
ਪੰਜਾਬੀ ਕਿੱਸਾ-ਕਾਵਿ ਜਾਂ ਪੰਜਾਬੀ ਗੀਤਕਾਰੀ ਵਿਚ ਜਿੰਨੇ ਵੀ ਲਿਖਾਰੀਆਂ ਨੇ ਮਿਰਜ਼ਾ-ਸਾਹਿਬਾਂ ਨੂੰ ਲਿਖਿਆ ਹੈ, ਉੁਨ੍ਹਾਂ ਨੇ ਉਪਰੋਕਤ ਲਾਈਨਾਂ (ਸਤਰਾਂ).........
ਪੰਜਾਬੀ ਕਿੱਸਾ-ਕਾਵਿ ਜਾਂ ਪੰਜਾਬੀ ਗੀਤਕਾਰੀ ਵਿਚ ਜਿੰਨੇ ਵੀ ਲਿਖਾਰੀਆਂ ਨੇ ਮਿਰਜ਼ਾ-ਸਾਹਿਬਾਂ ਨੂੰ ਲਿਖਿਆ ਹੈ, ਉੁਨ੍ਹਾਂ ਨੇ ਉਪਰੋਕਤ ਲਾਈਨਾਂ (ਸਤਰਾਂ) ਦਾ ਵਰਨਣ ਜ਼ਰੂਰ ਕੀਤਾ ਹੈ। ਘਟਨਾ ਪ੍ਰਸਿੱਧ ਕਿੱਸੇ ਮਿਰਜ਼ਾ-ਸਾਹਿਬਾਂ ਦੇ ਪਿਆਰ ਦੇ ਕਿੱਸੇ ਦੇ ਉਸ ਸਮੇਂ ਦੀ ਹੈ ਜਦ ਮਿਰਜ਼ਾ, ਸਾਹਿਬਾਂ ਨੂੰ ਲੈਣ ਵਾਸਤੇ ਅਪਣੇ ਘਰੋਂ ਅਪਣੀ ਬੱਕੀ ਅਰਥਾਤ ਘੋੜੀ 'ਤੇ ਸਵਾਰ ਹੋ ਕੇ ਤੁਰਨ ਲਗਦਾ ਹੈ ਤਾਂ ਉਸ ਦੇ ਪਰਵਾਰ ਦੇ ਜੀਆਂ (ਮੈਂਬਰਾਂ) ਨੇ ਉਸ ਨੂੰ ਨਾ ਜਾਣ ਲਈ ਕਿਹਾ। ਉਸ ਨੂੰ ਰੋਕਣ ਵਾਲਿਆਂ ਵਿਚ ਉਸ ਦੇ ਪਿਤਾ ਵੰਝਲ, ਉਸ ਦਾ ਯਾਰ ਫੱਤੂ ਅਤੇ ਉਸ ਦੀਆਂ ਭਰਜਾਈਆਂ ਵੀ ਸਨ।
ਉਸ ਦੀ ਇਕ ਭਰਜਾਈ ਜਦ ਉਸ ਨੂੰ ਰੋਕਦੀ ਹੈ ਤਾਂ ਕਿੱਸਾਕਾਰਾਂ/ਗੀਤਕਾਰਾਂ ਨੇ ਉਸ ਦੀ ਭਰਜਾਈ ਦੇ ਮੂੰਹ 'ਚੋਂ ਇਹ ਸ਼ਬਦ ਅਖਵਾਏ ਹਨ ਕਿ: ਸਾਹਿਬਾਂ ਕਿਹੜੀ ਪਦਮਨੀ, ਉਹ ਵੀ ਰੰਨਾਂ ਵਰਗੀ ਰੰਨ। ਅਰਥਾਤ ਸਾਹਿਬਾਂ ਕੋਈ ਪਦਮਨੀ ਨਹੀਂ, ਉਹ ਵੀ ਔਰਤਾਂ ਵਰਗੀ ਹੀ ਔਰਤ ਹੈ ਜਾਂ ਦੂਜੇ ਸ਼ਬਦਾਂ ਵਿਚ ਉਹ ਵੀ (ਸਾਹਿਬਾਂ) ਲੜਕੀਆਂ ਵਰਗੀ ਲੜਕੀ ਹੀ ਹੈ, ਕੋਈ ਪਦਮਨੀ ਤਾਂ ਹੈ ਨਹੀਂ। ਹੁਣ ਸਵਾਲ ਇਹ ਹੈ ਕਿ ਸਾਹਿਬਾਂ ਔਰਤਾਂ ਵਰਗੀ ਔਰਤ ਜਾਂ ਸੁਣੱਖੀਆਂ ਲੜਕੀਆਂ ਵਰਗੀ ਲੜਕੀ ਤਾਂ ਹੈ, ਫਿਰ 'ਪਦਮਨੀ' ਕੀ ਹੋਈ? ਜਾਂ 'ਪਦਮਨੀ' ਕਿਸ ਨੂੰ ਕਹਿੰਦੇ ਹਨ?
ਤੁਹਾਡੇ ਅਪਣੇ ਰੋਜ਼ਾਨਾ ਸਪੋਕਸਮੈਨ ਨੂੰ ਇਸ ਬਾਰੇ ਜਾਣਕਾਰੀ ਹੈ ਜਿਸ ਨੂੰ ਉਹ ਪਾਠਕਾਂ ਨਾਲ ਸਾਂਝੀ ਕਰਨ ਵਿਚ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਮੱਧ ਕਾਲੀਨ ਭਾਰਤ ਦੇ ਇਤਿਹਾਸ ਵਿਚ ਸੁਲਤਾਨ ਅਲਾਉਦੀਨ ਖਿਲਜੀ ਦਾ ਵਿਸ਼ੇਸ਼ ਸਥਾਨ ਹੈ। ਉਸ ਨੇ ਭਾਰਤ 'ਤੇ 1296 ਤੋਂ 1316 ਤਕ ਰਾਜ ਕੀਤਾ। ਉਸ ਨੇ ਭਾਰਤ ਵਿਚ ਮੁਸਲਮਾਨ ਸਾਮਰਾਜ ਨੂੰ ਪੱਕੇ ਪੈਰੀਂ ਖੜਾ ਕਰਨ ਵਾਸਤੇ ਭਾਰਤ ਦੇ ਛੋਟੇ ਵੱਡੇ ਹਾਕਮਾਂ ਨਾਲ ਯੁਧ ਕਰ ਕੇ ਅਤੇ ਉਨ੍ਹਾਂ ਨੂੰ ਇਕ-ਇਕ ਕਰ ਕੇ, ਹਰਾ ਕੇ, ਉਨ੍ਹਾਂ ਦੇ ਰਾਜਾਂ ਨੂੰ ਅਪਣੇ ਸਾਮਰਾਜ ਵਿਚ ਮਿਲਾ ਲਿਆ।
ਭਾਵੇਂ ਅਲਾਉਦੀਨ ਖਿਲਜੀ ਤੋਂ ਪਹਿਲਾਂ ਵੀ ਬਹੁਤ ਸਾਰੇ ਮੁਸਲਮਾਨ ਸੁਲਤਾਨਾਂ ਨੇ ਭਾਰਤ ਦੇ ਬਹੁਤ ਵੱਡੇ ਭਾਗ 'ਤੇ ਅਪਣਾ ਰਾਜ ਸਥਾਪਤ ਕਰ ਕੇ ਅਪਣਾ ਸਿੱਕਾ ਚਲਾਇਆ ਪਰ ਜਿਸ ਢੰਗ ਨਾਲ ਅਲਾਉਦੀਨ ਨੇ ਅਪਣੇ ਰਾਜ ਨੂੰ ਪੱਕੇ ਪੈਰੀਂ ਖੜਾ ਕੀਤਾ, ਇਸ ਤੋਂ ਪਹਿਲਾਂ ਹੋਰ ਕਿਸੇ ਮੁਸਲਮਾਨ ਹਾਕਮ ਨੇ ਅਜਿਹਾ ਨਹੀਂ ਕੀਤਾ ਸੀ। ਇਸ ਸਾਮਰਾਜ ਸਥਾਪਤੀ ਦੀ ਪ੍ਰਾਪਤੀ ਲਈ ਉਹ ਉੱਤਰ ਭਾਰਤ ਦੇ ਹੋਰਨਾਂ ਇਲਾਕਿਆਂ ਨੂੰ ਜਿਤਦਾ-ਜਿਤਦਾ ਰਾਜਸਥਾਨ ਦੇ ਮਹੱਤਵਪੂਰਨ ਰਾਜ ਮੇਵਾੜ ਨੂੰ ਜਿੱਤਣ ਲਈ ਸੰਨ 1303 ਵਿਚ ਮੇਵਾੜ ਪਹੁੰਚਿਆ। (ਚਲਦਾ)
ਚਰਨਜੀਤ ਸਿੰਘ ਪੁੰਨੀ, ਪਿੰਡ ਤੇ ਡਾਕ: ਚੈਨਾ, ਤਹਿ. ਜੈਤੋ, ਫ਼ਰੀਦਕੋਟ।