
ਸੁਰਜੀਤ ਪਾਤਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ 14 ਜਨਵਰੀ ਮਾਘੀ ਵਾਲੇ ਦਿਨ ਸੰਨ 1945 ਨੂੰ ਹੋਇਆ ਸੀ
ਦ੍ਰਿੜ ਇਰਾਦੇ ਨਾਲ ਕੀਤੀ ਸਖ਼ਤ ਮਿਹਨਤ ਇਕ ਦਿਨ ਤਾਂ ਰੰਗ ਲਿਆਉਂਦੀ ਹੈ। ਆਸ ਰੱਖ ਕੇ ਮੰਜ਼ਲ ਵਲ ਤੁਰਿਆ ਪਾਂਧੀ ਮੰਜ਼ਲ ਪਾਰ ਕਰ ਹੀ ਜਾਂਦਾ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗਿਆਨ ਹੋਣਾ ਜਰੂਰੀ ਹੈ। ਅਪਣੀ ਕਲਾ ਵਿਚ ਰਸ ਤੇ ਪਕਿਆਈ ਭਰਨ ਵਾਲੇ ਅੱਜ ਮੈਂ ਉਸ ਸ਼ਖ਼ਸ ਦੀ ਗੱਲ ਕਰਨ ਲੱਗਿਆ ਹਾਂ, ਜਿਨ੍ਹਾਂ ਨੇ ਅਪਣੀ ਕਲਾ ਦੀ ਪੂਰੀ ਦੁਨੀਆਂ ਵਿਚ ਪ੍ਰਸਿੱਧੀ ਖੱਟੀ ਹੈ। ਜਿਹੜਾ ਸਾਹਿਤ ਖੇਤਰ ਵਿਚ ਧਰੂ-ਤਾਰੇ ਵਾਂਗ ਚਮਕਿਆ, ਉਹ ਹੈ ਸੁਰਜੀਤ ਪਾਤਰ।
ਸੁਰਜੀਤ ਪਾਤਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ 14 ਜਨਵਰੀ ਮਾਘੀ ਵਾਲੇ ਦਿਨ ਸੰਨ 1945 ਨੂੰ ਮਾਤਾ ਗੁਰਬਖ਼ਸ਼ ਕੌਰ ਦੀ ਕੁਖੋਂ, ਪਿਤਾ ਹਰਭਜਨ ਸਿੰਘ ਦੇ ਘਰ ਹੋਇਆ। ਪਾਤਰ ਹੋਰੀਂ ਮਾਪਿਆਂ ਦੀ ਔਲਾਦ ਗਿਣਤੀ ਛੇ ਹੈ, 4 ਭੈਣਾਂ ਤੇ ਇਕ ਭਰਾ ਹੈ ਜੋ ਅਪਣੇ ਪ੍ਰਵਾਰ ਸਮੇਤ ਨੇਰੋਬੀ ਵਿਖੇ ਰਹਿੰਦਾ ਹੈ। ਸੁਰਜੀਤ ਪਾਤਰ ਦਾ ਵਿਆਹ 1978 ਈ: ਵਿਚ ਸ੍ਰੀਮਤੀ ਭੁੁੁਪਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੇਟੇ ਹਨ ਮਨਰਾਜ ਪਾਤਰ ਤੇ ਅੰਕੁਰ ਸਿੰਘ ਪਾਤਰ ਹਨ ਤੇ ਨੂੰਹ ਰਾਣੀ ਮਨਰੀਤ ਕੌਰ ਤੇ ਪੋਤਰਾ ਅਵੀਰ ਸਿੰਘ ਪਾਤਰ ਹੈ। ਮਨਰਾਜ ਪਾਤਰ ਜੋ ਕਿ ਪੰਜਾਬ ਕਾਲਜ ਆਫ਼ਟੈਕਨੀਕਲ, ਬੱਦੋਵਾਲ ਵਿਖੇ ਕੰਪਿਊਟਰ ਲੈਕਚਰਾਰ ਹੈ ਤੇ ਸੰਗੀਤ ਦਾ ਵੀ ਸ਼ੌਕ ਰਖਦਾ ਹੈ। ਅੰਕੁਰ ਸਿੰਘ ਪਾਤਰ ਵੈਬਡਿਜ਼ਾਈਨਰ ਹੈ, ਆਸ਼ਾਪੁਰੀ ਲੁਧਿਆਣਾ ਵਿਖੇ ਰਹਿ ਰਿਹਾ ਹੈ।
ਪਾਤਰ ਨੇ ਅਪਣੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਤਕ ਦੀ ਪੜ੍ਹਾਈ ਕੀਤੀ ਤੇ ਖ਼ਾਲਸਾ ਹਾਈ ਸਕੂਲ ਖਗਿਰਾ ਮੱਝਾ ਤੋਂ ਦਸਵੀਂ ਪਾਸ ਕੀਤੀ ਤੇ ਗ੍ਰੈਜੂਏਸ਼ਨ ਰਣਬੀਰ ਕਾਲਜ, ਕਪੂਰਥਲੇ ਤੋਂ, ਐਮ. ਏ. ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅਤੇ ਪੀ. ਐਚ. ਡੀ. ਗੁਰ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ। ਪਾਤਰ ਸਾਹਿਬ ਨੇ ਅਪਣੇ ਪਿੰਡ ਪੱਤੜ ਕਲਾਂ ਨੂੰ ਅਪਣੇ ਨਾਂ ਨਾਲ ਜੋੜ ਲਿਆ ਪੱਤੜ ਤੋਂ ਪਾਤਰ ਨਾਂ ਰੱਖ ਲਿਆ। ਪਾਤਰ ਨੇ ਕੱੁਝ ਸਮਾਂ ਯੂਨੀਵਰਸਿਟੀ ਵਿਚ ਰਿਸਰਚ ਸਕਾਲਰ ਵਜੋਂ ਕੰਮ ਕੀਤਾ। ਬਾਬਾ ਬੁੱਢਾ ਕਾਲਜ, ਬੀੜ ਸਾਹਿਬ ਵੀ ਕੁੱਝ ਸਮਾਂ ਪੜ੍ਹਾਇਆ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਰਿਸਰਚ ਸਕਾਲਰ ਦੀ ਨੌਕਰੀ ਕੀਤੀ ਅਤੇ ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ’ਤੇ ਸੇਵਾ ਮੁਕਤ ਹੋਏ ਇਸ ਸ਼ਹਿਰ ਲੁਧਿਆਣੇ ਹੀ ਅਪਣੀ ਰਿਹਾਇਸ਼ ਬਣਾਈ।
ਸੁਰਜੀਤ ਪਾਤਰ ਦੀ ਕਲਾ ਦੀ ਛੇਵੇਂ ਦਹਾਕੇ ਦੇ ਮੁੱਢ ਵਿਚ ਹੀ ਪਰਖ ਹੋਣੀ ਸ਼ੁਰੂ ਹੋ ਗਈ ਸੀ। ਅਮਿਤੋਜ, ਪ੍ਰੋਫ਼ੈਸਰ ਮਨੋਹਰ ਕੌਰ, ਵੀਰ ਸਿੰਘ ਰੰਧਾਵਾ, ਡਾ. ਪ੍ਰੇਮ ਪ੍ਰਕਾਸ਼, ਡਾ. ਹਰਚਰਨ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਸਤਿੰਦਰ ਸਿੰਘ ਨੂਰ, ਨਾਵਲਕਾਰ ਦਲੀਪ ਕੌਰ ਟਿਵਾਣਾ, ਡਾ. ਹਰਕੀਰਤ ਸਿੰਘ, ਰਵਿੰਦਰ ਭੱਠਲ, ਪ੍ਰੋਫ਼ੈਸਰ ਪ੍ਰੀਤਮ ਸਿੰਘ, ਨਵਤੇਜ ਭਾਰਤੀ, ਹਰਿੰਦਰ ਮਹਿਬੂਰ, ਡਾ. ਗੁਰਭਗਤ ਸਿੰਘ, ਡਾ. ਕੁਲਵੰਤ ਸਿੰਘ ਗਰੇਵਾਲ, ਪ੍ਰੋਫ਼ੈਸਰ ਮੋਹਨ ਸਿੰਘ, ਡਾ. ਜੋਗਿੰਦਰ ਸਿੰਘ ਕੈਰੋ, ਡਾ. ਐਸ. ਐਸ. ਦੁਸਾਂਝ, ਡਾ. ਸ.ਨ. ਸੇਵਕ, ਅਜਾਇਬ ਚਿੱਤਰਕਾਰ, ਕੁਲਵੰਤ ਸਿੰਘ ਵਿਰਕ, ਕ੍ਰਿਸ਼ਨ ਅਦੀਬ, ਡਾ. ਸਾਧੂ ਸਿੰਘ ਆਦਿ ਨਾਮਵਰ ਸ਼ਖ਼ਸੀਅਤਾਂ ਨਾਲ ਪਾਤਰ ਸਾਹਿਬ ਦਾ ਸਮੇਂ-ਸਮੇਂ ਤੇ ਵਾਹ ਰਿਹਾ।
ਪਹਿਲੀਆਂ ਵਿਚ ਕਵੀ ਦੀਆਂ ਰਚਨਾਵਾਂ ‘ਆਰਸੀ’, ‘ਨਾਗਮਣੀ’ ਅਤੇ ‘ਪ੍ਰੀਤਲੜੀ’ ਮੈਗਜ਼ੀਨ ’ਚ ਛਪਦੀਆਂ ਰਹੀਆਂ। ਹੁਣ ਤਾਂ ਕੋਈ ਵੀ ਅਜਿਹਾ ਅਖ਼ਬਾਰ ਜਾਂ ਮੈਗਜ਼ੀਨ ਨਹੀਂ ਹੋਣਾ ਜਿਸ ਵਿਚ ਉਨ੍ਹਾਂ ਦੀਆਂ ਰਚਨਾਵਾਂ ਨਾ ਛਪਦੀਆਂ ਹੋਣ। ਪਹਿਲੀ ਕਿਤਾਬ ਉਨ੍ਹਾਂ ਨੇ ਪ੍ਰਮਿੰਦਰਜੀਤ ਅਤੇ ਜੋਗਿੰਦਰ ਨਾਲ ਮਿਲ ਕੇ ‘ਕੋਲਾਜ’ ਪਾਠਕਾਂ ਦੇ ਰੂ-ਬ-ਰੂ ਕੀਤੀ। ਹਵਾ ਵਿਚ ਲਿਖੇ ‘ਹਰਫ਼’, ‘ਬਿਰਖ ਅਰਜ ਕਰੇ’, ‘ਹਨੇਰੇ ਵਿਚ ਸੁਲਗਦੀ ਵਰਣਮਾਲਾ’, ‘ਲਫ਼ਜ਼ਾਂ ਦੀ ਦਰਗਾਹ’, ‘ਸੂਰਜ ਮੰਦਰ ਦੀਆਂ ਪੌੜੀਆਂ’ ਉਨ੍ਹਾਂ ਦੀਆਂ ਕਿਤਾਬਾਂ ਹਨ। ‘ਸਦੀ ਦੀਆਂ ਤਰਕਾਲਾਂ’ ਉਨ੍ਹਾਂ ਦੀ ਸੰਪਾਦਨਾ ਹੇਠ ਛਪੀ ਸੀ। ਪਾਤਰ ਸਾਹਿਬ ਦੀਆਂ ਅਨੁਵਾਦ ਪੁਸਤਕਾਂ ‘ਸ਼ਹਿਰ ਮੇਰੇ ਦੀ ਪਾਗਲ ਔਰਤ’, ‘ਅੱਗ ਦੇ ਕਲੀਰੇ’, ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ’ ਅਤੇ ‘ਫਿਦਾ’ (ਕਾਵਿ-ਨਾਟਕ) ਹਨ।
ਸੁਰਜੀਤ ਪਾਤਰ ਛੇ ਸਾਲ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦਾ ਪ੍ਰਧਾਨ ਰਿਹਾ। ਸੰਨ 2013 ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਡਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ ਅਤੇ ਸੰਨ 2013 ਵਿਚ ਉਨ੍ਹਾਂ ਨੂੰ ਗੁਰੂ ਸਾਹਿਬ ਵਰਲਡ ਸਿੱਖ, ਫ਼ਤਿਹਗੜ੍ਹ ਵਿਚ ਵਿਜਿਟਿੰਗ ਪ੍ਰੋਫ਼ੈਸਰ ਦੇ ਅਹੁਦੇ ’ਤੇ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੇ ਲਿਖੇ ਗੀਤ ਪ੍ਰਸਿੱਧ ਗਾਇਕ ‘ਹੰਸ ਰਾਜ ਹੰਸ’ ਦੀ ਆਵਾਜ਼ ਵਿਚ ਰਿਕਾਰਡ ਹੋਏ ਹਨ, ‘ਦਿਲ ਹੀ ਉਦਾਸ ਹੈ ਬਾਕੀ ਸੱਭ ਖ਼ੈਰ ਏ’, ‘ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ’ ਅਤੇ ‘ਡੋਲੀ ਚੁੱਕ ਲਵੋ ਕਹਾਰੋ, ਮੇਰੀ, ਰੋਂਦਿਆਂ ਨੂੰ ਰੋਣ ਦਿਉ’ ਆਦਿ।
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੁਰਸਕਾਰ ਨੂੰ ਠੁਕਰਾਉਣ ਵਾਲੇ ਸੁਰਜੀਤ ਪਾਤਰ ਦੀ ਇਨਾਮਾਂ-ਸਨਮਾਨਾਂ ਦੀ ਲੜੀ ਵੀ ਲੰਬੀ ਹੈ ਜਿਸ ਵਿਚ ਵੱਡੇ ਸਨਮਾਨ ਸ਼ਾਮਲ ਹਨ। ਸੰਨ 1993 ਵਿਚ ਹਨੇਰੇ ਵਿਚ ਸੁਲਗਦੀ ਵਰਨਮਾਲਾ ਲਈ ਸਾਹਿਤ ਅਕਾਦਮੀ ਸਨਮਾਨ, ਸੰਨ 1997 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਕਵੀ ਸਨਮਾਨ, ਸੰਨ 1999 ਵਿਚ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵਲੋਂ ਪੰਚਨਾਦ ਪੁਰਸਕਾਰ, ਸੰਨ 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾਕਟਰ ਆਫ਼ ਫ਼ਿਲਾਸਫ਼ੀ ਆਨਰਜ ਕਾਜ਼ਾ (ਆਨਰੇਰੀ) ਦੀ ਉਪਾਧੀ ਨਾਲ ਸਨਮਾਨਤ, 2012 ਵਿਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮ ਸ਼੍ਰੀ, ਲਫ਼ਜ਼ਾਂ ਦੀ ਦਰਗਾਹ ਲਈ ਸਰਸਵਤੀ ਸਨਮਾਨ ਆਦਿ।
ਕਲੱਬਾਂ, ਸਾਹਿਤ ਸਭਾਵਾਂ ਵੱਲੋਂ ਮਿਲੇ ਇਨਾਮਾਂ-ਸਨਮਾਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਵਿਸ਼ਵ ਦੇ ਕਲਾਸਕੀ ਸਾਹਿਤ ਨਾਲ ਮੋਹ ਪਾਉਣ ਵਾਲਾ ਪਾਤਰ ਸਾਹਿਬ ਆਸਟ੍ਰੇਲੀਆ, ਚੀਨ, ਜਰਮਨ, ਕੈਨੇਡਾ, ਇੰਗਲੈਂਡ, ਕੋਲੰਬੀਆ ਅਤੇ ਅਮਰੀਕਾ ਆਦਿ ਦੇਸ਼ਾਂ ਦਾ ਟੂਰ ਵੀ ਲਾ ਆਇਆ ਸੀ। ਬਿਨਾਂ ਉਸਤਾਦ ਦੇ ਧਾਰਿਆਂ ਵੀ ਸ਼ਬਦ ਉਨ੍ਹਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਣ ਦਾ ਕੁਦਰਤੀ ਵੱਲ ਸੀ। ਅੱਜ ਤੱਕ ਕੋਈ ਵੀ ਰਚਨਾ ਉਨ੍ਹਾਂ ਦੀ ਅਣਗੌਲੀ ਨਹੀਂ ਗਈ। ਕਾਵਿ-ਨਾਟਕ, ਵਾਰਤਕ, ਅਨੁਵਾਦ, ਗੀਤ, ਨਜ਼ਮ, ਗ਼ਜ਼ਲ ਨੇ ਉਨ੍ਹਾਂ ਨੂੰ ਬਹੁ ਪੱਖੀ ਅਤੇ ਬਹੁ-ਭਾਸ਼ਾਈ ਲੇਖਕ ਬਣਾਇਆ ਸੀ। ਉਹ 11 ਮਈ 2024 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਪਾਤਰ ਸਾਹਿਤਕ ਖੇਤਰ ਵਿਚ ਚਮਕਦੇ ਧਰੂ ਤਾਰੇ ਦੀ ਰੋਸ਼ਨੀ ਵੱਡੇ ਪੱਧਰ ਤੇ ਪਾਠਕ ਤੇ ਵਰਗ ਮਾਣਦਾ ਸੀ ਤੇ ਮਾਣ ਦਾ ਰਹੇਗਾ।
-ਦਰਸ਼ਨ ਸਿੰਘ ਪ੍ਰੀਤੀਮਾਨ, ਰਾਮਪੁਰਾ ਫੂਲ
ਮੋ: 97792-97682