਰ ਸਿੰਘ (1849-1874) ਇਸ ਰਿਆਸਤ ਦੇ ਰਾਜਾ ਰਹੇ। ਵਜ਼ੀਰ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਬਿਕਰਮ ਸਿੰਘ ਨੂੰ (1874-1898) ਫ਼ਰੀਦਕੋਟ ਸਿੱਖ ਰਿਆਸਤ ’ਤੇ ਰਾਜਭਾਗ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਬਿਕਰਮ ਸਿੰਘ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਦੇ ਲੰਗਰ ਲਈ ਇਮਾਰਤ ਦਾ ਨਿਰਮਾਣ ਕਰਵਾਇਆ ਤੇ ਦਰਬਾਰ ਸਾਹਿਬ ਵਿਚ ਬਿਜਲੀ ਲਈ 25 ਹਜ਼ਾਰ ਰੁਪਏ ਖ਼ਰਚ ਕੀਤੇ।
ਬਿਕਰਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ (1898-1906) ਫ਼ਰੀਦਕੋਟ ਦੇ ਸ਼ਕਤੀਸ਼ਾਲੀ ਸ਼ਾਸਕ ਵਜੋਂ ਉਭਰੇ। ਸੰਨ 1906 ਤੋਂ 1916 ਤਕ ਫ਼ਰੀਦਕੋਟ ਰਿਆਸਤ ’ਚ ਕੌਂਸਲ ਆਫ਼ ਰੀਜੰਸੀ ਦਾ ਕਬਜ਼ਾ ਰਿਹਾ। 1916 ’ਚ ਮਹਾਰਾਜਾ ਬਿ੍ਰਜਿੰਦਰ ਸਿੰਘ ਨੇ ਫ਼ਰੀਦਕੋਟ ਦਾ ਕਾਰਜ ਭਾਗ ਸੰਭਾਲਿਆ। ਉਨ੍ਹਾਂ ਫ਼ਰੀਦਕੋਟ ਰਿਆਸਤ ’ਚ ਆਲੀਸ਼ਾਨ ਇਮਾਰਤਾਂ ਤੇ ਬਾਗ਼ਾਂ ਦਾ ਨਿਰਮਾਣ ਕਰਵਾਇਆ। ਇਸ ਮੌਕੇ ਪਹਿਲਾ ਵਿਸ਼ਵ ਯੁੱਧ ਛਿੜ ਚੁੱਕਾ ਸੀ ਅਤੇ ਮਹਾਰਾਜਾ ਬਿ੍ਰਜਿੰਦਰ ਸਿੰਘ ਨੇ ਬਿ੍ਰਟਿਸ਼ ਸਰਕਾਰ ਨੂੰ 17 ਲੱਖ ਰੁਪਏ ਕਰਜ਼ੇ ਵਜੋਂ ਦਿਤੇ ਤੇ ਬਿ੍ਰਟਿਸ਼ ਸਰਕਾਰ ਨੂੰ ਹਥਿਆਰ, ਘੋੜੇ, ਊਠ ਅਤੇ 2800 ਦੇ ਕਰੀਬ ਫ਼ੌਜੀ ਜਵਾਨ ਵੀ ਭੇਜੇ ਜਿਸ ਤੋਂ ਉਨ੍ਹਾਂ ਦੇ ਬਿ੍ਰਟਿਸ਼ ਸਰਕਾਰ ਨਾਲ ਸਬੰਧ ਹੋਰ ਵੀ ਗੂੜ੍ਹੇ ਹੋ ਗਏ। ਮਹਾਰਾਜਾ ਬਿ੍ਰਜਿੰਦਰ ਸਿੰਘ ਦੀ ਇਸ ਸਹਾਇਤਾ ਤੋਂ ਖ਼ੁਸ਼ ਹੋ ਕੇ ਬਿ੍ਰਟਿਸ਼ ਸਰਕਾਰ ਨੇ ਸਨਮਾਨ ਵਜੋਂ ਉਸ ਨੂੰ ਮੇਜਰ ਰੈਂਕ ਦੀ ਉਪਾਧੀ ਦੇ ਦਿਤੀ। ਪਰੰਤੂ ਉਹ ਬਹੁਤਾ ਸਮਾਂ ਰਾਜ ਭਾਗ ਨਾ ਕਰ ਸਕੇ ਅਤੇ 1918 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੰਨ 1918-1934 ਤਕ ਫ਼ਰੀਦਕੋਟ ਰਿਆਸਤ ਵਿਚ ਕੌਂਸਲ ਆਫ਼ ਐਡਮਨਿਸਟ੍ਰੇਸ਼ਨ ਦਾ ਕੰਮ ਚਲਾਊ ਪ੍ਰਬੰਧ ਰਿਹਾ। (ਚਲਦਾ)