ਇਕ ਅਜਿਹੀ ਰੇਲ ਜਿਸ ਵਿਚ ਨਹੀਂ ਲਗਦੀ ਕੋਈ ਟਿਕਟ, ਜਾਣੋ ਰੇਲ ਸਬੰਧੀ ਰੁਮਾਂਚਕ ਜਾਣਕਾਰੀ
Published : Jun 6, 2023, 8:05 am IST
Updated : Jun 6, 2023, 8:05 am IST
SHARE ARTICLE
No Ticket Required To Travel On This Train
No Ticket Required To Travel On This Train

ਪੰਜਾਬ ’ਚ ਨੰਗਲ ਤੇ ਹਿਮਾਚਲ ਪ੍ਰਦੇਸ਼ ’ਚ ਭਾਖੜਾ ਡੈਮ ਵਿਚਾਲੇ ਚੱਲਣ ਵਾਲੀ ਇਕ ਵੱਖਰੀ ਕਿਸਮ ਦੀ ਅਨੋਖੀ ਰੇਲ ਗੱਡੀ ਹੈ

 

ਨੰਗਲ (ਕੁਲਵਿੰਦਰ ਭਾਟੀਆ) : ਪੂਰੇ ਏਸ਼ੀਆ ਵਿਚ ਇਕ ਅਜਿਹੀ ਰੇਲ ਹੈ ਜਿਸ ਵਿਚ ਤੁਸੀਂ ਬਿਨਾਂ ਕੋਈ ਪੈਸੇ ਖ਼ਰਚੇ ਮੁਫ਼ਤ ਵਿਚ ਸਫ਼ਰ ਕਰ ਸਕਦੇ ਹੋ, ਜਿਸ ਵਿਚ ਨਾ ਕੋਈ ਟਿਕਟ ਲਗਦੀ ਹੈ ਨਾ ਕੋਈ ਭਿਖਾਰੀ ਤੇ ਨਾ ਹੀ ਕੋਈ ਟਿਕਟ ਚੈੱਕ ਕਰਨ ਵਾਲਾ ਚੈੱਕਰ ਹੁੰਦਾ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ ਵਲੋਂ ਅਪਣੇ ਮੁਲਾਜ਼ਮਾਂ ਲਈ ਚਲਾਈ ਜਾਂਦੀ ਇਸ ਰੇਲ ਦੁਆਰਾ ਤੁਸੀਂ 27 ਕਿਲੋਮੀਟਰ ਦੇ ਸਫ਼ਰ ਵਿਚ ਸ਼ਿਵਾਲਿਕ ਦੀਆਂ ਖੂਬਸੂਰਤ ਪਹਾੜੀਆਂ ਦੇ ਨਾਲ-ਨਾਲ ਸਤਲੁਜ ਦਰਿਆ ਤੇ ਇਕ ਮਨਮੋਹਕ ਸਤਲੁਜ ਦਰਿਆ ਦੇ ਕੰਢੇ ’ਤੇ ਬਣੀ ਸੁਰੰਗ ਵਿਚੋਂ ਜਦੋਂ ਇਹ ਰੇਲ ਨਿਕਲਦੀ ਹੈ ਤਾਂ ਲੋਕਾਂ ਨੂੰ ਅਜਬ ਨਜ਼ਾਰ ਵੇਖਣ ਨੂੰ ਮਿਲਦਾ ਹੈ।

ਦਸਣਾ ਬਣਦਾ ਹੈ ਕਿ ਪੰਜਾਬ ’ਚ ਨੰਗਲ ਤੇ ਹਿਮਾਚਲ ਪ੍ਰਦੇਸ਼ ’ਚ ਭਾਖੜਾ ਡੈਮ ਵਿਚਾਲੇ ਚੱਲਣ ਵਾਲੀ ਇਕ ਵੱਖਰੀ ਕਿਸਮ ਦੀ ਅਨੋਖੀ ਰੇਲ ਗੱਡੀ ਹੈ, ਜਿਸ ’ਚ ਯਾਤਰਾ ਕਰਨ ਦੀ ਕੋਈ ਟਿਕਟ ਨਹੀਂ ਲਗਦੀ। ਆਮ ਰੇਲਾਂ ਤੋਂ ਬਿਲਕੁਲ ਵੱਖਰੀ ਇਸ ਗੱਡੀ ’ਚ ਤੁਹਾਨੂੰ ਕੋਈ ਮੰਗਤਾ/ਹਾਕਰ/ਟਿਕਟ ਚੈੱਕ ਕਰਨ ਵਾਲਾ ਨਹੀਂ ਮਿਲੇਗਾ। ਭਾਖੜਾ ਡੈਮ ਦਾ ਨਿਰਮਾਣ 1948 ਤੋਂ 1963 ਤਕ ਚਲਿਆ ਸੀ। ਭਾਖੜਾ ਡੈਮ ਦੇ ਨਿਰਮਾਣ ਸਮੇਂ ਇਸ ਰੇਲ ਨੂੰ ਮਜ਼ਦੂਰਾਂ ਤੇ ਸਾਮਾਨ ਦੀ ਢੁਆਈ ਲਈ ਸ਼ੁਰੂ ਕੀਤਾ ਗਿਆ ਸੀ। ਭਾਖੜਾ ਡੈਮ ਦੀ ਉਸਾਰੀ ਇੰਜੀਨੀਅਰ ਐਮ.ਐਚ. ਸਲੋਕਮ ਦੀ ਅਗਵਾਈ ਹੇਠ ਹੋਈ, ਜਿਸ ’ਚ 30 ਵਿਦੇਸ਼ੀ ਮਾਹਰਾਂ/300 ਭਾਰਤੀ ਇੰਜੀਨੀਅਰਾਂ/13000 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ। ਅੱਜ-ਕਲ ਭਾਖੜਾ ਡੈਮ ’ਚ ਕੰਮ ਕਰਦੇ ਸਰਕਾਰੀ ਮੁਲਾਜ਼ਮ/ਸੈਲਾਨੀ/ ਰਾਹ ’ਚ ਪੈਂਦੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਲਈ ਇਹ ਰੇਲ ਇਕ ਵਰਦਾਨ ਦਾ ਕੰਮ ਕਰਦੀ ਹੈ।

ਇਨ੍ਹਾਂ ਪਿੰਡਾਂ ਦੇ ਲੋਕ ਬਿਨਾਂ ਪੈਸੇ ਖ਼ਰਚਿਆਂ ਯਾਤਰਾ ਹੀ ਨਹੀਂ ਕਰਦੇ ਸਗੋਂ ਅਪਣੇ ਸਮਾਨ ਦੀ ਢੁਆਈ ਲਈ ਵੀ ਇਸੇ ਰੇਲ ’ਤੇ ਨਿਰਭਰ ਹਨ। ਇਹ ਰੇਲ ਨੰਗਲ ਤੋਂ ਸਵੇਰੇ 7.05 ਵਜੇ ਅਤੇ ਦੂਸਰੇ ਸਮੇਂ ਦੁਪਹਿਰ 3.05 ਵਜੇ ਭਾਖੜਾ ਡੈਮ ਲਈ ਚਲਦੀ ਹੈ। ਸਵੇਰੇ ਚੱਲਣ ਵਾਲੀ ਰੇਲ ਗੱਡੀ ਦੋ ਘੰਟੇ ਬਾਅਦ ਸਵੇਰੇ 9 ਵਜੇ ਅਤੇ ਦੁਪਹਿਰ ਨੂੰ ਚੱਲਣ ਵਾਲੀ ਰੇਲ ਸ਼ਾਮ 5 ਵਜੇ ਨੰਗਲ ਵਾਪਸ ਆ ਜਾਂਦੀ ਹੈ। ਰਸਤੇ ’ਚ ਇਹ ਗੱਡੀ ਪੰਜ ਥਾਵਾਂ ’ਤੇ ਅਪਣੇ ਕਰਮਚਾਰੀਆਂ ਤੇ ਪਿੰਡਾਂ ਦੇ ਲੋਕਾਂ ਲਈ ਰੁਕਦੀ ਹੈ ਜਿਨ੍ਹਾਂ ਵਿਚ ਸੱਭ ਤੋਂ ਪਹਿਲਾਂ ਲੇਬਰ ਹੱਟਸ, ਦੁਬੇਟਾ, ਬਰਮਲਾ, ਨੈਂਹਲਾ ਤੇ ਉਲੀਂਡਾ ਸਟੇਸ਼ਨ ਆਉਂਦੇ ਹਨ। ਬਰਮਲਾ, ਪੰਜਾਬ-ਹਿਮਾਚਲ ਸਰਹੱਦ ’ਤੇ ਸਥਿਤ ਹੈ ਤੇ ਪੰਜਾਬ ਦਾ ਪਿੰਡ ਹੈ ਜਦਕਿ ਨੈਹਲਾ ਤੇ ਉਲੀਂਡਾ ਪਿੰਡ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ’ਚ ਪੈਂਦਾ ਹੈ। ਇਸ ਰੇਲ ਦਾ ਸੰਚਾਲਨ ਭਾਖੜਾ ਬਿਆਸ ਪ੍ਰਬੰਧ ਬੋਰਡ ਕਰਦਾ ਹੈ।

ਬੇਸ਼ੱਕ ਇਸ ਰੇਲ ਗੱਡੀ ’ਚ ਕੋਈ ਚੈੱਕਰ ਨਹੀਂ ਹੁੰਦਾ ਪਰ ਫਿਰ ਵੀ ਭਾਖੜਾ ਡੈਮ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦੇ ਹੋਏਆ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਇਸ ’ਚ ਕੋਈ ਸਮਾਜ ਵਿਰੋਧੀ ਅਨਸਰ ਦਾਖ਼ਲ ਨਾ ਹੋਵੇ। ਪ੍ਰਾਜੈਕਟ ਸੁਰੱਖਿਆ ਅਮਲੇ ਦੇ ਇਕ-ਦੋ ਜਵਾਨ ਹਰ ਰੋਜ਼ ਇਸ ਰੇਲ ਵਿਚ ਜਾਂਦੇ ਹਨ। ਉਸ ਵੇਲੇ ਇਸ ਰੇਲ ਗੱਡੀ ’ਚ ਸਫ਼ਰ ਕਰਨਾ ਹੋਰ ਵੀ ਦਿਲਚਸਪ ਹੋ ਜਾਂਦਾ ਹੈ ਜਦੋਂ ਇਹ ਨੈਲਾ ਸਥਿਤ ਅੱਧਾ ਕਿ.ਮੀ. ਲੰਬੀ ਸੁਰੰਗ ’ਚੋਂ ਗੁਜ਼ਰਦੀ ਹੈ। ਇਹ ਰੇਲ ਕਦੇ ਵੀ ਭਿਆਨਕ ਦੁਰਘਟਨਾ ਦਾ ਸ਼ਿਕਾਰ ਨਹੀਂ ਹੋਈ ਤੇ ਨਾ ਹੀ ਇਹ ਰੇਲ ਕਦੀ ਰੁਕੀ ਹੈ ਜਦੋਂ ਤੋਂ ਇਸ ਰੇਲ ਨੂੰ ਸ਼ੁਰੂ ਕੀਤਾ ਗਿਆ ਹੈ ਉਸ ਵੇਲੇ ਤੋਂ ਲੈ ਕੇ ਹੁਣ ਤਕ ਲਗਾਤਾਰ ਚਲਦੀ ਆ ਰਹੀ ਹੈ। ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਇਸ ਨੂੰ ਵਿਦਿਆਰਥੀਆਂ ਨੇ ਬਿਨਾਂ ਨੁਕਸਾਨ ਪਹੰੁਚਾਏ ਰੋਕਿਆ ਸੀ।

ਰੇਲ ਇੰਜਣ ਚਲ ਤਾਂ ਰਹੇ ਹਨ ਪਰ ਸਮੇਂ ਦੀ ਮੰਗ ਹੈ ਕਿ ਇਸ ਰੇਲ ਨੈੱਟਵਰਕ ਦਾ ਵੀ ਨਵੀਨੀਕਰਨ ਹੋਵੇ। ਰੇਲ ਟਰੈਕ ਵੀ ਧਿਆਨ ਮੰਗਦਾ ਹੈ। ਸਰਕਾਰ ਨੂੰ ਵੱਡੇ ਬਜਟ ਤੇ ਸਟਾਫ਼ ਦਾ ਵੀ ਪ੍ਰਬੰਧ ਕਰਨਾ ਪਵੇਗਾ। ਇਹ ਖ਼ੁਸ਼ੀ ਦੀ ਗੱਲ ਹੈ ਕਿ ਭਾਖੜਾ ਰੇਲਵੇ ਦੇ ਨੰਗਲ ਸਟੇਸ਼ਨ ’ਤੇ ਨਵਾਂ ਪਲੇਟਫ਼ਾਰਮ ਬਣ ਰਿਹਾ ਹੈ। ਬਾਕੀ ਸਟੇਸ਼ਨਾਂ ’ਤੇ ਵੀ ਪਲੇਟਫ਼ਾਰਮ ਬਣਨੇ ਹਨ। ਪਰ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਲੇਟਫ਼ਾਰਮਾਂ ਤੇ ਮੀਂਹ ਤੇ ਧੁੱਪ ਤੋਂ ਬਚਣ ਲਈ ਛੱਤ ਤੇ ਪੀਣ ਵਾਲੇ ਪਾਣੀ ਦਾ ਇੰਤਜਾਮ ਕੀਤਾ ਜਾਵੇ। ਪਿਛਲੇ ਵਰ੍ਹੇ ਇਸ ਰੇਲ ਨੂੰ ਭਾਖੜਾ ਡੈਮ ਦੇ ਸਥਾਪਨਾ ਦਿਵਸ ਮੌਕੇ ਫੁੱਲਾਂ ਨਾਲ ਸਜਾ ਕੇ ਭਾਖੜਾ ਡੈਮ ਤਕ ਚਲਾਇਆ ਗਿਆ ਸੀ।

ਭਾਵੇਂ ਸੁਰੱਖਿਆ ਕਾਰਨਾਂ ਕਰ ਕੇ ਸਰਕਾਰ ਨੇ ਭਾਖੜਾ ਡੈਮ ਦੇ ਅੰਦਰੂਨੀ ਹਿੱਸੇ ਵੇਖਣ ’ਤੇ ਰੋਕ ਲਾਈ ਹੋਈ ਹੈ। ਸਰਕਾਰ ਇਸ ਰੇਲ ਦਾ ਨਵੀਨੀਕਰਨ ਕਰ ਕੇ ਸੈਰ ਸਪਾਟੇ ਨੂੰ ਉਤਸ਼ਾਹਤ ਕਰ ਸਕਦੇ ਹੈ। ਜਦਕਿ ਪੰਜਾਬ ਸਰਕਾਰ ਵਲੋਂ ਨੰਗਲ ਨੂੰ ਟੂਰਿਸਟ ਹੱਬ ਬਣਾਉਣ ਦਾ ਅਪਣੇ ਚੋਣ ਮੈਨੀਫ਼ੈਸਟੋ ਵਿਚ ਇਹ ਵਾਧਾ ਕੀਤਾ ਸੀ।
ਇਸ ਸਬੰਧ ਵਿਚ ਬੀ.ਬੀ.ਐਮ.ਬੀ. ਦੇ ਚੀਫ਼ ਇੰਜੀਨੀਅਰ ਸੀ.ਪੀ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੰਗਲ ਤੋਂ ਬੀ.ਬੀ.ਐਮ.ਬੀ. ਵਲੋਂ ਅਪਣੇ ਕਰਮਚਾਰੀਆਂ ਲਈ ਰੇਲ ਚਲਾਈ ਗਈ ਹੈ। ਜਿਸ ਵਿਚ ਨੰਗਲ ਦੇ ਨਾਲ ਲਗਦੇ ਦੋ ਦਰਜਨ ਦੇ ਕਰੀਬ ਪਿੰਡਾਂ ਦੇ ਲੋਕ ਵੀ ਇਸ ਰੇਲ ਦਾ ਫ਼ਾਇਦਾ ਲੈ ਰਹੇ ਹਨ। ਬੀ.ਬੀ.ਐਮ.ਬੀ. ਪ੍ਰਸ਼ਾਸਨ ਵਲੋਂ ਇਸ ਰੇਲ ਲਈ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹੈ। ਇਕ ਨਵਾਂ ਰੇਲ ਇੰਜਣ ਵੀ ਬੀ ਬੀ ਐਮ ਬੀ ਬਹੁਤ ਜਲਦ ਖ਼ਰੀਦਣ ਜਾ ਰਹੀ ਹੈ।

ਨੰਗਲ-ਭਾਖੜਾ ਰੇਲ ਸਬੰਧੀ ਕੁੱਝ ਹੋਰ ਰੁਮਾਂਚਕ ਜਾਣਕਾਰੀ

  • ਨੰਗਲ-ਭਾਖੜਾ ਰੇਲ ਨੈੱਟਵਰਕ ਦਾ ਸਰਵੇਖਣ 1946 ’ਚ ਹੋਇਆ
  • ਸਿਗਨਲ ਸਿਸਟਮ 1954 ’ਚ ਸਥਾਪਤ ਹੋਇਆ
  •  ਪ੍ਰਾਜੈਕਟ ਲਾਗਤ 20242310 ਰੁਪਏ
  • ਰੇਲ ਲਾਈਨ ਦੀ ਕੁਲ ਲੰਬਾਈ 27.36 ਕਿ: ਮੀ:
  • ਰੇਲ ਨੈੱਟਵਰਕ ਦਾ ਅਹਿਮ ਹਿੱਸਾ ਹਨ ਦੋ ਹੋਰਸ ਸ਼ੂ ਸ਼ੇਪ ਸੁਰੰਗਾਂ (ਇਕ ਨੈਹਲਾ ’ਚ, ਦੂਜੀ ਖੱਬੇ ਪਾਸੇ ਸਥਿਤ ਅਮਰੀਕਨ ਪਾਵਰ ਹਾਊਸ ਲਾਗੇ)
  •  ਰੇਲ ਦਰਿਆ ਸਤਲੁਜ ’ਤੇ ਸਥਿਤ 158.5 ਮੀਟਰ ਲੰਬੇ ਰੇਲ/ਰੋਡ ਪੁਲ ਤੋਂ ਵੀ ਲੰਘਦੀ ਹੈ
  • 1977 ਵਿਚ ਬਣੀ ਫ਼ਿਲਮ (ਚੱਲਤਾ ਪੁਰਜਾ) ਜਿਸ ਵਿਚ ਰਾਜੇਸ਼ ਖੰਨਾ ਫ਼ਿਲਮ ਦੇ ਗਾਣੇ ਦੌਰਾਨ ਬੀ ਬੀ ਐਮ ਬੀ ਦੀ ਰੇਲ ਦਾ ਇਕ ਦ੍ਰਿਸ਼ ਵੀ ਲਿਆ ਗਿਆ ਹੈ
  • ਪ੍ਰਸਿੱਧ ਟੀ. ਵੀ. ਪ੍ਰੋਰਗਰਾਮ ‘ਕੌਣ ਬਨੇਗਾ ਕਰੋੜਪਤੀ’ ’ਚ ਵੀ ਇਸ ਰੇਲ ਬਾਰੇ ਪ੍ਰਸ਼ਨ ਪੁਛਿਆ ਗਿਆ ਸੀ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement