
ਸਵੇਰ ਦੇ ਚਾਰ ਵੱਜ ਚੁੱਕੇ ਸਨ। ਅਮਰਜੀਤ ਨੇ ਉਠ ਕੇ ਪਾਣੀ ਪੀਤਾ ਅਤੇ ਮੂੰਹ ਉਤੇ ਪਾਣੀ ਦੇ ਛਿੱਟੇ ਮਾਰ ਕੇ ਵਰਾਂਡੇ ਵਿਚ ਤਾਕੀ ਵਿਚੋਂ ਨਜ਼ਰ ਮਾਰੀ.......
ਸਵੇਰ ਦੇ ਚਾਰ ਵੱਜ ਚੁੱਕੇ ਸਨ। ਅਮਰਜੀਤ ਨੇ ਉਠ ਕੇ ਪਾਣੀ ਪੀਤਾ ਅਤੇ ਮੂੰਹ ਉਤੇ ਪਾਣੀ ਦੇ ਛਿੱਟੇ ਮਾਰ ਕੇ ਵਰਾਂਡੇ ਵਿਚ ਤਾਕੀ ਵਿਚੋਂ ਨਜ਼ਰ ਮਾਰੀ। ਹਰਮੇਸ਼ ਅਧਸੁੱਤਾ ਬੇਚੈਨ ਪਾਸੇ ਮਾਰ ਰਿਹਾ ਸੀ। ਅਮਰਜੀਤ ਮੁੜ ਆ ਕੇ ਪੈ ਗਿਆ। ਖ਼ੁਦ ਨੂੰ ਹਲਕਾ ਹਲਕਾ ਮਹਿਸੂਸ ਕਰ ਰਿਹਾ ਸੀ। ਨੀਂਦ ਆ ਗਈ। ਸੌਂ ਗਿਆ। ਜਦੋਂ ਅੱਖ ਖੁੱਲ੍ਹੀ ਤਾਂ ਟਾਈਮਪੀਸ ਨੇ ਛੇ ਵਜੇ ਦਾ ਅਲਾਰਮ ਵਜਾਇਆ। ਅਮਰਜੀਤ ਜਦੋਂ ਉਠ ਕੇ ਬੈਠਾ ਅਤੇ ਪੈਰਾਂ ਵਲ ਨਜ਼ਰ ਮਾਰੀ ਤਾਂ ਹਰਮੇਸ਼ ਉਸ ਦੇ ਪੈਰਾਂ ਕੋਲ ਬੈੱਡ ਦੀ ਪੈਂਦ ਤੇ ਸਿਰ ਰੱਖ ਕੇ ਧਰਤੀ ਤੇ ਬੈਠਾ ਹੀ ਸੌਂ ਰਿਹਾ ਸੀ। ਵੇਖ ਕੇ ਅਮਰਜੀਤ ਦਾ ਮਨ ਭਰ ਆਇਆ, ''ਹਰਮੇਸ਼ ਤੂੰ ਕਦੋਂ ਆ ਗਿਆ ਇਥੇ?
ਕੀ ਗੱਲ ਬਾਹਰ ਨੀਂਦ ਨਹੀਂ ਆਈ?'' ''ਸਾਬ੍ਹ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ।'' ਅੱਖਾਂ ਮਲਦਾ ਹਰਮੇਸ਼ ਬੋਲਿਆ, ''ਜਦੋਂ ਮੈਂ ਤੁਹਾਨੂੰ ਦੁਖੀ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਮੇਰੇ ਮਾਪੇ ਮੇਰੇ ਕੋਲੋਂ ਨਾਰਾਜ਼ ਹਨ। ਤੁਸੀ ਕਿਉਂ ਅਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੋ? ਮੈਂ ਤਾਂ ਰੱਬ ਨੂੰ ਹਰ ਵੇਲੇ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਦੁੱਖ ਮੈਨੂੰ ਦੇ ਦੇਵੇ। ਤੁਸੀ ਦੁਖੀ ਨਾ ਹੋਇਆ ਕਰੋ।'' ਹਰਮੇਸ਼ ਹੱਥ ਜੋੜ ਕੇ ਰੋ ਰਿਹਾ ਸੀ। ''ਓ ਹੋ ਬਾਬਾ, ਅੱਜ ਤੋਂ ਮੈਂ ਅਜਿਹਾ ਨਹੀਂ ਕਰਾਂਗਾ। ਮੈਂ ਖ਼ੁਸ਼ ਰਹਾਂਗਾ, ਤੁਹਾਨੂੰ ਵੀ ਖ਼ੁਸ਼ ਰੱਖਾਂਗਾ। ਚਲੋ ਅੱਜ ਸਾਰੇ ਸਟਾਫ਼ ਨੂੰ ਦੱਸ ਦਿਉ ਕਿ ਮੈਂ ਵਿਆਹ ਲਈ ਤਿਆਰ ਹਾਂ। ਤੈਨੂੰ ਨਵੇਂ ਕਪੜੇ ਲਿਆ ਦੇਵਾਂਗਾ। ਤੂੰ ਨੱਚੇਂਗਾ ਫਿਰ?''
''ਹਾਂ ਸਾਬ੍ਹ ਮੈਂ ਖ਼ੂਬ ਨੱਚਾਂਗਾ।'' ਹਰਮੇਸ਼ ਦੇ ਚਿਹਰੇ ਉਤੇ ਇਕਦਮ ਰੌਣਕ ਆ ਗਈ, ''ਸਾਬ੍ਹ ਤੁਸੀ ਨਹਾ ਧੋ ਕੇ ਅਖ਼ਬਾਰ ਵੇਖ ਲਉ। ਮੈਂ ਤੁਹਾਡੇ ਲਈ ਨਾਸ਼ਤਾ ਬਣਾਉਂਦਾ ਹਾਂ। ਸਾਢੇ ਕੁ ਅੱਠ ਵਜੇ ਤਕਰੀਬਨ ਸਾਰਾ ਸਟਾਫ਼ ਆ ਗਿਆ। ਅਮਰਜੀਤ ਵੀ ਤਿਆਰ ਹੋ ਕੇ ਅਪਣੇ ਟੇਬਲ ਉਤੇ ਪਹੁੰਚ ਗਿਆ। ਹਰਮੇਸ਼ ਖ਼ੁਸ਼ੀ 'ਚ ਭੱਜਿਆ ਫਿਰ ਰਿਹਾ ਸੀ। ਭੱਜ-ਭੱਜ ਕੇ ਚਾਹ ਫੜਾ ਰਿਹਾ ਸੀ। ਕਦੇ ਟਰੇ ਦੀ ਡਫ਼ਲੀ ਬਣਾ ਕੇ ਵਜਾਉਣ ਲੱਗ ਜਾਂਦਾ।
ਅਮਰਜੀਤ ਦੇ ਚਿਹਰੇ ਉਤੇ ਰੌਣਕ ਵੇਖ ਕੇ ਸੱਭ ਹੈਰਾਨ ਸਨ। ਏਨੀ ਤਬਦੀਲੀ ਕਿਵੇਂ ਆ ਗਈ? ਅਮਰਜੀਤ ਸਾਰਿਆਂ ਦਾ ਹੱਸ ਕੇ ਹਾਲ ਪੁੱਛ ਰਿਹਾ ਸੀ। ਸਾਰਾ ਸਟਾਫ਼ ਜਦੋਂ ਅਪਣੇ ਅਪਣੇ ਕੰਮਾਂ ਵਿਚ ਰੁੱਝ ਗਿਆ ਤਾਂ ਹਰਮੇਸ਼ ਨਚਦਾ-ਟਪਦਾ ਚੁੱਪ-ਚੁਪੀਤੇ ਸਾਰੇ ਸਟਾਫ਼ ਨੂੰ ਅਮਰਜੀਤ ਦੇ ਕਮਰੇ ਵਿਚ ਆਉਣ ਦਾ ਸੁਨੇਹਾ ਦੇ ਆਇਆ।
''ਥਾਣੇਦਾਰ ਜੀ, ਸਾਨੂੰ ਤੁਸੀ ਬੁਲਾਇਆ ਸੀ?'' ਸੱਭ ਨੇ ਉਤਸੁਕਤਾ ਨਾਲ ਪੁਛਿਆ।
''ਨਹੀਂ, ਮੈਂ ਤਾਂ ਨਹੀਂ ਬੁਲਾਇਆ।'' ਅਮਰਜੀਤ ਨੇ ਕਿਹਾ।
''ਹਰਮੇਸ਼ ਸਾਨੂੰ ਤੁਹਾਡਾ ਨਾਂ ਲੈ ਕੇ ਸੱਦ ਕੇ ਲਿਆਇਐ।'' ਉਨ੍ਹਾਂ ਕਿਹਾ।
''ਕਿਉਂ ਬਈ ਹਰਮੇਸ਼, ਕੀ ਗੱਲ ਏ?'' ਅਮਰਜੀਤ ਨੇ ਹਰਮੇਸ਼ ਨੂੰ ਪੁਛਿਆ।
''ਸਾਬ੍ਹ ਮੈਂ, ਤੁਹਾਡੇ ਵਲੋਂ ਇਨ੍ਹਾਂ ਨੂੰ ਬੁਲਾਇਆ ਹੈ। ਇਕ ਚੰਗੀ ਖ਼ਬਰ ਸੁਣਾਉਣੀ ਹੈ। ਸਾਡੇ ਸਾਬ੍ਹ ਹੁਣ ਵਿਆਹ ਕਰਨ ਲਈ ਰਾਜ਼ੀ ਹੋ ਗਏ ਹਨ।'' ਹਰਮੇਸ਼ ਗਾਉਣ ਵਾਲਿਆਂ ਵਾਂਗ ਕੰਨ ਤੇ ਹੱਥ ਰੱਖ ਕੇ ਬੋਲਿਆ। ਸਾਰੇ ਸਟਾਫ਼ ਦੇ ਚਿਹਰੇ ਫੁੱਲਾਂ ਵਾਂਗ ਖਿੜ ਗਏ। ਕਈ ਸੋਚ ਰਹੇ ਸਨ ਇਹ ਚਮਤਕਾਰ ਕਿਵੇਂ ਹੋ ਗਿਆ? ਸਾਰਿਆਂ ਦੀ ਨਜ਼ਰ ਜਦੋਂ ਅਮਰਜੀਤ ਵਲ ਗਈ ਤਾਂ ਉਸ ਨੇ ਹੱਸ ਕੇ ਸਿਰ ਹਿਲਾ ਦਿਤਾ। ਸਾਰਿਆਂ ਨੇ ਉਸ ਨੂੰ ਮੁਬਾਰਕਾਂ ਦਿਤੀਆਂ।
ਅਮਰਜੀਤ ਨੇ ਕਿਹਾ, ''ਇਨਸਾਨ ਨੂੰ ਸਮੇਂ ਨਾਲ ਚਲਣਾ ਚਾਹੀਦਾ ਹੈ। ਬੀਤੇ ਸਮੇਂ ਦਾ, ਵਿਛੜਿਆਂ ਦਾ ਵਿਰਲਾਪ ਦਿਲੋਂ ਤਿਆਗ ਦੇਣਾ ਚਾਹੀਦਾ ਹੈ। ਸਮਾਜ ਵਿਚ ਵੱਧ ਰਿਹਾ ਜੁਰਮ ਸਾਨੂੰ ਸਾਡੇ ਫ਼ਰਜ਼ ਪ੍ਰਤੀ ਸੁਚੇਤ ਕਰ ਰਿਹਾ ਹੈ। ਸਾਨੂੰ ਸਾਡਾ ਫ਼ਰਜ਼ ਪਛਾਣਨਾ ਚਾਹੀਦਾ ਹੈ। ਅਪਣੀ ਵਰਦੀ ਪ੍ਰਤੀ ਵਫ਼ਾਦਾਰੀ ਨਿਭਾ ਕੇ ਜੁਰਮ ਦਾ ਖ਼ਾਤਮਾ ਕਰਨਾ ਚਾਹੀਦਾ ਹੈ। ਅੱਜ ਤੋਂ ਅਸੀ ਸਾਰੇ ਹੀ ਅਪਣੇ ਫ਼ਰਜ਼ ਨੂੰ ਮੁੱਖ ਰੱਖ ਕੇ ਸਮਾਜ ਦੇ ਜੁਰਮ ਮਿਟਾਉਣ ਵਿਚ ਇਕਜੁਟ ਹੋ ਜਾਈਏ ਤਾਂ ਹੀ ਸਵਰਗ ਦੀ ਸਿਰਜਣਾ ਹੋ ਸਕੇਗੀ। ਆਉ ਹੱਥ ਖੜੇ ਕਰ ਕੇ ਜੁਰਮ ਨਾਲ 'ਦੋ ਹੱਥ' ਕਰਨ ਦੀ ਕਸਮ ਖਾਈਏ।''
ਗੁਰਮੀਤ ਸਿੰਘ ਰਾਮਪੁਰੀ
ਸੰਪਰਕ : 98783-25301