
ਨਾਵਲਕਾਰ ਰਾਮ ਸਰੂਪ ਅਣਖੀ ਅਤੇ ਸ਼ੋਭਾ ਅਣਖੀ ਦੀ ਅਮਰ ਪ੍ਰੇਮ ਕਥਾ ਦਾ ਮੁੱਢ ਸਾਹਿਤ ਤੋਂ ਬਝਦਾ ਹੈ।
ਨਾਵਲਕਾਰ ਰਾਮ ਸਰੂਪ ਅਣਖੀ ਅਤੇ ਸ਼ੋਭਾ ਅਣਖੀ ਦੀ ਅਮਰ ਪ੍ਰੇਮ ਕਥਾ ਦਾ ਮੁੱਢ ਸਾਹਿਤ ਤੋਂ ਬਝਦਾ ਹੈ। ਗੱਲ ਕੋਈ 1975-76 ਦੀ ਹੋਵੇਗੀ ਜਦੋਂ ਰਾਮ ਸਰੂਪ ਅਣਖ਼ੀ ਦੀਆਂ ਰਚਨਾਵਾਂ ‘ਸਾਰਿਕਾ’ ਮੈਗਜ਼ੀਨ ਵਿਚ ਛਪਦੀਆਂ ਸਨ। ਅਣਖ਼ੀ ਦੇ ਪਾਠਕ ਜਿੰਨੇ ਪੰਜਾਬੀ ਭਾਸ਼ਾ ਵਿਚ ਸਨ, ਉਸ ਤੋਂ ਕਿਤੇ ਵੱਧ ਹਿੰਦੀ ਦੇ ਪਾਠਕ ਵੀ ਉਨ੍ਹਾਂ ਨੂੰ ਪੜ੍ਹਦੇ ਸਨ। ਉਨ੍ਹਾਂ ਦਿਨਾਂ ਵਿਚ ‘ਸਾਰਿਕਾ’ ਮੈਗ਼ਜ਼ੀਨ ਵਿਚ ‘ਗਰਦਿਸ਼ ਕੇ ਦਿਨ’ ਸਿਰਲੇਖ ਹੇਠ ਬਹੁਤ ਸਾਰੇ ਨਾਮਵਰ ਸਾਹਿਤਕਾਰਾਂ ਦੇ ਲੇਖ ਛਪ ਰਹੇ ਸਨ। ਰਾਮ ਸਰੂਪ ਅਣਖੀ ਨੇ ਵੀ ਲਿਖਿਆ।
Baba Ram sarup ankhi
ਉਦੋਂ ਉਨ੍ਹਾਂ ਦੀ ਪਤਨੀ ਭਾਗਵੰਤੀ ਦੀ ਮੌਤ ਹੋ ਚੁੱਕੀ ਸੀ। ਜ਼ਿੰਦਗੀ ਵਿਚ ਇਕੱਲਾਪਣ ਅਤੇ ਚਾਰ ਬੱਚਿਆਂ ਦੀ ਜ਼ਿੰਮੇਵਾਰੀ ਵੀ ਸੀ। ਇਸ ਗਰਦਿਸ਼ ਭਰੇ ਆਲਮ ਦਾ ਹਾਲ ਅਪਣੇ ਲੇਖ ਵਿਚ ਲਿਖਿਆ ਜਿਸ ਨੂੰ ਪੜ੍ਹ ਕੇ ਬਹੁਤ ਸਾਰੇ ਪਾਠਕਾਂ ਦੀਆਂ ਚਿੱਠੀਆਂ ਆਈਆਂ। ਇਨ੍ਹਾਂ ਵਿਚੋਂ ਇਕ ਚਿੱਠੀ ਸ਼ੋਭਾ ਪਾਟਿਲ ਦੀ ਵੀ ਸੀ। ਆਮ ਰੁਟੀਨ ਵਿਚ ਅਣਖੀ ਨੇ ਚਿੱਠੀਆਂ ਦੇ ਜਵਾਬ ਦਿਤੇ ਪਰ ਸ਼ੋਭਾ ਪਾਟਿਲ ਦੀ ਚਿੱਠੀ ਫਿਰ ਆਈ, ਜਿਸ ਵਿਚ ਲਿਖਿਆ ਸੀ ਕਿ ‘ਮੈਂ ਤੁਹਾਡੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਹਾਂ।’ ਇਸ ਗੱਲ ਨੇ ਅਣਖੀ ਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿਤਾ। ਚਿੱਠੀਆਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ।
Writing
ਫਿਰ ਇਕ ਵਾਰ ਗੁਜਰਾਤ ਵਿਖੇ ਭਾਰਤੀ ਲੇਖਕਾਂ ਦੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਸੱਦਾ ਅਣਖ਼ੀ ਨੂੰ ਮਿਲਿਆ। ਪ੍ਰੋਗਰਾਮ ਬਣਿਆ ਕਿ ਰਸਤੇ ਵਿਚ ਅਜਮੇਰ (ਰਾਜਸਥਾਨ) ਸ਼ੋਭਾ ਪਾਟਿਲ ਨੂੰ ਮਿਲਿਆ ਜਾਵੇ। ਸ਼ੋਭਾ ਪਾਟਿਲ ਜੋ ਮਹਾਂਰਾਸ਼ਟਰ ਦੇ ਨਾਗਪੁਰ ਦੀ ਰਹਿਣ ਵਾਲੀ ਸੀ ਪਰ ਅਪਣੇ ਪਿਤਾ ਨਾਲ ਅਜਮੇਰ ਵਿਚ ਅਪਣੇ ਭੈਣ, ਭਰਾਵਾਂ ਨਾਲ ਰਹਿ ਰਹੀ ਸੀ।
ਉਨ੍ਹਾਂ ਦਿਨਾਂ ਵਿਚ ਹੀ ਰਾਮ ਸਰੂਪ ਅਣਖੀ ਦਾ ਨਾਵਲ ‘ਸੁਲਗਦੀ ਰਾਤ’ ਛਪ ਕੇ ਆਇਆ ਜਿਸ ਦਾ ਪੰਜਾਬੀ ਸਾਹਿਤ ਵਿਚ ਬਹੁਤ ਚਰਚਾ ਹੋਇਆ। ਚਿੱਠੀਆਂ ਦਾ ਸਿਲਸਿਲਾ ਲਗਾਤਾਰ ਚਲਦਾ ਰਿਹਾ। ਇਸ ਵਿਉਂਤ ਸਦਕਾ ਅਣਖੀ ਨੇ ਆਰਥਕ ਤੰਗੀਆਂ ਦੇ ਬਾਵਜੂਦ ਬਰਨਾਲੇ ਵਾਲੇ ਪਲਾਟ ਵਿਚ ਮਕਾਨ ਬਣਾ ਲਿਆ। ਆਖ਼ਰ ਸ਼ੋਭਾ ਪਾਟਿਲ ਨੂੰ ਅਪਣਾ ਬਣਾਉਣ ਲਈ ਗੁਰਚਰਨ ਚਾਹਲ ਭੀਖੀ ਨੂੰ ਨਾਲ ਲੈ ਕੇ ਅਜਮੇਰ (ਰਾਜਸਥਾਨ) ਜਾਣ ਦਾ ਪ੍ਰੋਗਰਾਮ ਬਣ ਗਿਆ। ਸ਼ੋਭਾ ਪਾਟਿਲ ਨੇ ਵੀ ਅਪਣੇ ਪ੍ਰਵਾਰ ਵਾਲਿਆਂ ਨੂੰ ਰਾਜ਼ੀ ਕਰ ਲਿਆ ਸੀ। ਬੇਸ਼ੱਕ ਇਸ ਲਈ ਉਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Shobha Ankhi
ਸ਼ੋਭਾ ਪਾਟਿਲ ਨਾਲ ਇਕ ਪਾਰਕ ਵਿਚ ਲੰਮੀ ਮੁਲਾਕਾਤ ਕੀਤੀ ਜਿਥੇ ਉਨ੍ਹਾਂ ਅਣਖ਼ੀ ਨੂੰ ਕਿਹਾ ਕਿ ਮੈਨੂੰ ਹੋਰ ਕੁੱਝ ਨਹੀਂ ਚਾਹੀਦਾ ਸਿਰਫ਼ ਪਿਆਰ, ਮੁਹੱਬਤ ਅਤੇ ਇੱਜ਼ਤ ਚਾਹੁੰਦੀ ਹਾਂ। ਦੂਸਰੇ ਦਿਨ ਹਾਥੀ ਭਾਟਾ ਗੁਰਦਵਾਰੇ ਵਿਚ ਅਨੰਦ ਕਾਰਜ ਦੀ ਰਸਮ ਹੋਈ ਜਿਸ ਨੇ ਦੋ ਜਿਸਮਾਂ ਤੋਂ ਇਕ ਰੂਹ ਵਿਚ ਤਬਦੀਲ ਕਰ ਦਿਤਾ। ਸ਼ੋਭਾ ਪਾਟਿਲ ਹੁਣ ਸ਼ੋਭਾ ਅਣਖ਼ੀ ਬਣ, ਬਰਨਾਲੇ ਨਵੇਂ ਮਕਾਨ ਨੂੰ ਘਰ ਬਣਾ ਰਹੀ ਸੀ। ਇਥੇ ਰਹਿ ਕੇ ਹੀ ਸ਼ੋਭਾ ਅਣਖ਼ੀ ਨੇ ਪੰਜਾਬੀ ਬੋਲਣੀ ਤੇ ਲਿਖਣੀ ਸਿਖ ਲਈ। ਅਣਖ਼ੀ ਦੇ ਬੱਚਿਆਂ ਨੂੰ ਬੇਹੱਦ ਪਿਆਰ ਤੇ ਮਮਤਾ ਦੀ ਡੋਰ ਵਿਚ ਬੰਨ੍ਹ ਕੇ ਰੱਖਿਆ। ਘਰ ਵਿਚ ਆਉਣ ਵਾਲੇ ਹਰ ਵੱਡੇ ਛੋਟੇ ਸਾਹਿਤਕਾਰ ਨੂੰ ਬਣਦਾ ਸਤਿਕਾਰ ਦਿਤਾ।
Writer
ਸ਼ੋਭਾ ਅਣਖ਼ੀ ਦਾ ਦਿਲ ਬਹੁਤ ਵਿਸ਼ਾਲ ਸੀ। ਉਹ ਸਮਾਜ ਵਿਚ ਖੁਲ੍ਹ ਕੇ ਵਿਚਰਦੀ ਸੀ। ਸਮਾਂ ਤੇਜ਼ੀ ਨਾਲ ਗੁਜ਼ਰਿਆ ਰਾਮ ਸਰੂਪ ਅਣਖ਼ੀ ਨੂੰ ਬਹੁਤ ਸਾਰੇ ਸਨਮਾਨ ਮਿਲੇ, ਸ਼ੋਭਾ ਅਣਖ਼ੀ ਦਾ ਮਾਣ ਹੋਰ ਵਧਿਆ। 14 ਫ਼ਰਵਰੀ, 2010 ਨੂੰ ਅਚਾਨਕ ਦੁੱਖਾਂ ਦਾ ਪਹਾੜ ਟੁੱਟਿਆ। ਰਾਮ ਸਰੂਪ ਅਣਖ਼ੀ ਸੰਸਾਰ ਨੂੰ ਅਲਵਿਦਾ ਕਹਿ ਗਏ ਪਰ ਅਪਣੀਆਂ ਲਿਖਤਾਂ ਵਿਚ ਅਮਰ ਹੋ ਗਏ। ਸ਼ੋਭਾ ਅਣਖੀ ਅਤੇ ਪ੍ਰਵਾਰ ਲਈ ਬਹੁਤ ਔਖਾ ਸਮਾਂ ਸੀ। ਸ਼ੋਭਾ ਅਣਖ਼ੀ ਦੇ ਮਨ ਅੰਦਰ ਅਣਖੀ ਦੇ ਵਿਯੋਗ ਦੀ ਧੂਣੀ ਬਲਦੀ ਰਹਿੰਦੀ। ਇਸ ਕਾਰਨ ਉਸ ਨੂੰ ਸ਼ੂਗਰ ਅਤੇ ਦਿਲ ਦੀ ਬੀਮਾਰੀ ਨਾਲ ਦੋ-ਚਾਰ ਹੋਣਾ ਪਿਆ ਅਤੇ 27 ਮਈ 2019 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।