ਮੈਂ ਗੁਨਾਹਗਾਰ ਹਾਂ (ਭਾਗ 2)
Published : Oct 25, 2018, 5:14 pm IST
Updated : Oct 25, 2018, 5:14 pm IST
SHARE ARTICLE
Guilty
Guilty

ਅੱਜ ਪਾਠਕਾਂ ਨੇ ਜਿਸ ਤਰ੍ਹਾਂ ਮੇਰੇ ਨਾਲ ਇਹ ਪੀੜ ਵੰਡੀ, ਉਹ ਮੈਨੂੰ ਇਕ ਵੇਰਾਂ ਫਿਰ ਪੰਜਾਹ ਵਰ੍ਹੇ ਪਿੱਛੇ ਉਸੇ ਹੀ ਨਿੱਕੀ ਜਹੀ ਨਹਿਰ ਕੰਢੇ ਖੜਾ ਕਰ ਗਏ। ਹੋ ਸਕਦੈ ਹੋਰ..

(ਅਮੀਨ ਮਲਿਕ) ਅੱਜ ਪਾਠਕਾਂ ਨੇ ਜਿਸ ਤਰ੍ਹਾਂ ਮੇਰੇ ਨਾਲ ਇਹ ਪੀੜ ਵੰਡੀ, ਉਹ ਮੈਨੂੰ ਇਕ ਵੇਰਾਂ ਫਿਰ ਪੰਜਾਹ ਵਰ੍ਹੇ ਪਿੱਛੇ ਉਸੇ ਹੀ ਨਿੱਕੀ ਜਹੀ ਨਹਿਰ ਕੰਢੇ ਖੜਾ ਕਰ ਗਏ। ਹੋ ਸਕਦੈ ਹੋਰ ਵੀ ਹੋਣ, ਪਰ ਮੈਂ ਅਪਣੇ ਆਪ ਨੂੰ ਬੜਾ ਹੀ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਅੱਜ 23 ਅਗੱਸਤ ਐਤਵਾਰ ਵਾਲੇ ਦਿਨ ਹਜ਼ਾਰਾਂ ਮੀਲ ਦੂਰ ਬੈਠੇ ਪਾਠਕਾਂ ਦੇ ਉਨਾਹਠ (59) ਫ਼ੋਨ ਆਏ। ਪਹਿਲਾ ਫ਼ੋਨ ਕੈਨੇਡਾ ਤੋਂ ਰਾਤ ਦੋ ਵਜੇ ਆਇਆ। ਅਜੀਬ ਗੱਲ ਸੀ ਕਿ ਅਕਸਰ ਲੋਕਾਂ ਦੀ ਜ਼ਬਾਨ ਤਾਂ ਕੁੱਝ ਨਾ ਕਹਿ ਸਕੀ, ਬਲਕਿ ਬਹੁਤਾ ਕੁੱਝ ਉਨ੍ਹਾਂ ਦੀਆਂ ਅੱਖਾਂ ਦੇ ਅਥਰੂ ਹੀ ਆਖਦੇ ਰਹੇ। ਉਨ੍ਹਾਂ ਦਾ ਰੋਣਾ ਹੀ ਉਨ੍ਹਾਂ ਦੀ ਗੁਫ਼ਤਗੂ ਸੀ।

ਰਾਤ ਦੋ ਵਜੇ ਦਾ ਜਾਗਿਆ ਰਾਣੀ ਮਲਿਕ ਦੇ ਹਵਾਲੇ ਫ਼ੋਨ ਕਰ ਕੇ ਇਕ ਘੰਟੇ ਲਈ ਸੌਣਾ ਚਾਹਿਆ। ਪਰ ਸਿਰਫ਼ ਪੰਜ ਫ਼ੋਨ ਸੁਣ ਕੇ ਉਹ ਹੰਭ ਗਈ ਤੇ ਆਖਣ ਲੱਗੀ, ''ਇਹ ਲੋਕਾਂ ਦਾ ਰੋਣਾ ਮੈਥੋਂ ਨਹੀਂ ਝਲਿਆ ਜਾਂਦਾ। ਤੂੰ ਆਪ ਹੀ ਅਪਣੇ ਮਾਜ਼ੀ ਦੇ ਹਾਦਸੇ ਦਾ ਦਰਦ ਸੁਣ।'' ਇੰਡੀਆ ਵਿਚ ਰਾਤ ਪੈ ਗਈ ਸੀ ਤੇ ਮੈਂ ਬਟਾਲੇ ਤੋਂ ਆਖ਼ਰੀ ਫ਼ੋਨ ਸੁਣ ਕੇ ਰਾਤ ਤਕ ਅਪਣੀ ਜ਼ਿੰਦਗੀ ਦੀ ਕਿਤਾਬ ਉਤੇ ਲੋਕਾਂ ਦੇ ਜਜ਼ਬਾਤ ਬਾਰੇ ਸੋਚਦਾ ਸੋਚਦਾ ਸੌਂ ਗਿਆ। ਪਤਾ ਨਹੀਂ, ਉਹ ਮੇਰੀ ਧੀ ਕੌਣ ਤੇ ਕਿਥੋਂ ਸੀ ਜਿਸ ਦਾ ਰਾਤ ਡੇਢ ਵਜੇ ਹੀ ਫ਼ੋਨ ਆ ਗਿਆ ਤੇ ਉਸ ਨੇ ਦੁੱਖ ਦਰਦ ਦਾ ਅਜਿਹਾ ਖੂਹ ਜੋਇਆ ਕਿ ਅੱਖਾਂ ਦੀਆਂ ਟਿੰਡਾਂ ਦੇਰ ਤਕ ਵਰ੍ਹਦੀਆਂ ਰਹੀਆਂ।

ਅੱਜ ਐਤਵਾਰ ਦਾ ਦਿਹਾੜਾ ਲੰਘਿਆਂ ਤਿੰਨ ਦਿਨ ਹੋ ਗਏ ਨੇ। ਅਥਰੀ ਦੀ ਕਹਾਣੀ ਦਾ ਅੰਜਾਮ ਤੇ ਹੋ ਗਿਆ ਪਰ ਫ਼ੋਨ ਕਾਲਾਂ ਦਾ ਅਖ਼ਤਤਾਮ (ਅੰਤ) ਅਜੇ ਵੀ ਨਹੀਂ ਹੋ ਰਿਹਾ। ਨਾ ਤੇ ਮੈਂ ਏਨਾ ਪੜ੍ਹਿਆ, ਨਾ ਗੁੜ੍ਹਿਆ ਅਤੇ ਨਾ ਹੀ ਚੰਗੀ ਤਰ੍ਹਾਂ ਘੜਿਆ ਹੋਇਆ ਹਾਂ ਪਰ ਮਿਹਰਬਾਨਾਂ ਨੇ ਜੋ ਇੱਜ਼ਤ ਮੈਨੂੰ ਦਿਤੀ, ਉਹ ਸ਼ਾਇਦ ਮੇਰਾ ਹੱਕ ਨਹੀਂ ਸੀ। ਭਾਵੇਂ ਮੈਨੂੰ ਰੁਤਬੇ ਵਾਲੇ ਵੱਡੇ ਵੱਡੇ ਲੋਕਾਂ ਦੇ ਫ਼ੋਨ ਵੀ ਆਏ ਜਿਨ੍ਹਾਂ ਵਿਚ ਖੇਡਾਂ ਦੇ ਮੰਤਰੀ ਮਨੋਹਰ ਸਿੰਘ ਗਿੱਲ, ਕਈ ਐਮ.ਐਲ.ਏ., ਡੀ.ਆਈ.ਜੀ., ਕਈ ਐਸ.ਪੀ. ਤੇ ਮਾਣਯੋਗ ਸਵਰਗੀ ਸ. ਹਰਿੰਦਰ ਸਿੰਘ ਮਹਿਬੂਬ ਜਹੇ ਲੋਕ ਸ਼ਾਮਲ ਹਨ।

ਪਰ ਮੇਰੇ ਲਈ ਨਾ ਭੁੱਲਣ ਵਾਲਾ ਅਤੇ ਇੱਜ਼ਤ ਦੇਣ ਵਾਲਾ ਇਕ ਅਜਿਹਾ ਫ਼ੋਨ ਵੀ ਹੈ ਜਿਸ ਨੂੰ ਯਾਦ ਕਰ ਕੇ ਅਕਸਰ ਸੋਚਦਾ ਹਾਂ ਕਿ ਮੈਂ ਤਾਂ ਨਿਗੂਣਾ ਨਿਤਾਣਾ ਹੀ ਸੀ ਪਰ ਮਾਂ ਬੋਲੀ ਪੰਜਾਬੀ ਦੀ ਮੁਹੱਬਤ ਨੇ ਮੇਰੇ ਕੈਸੇ-ਕੈਸੇ ਕਦਰਦਾਨ ਪੈਦਾ ਕੀਤੇ। ਇਹ ਫ਼ੋਨ ਇਕ ਨਿੱਘੀ ਜਹੀ ਬੀਬੀ ਰਾਜਿੰਦਰ ਕੌਰ ਦਾ ਹੈ ਜੋ ਯਮਨਾ ਨਗਰ, ਤਹਿਸੀਲ ਬਿਲਾਸਪੁਰ ਤੋਂ ਫ਼ੋਨ ਕਰ ਕੇ ਏਨਾ ਹੀ ਆਖਦੀ ਏ, ''ਵੀਰ ਜੀ, ਤੁਹਾਡੀ ਲਿਖਤ ਪੜ੍ਹ ਕੇ ਰੋ ਲੈਂਦੀ ਹਾਂ ਤੇ ਜਦ ਦਿਲ ਮਜਬੂਰ ਕਰਦੈ ਤਾਂ ਫ਼ੋਨ ਕਰ ਲੈਂਦੀ ਹਾਂ।'' (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement