ਉਨ੍ਹਾਂ ਦੇ ਸਵਰਗਵਾਸ ਹੋਣ ਦੇ 51 ਸਾਲ ਬੀਤ ਜਾਣ ਦੇ ਬਾਅਦ ਵੀ ਗਿਆਨੀ ਸੋਢੀ ਨਿਰੰਜਨ ਸਿੰਘ ਦੀ ਵਿਦਵਤਾ ਤੇ ਸਿਆਣਪ ਦੇ ਝੰਡੇ ਝੂਲ ਰਹੇ ਹਨ।
ਅਧਿਆਪਨ ਦਾ ਕਿੱਤਾ ਬੜਾ ਪਵਿੱਤਰ ਹੈ, ਪ੍ਰੰਤੂ ਜੇਕਰ ਅਧਿਆਪਕ ਗੁਰਮਤਿ ਦੇ ਰੰਗ ਵਿਚ ਰੰਗਿਆ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਜਿਹੜਾ ਅਧਿਆਪਕ ਮੁਲਤਾਨ ਜ਼ਿਲ੍ਹੇ ਦਾ ਜੰਮਪਲ ਤੇ ਸੋਢੀ ਵੰੰਸ਼ ਦਾ ਵਾਰਸ ਹੋਵੇ ਤਾਂ ਉਸ ਦੇ ਵਿਅਕਤੀਤਵ ਨੂੰ ਚਾਰ ਚੰਨ ਲੱਗ ਜਾਂਦੇ ਹਨ। ਵਿਦਿਆਰਥੀਆਂ ਨੂੰ ਅਪਣਾ ਸਰਮਾਇਆ ਸਮਝਦਾ ਹੋਇਆਂ ਉਨ੍ਹਾਂ ਨੂੰ ਗੁਰਮਤਿ ਦੇ ਰੰਗ ਵਿਚ ਰੰਗ ਕੇ ਪੜ੍ਹਾਈ ਕਰਨ ਲਈ ਪ੍ਰੇਰਦਾ ਹੋਵੇ ਤਾਂ ਕੁਦਰਤੀ ਹੈ ਕਿ ਵਿਦਿਆਰਥੀ ਦੇਸ਼ ਤੇ ਕੌਮ ਲਈ ਮਰ ਮਿਟਣ ਵਾਲੇ ਦੇਸ਼ ਭਗਤ ਬਣਨਗੇ। ਅਜਿਹਾ ਹੀ ਇਕ ਅਧਿਆਪਕ ਗਿਆਨੀ ਸੋਢੀ ਨਿਰੰਜਨ ਸਿੰਘ ਸੀ ਜਿਸ ਦੇ ਵਿਦਿਆਰਥੀ ਸਮਾਜ ਦੇ ਵੱਖ-ਵੱਖ ਸ਼ੋਹਬਿਆਂ ਵਿਚ ਅਪਣੀ ਲਿਆਕਤ ਦਾ ਪ੍ਰਗਟਾਵਾ ਕਰਦੇ ਹੋਏ, ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਗੁਰੂ ਦੇਵ ਸੋਢੀ ਨਿਰੰਜਨ ਸਿੰਘ ਨੂੰ ਦਿੰਦੇ ਨਹੀਂ ਥੱਕਦੇ। ਉਨ੍ਹਾਂ ਦੇ ਸਵਰਗਵਾਸ ਹੋਣ ਦੇ 51 ਸਾਲ ਬੀਤ ਜਾਣ ਦੇ ਬਾਅਦ ਵੀ ਗਿਆਨੀ ਸੋਢੀ ਨਿਰੰਜਨ ਸਿੰਘ ਦੀ ਵਿਦਵਤਾ ਤੇ ਸਿਆਣਪ ਦੇ ਝੰਡੇ ਝੂਲ ਰਹੇ ਹਨ।
ਉਨ੍ਹਾਂ ਦੇ ਵਿਦਿਆਰਥੀਆਂ ਦੇ ਚਹੇਤਾ ਹੋਣ ਦਾ ਸਬੂਤ ਇਥੋਂ ਮਿਲਦਾ ਹੈ ਕਿ ਪੰਜਾਬੀ ਵਿਦਵਾਨ ਲੇਖਕ ਵਰਿਆਮ ਸਿੰਘ ਸੰਧੂ ਉਨ੍ਹਾਂ ਦੀ ਕਾਬਲੀਅਤ ਦਾ ਜ਼ਿਕਰ ਕਰਦਾ ਹੋਇਆ ਭਾਵੁਕ ਹੋ ਜਾਂਦਾ ਹੈ। ਸਕੂਲ ਪੱਧਰ ਦੇ ਪੰਜਾਬੀ ਅਧਿਆਪਕ ਨੂੰ ਬਹੁਤਾ ਮਹੱਤਵ ਨਹੀਂ ਦਿਤਾ ਜਾਂਦਾ, ਪ੍ਰੰਤੂ ਗਿਆਨੀ ਸੋਢੀ ਨਿਰੰਜਨ ਸਿੰਘ ਦਾ ਪੰਜਾਬੀ ਪੜ੍ਹਾਉਣ ਦੇ ਢੰਗ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਕਿ ਉਹ ਉਸ ਸਮੇਂ ਸ਼ਬਦ ਜੋੜ ਦਾ ਖ਼ਾਸ ਧਿਆਨ ਰਖਦੇ ਸਨ। ਜਦੋਂ ਕਿ ਅਜੋਕੇ ਕਾਲਜਾਂ ਅਤੇ ਯੂਨੀਵਰਸਿਟੀ ਦੇ ਕੱੁਝ ਵਿਦਵਾਨਾਂ ਨੂੰ ਖ਼ੁਦ ਵੀ ਸ਼ਬਦ ਜੋੜਾਂ ਦੀ ਸਹੀ ਜਾਣਕਾਰੀ ਨਹੀਂ ਹੈ। ਉਹ ਗੁਰਬਾਣੀ ਦੇ ਗਿਆਤਾ ਸਨ। ਬਹੁਤੀ ਗੁਰਬਾਣੀ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸੀ।
ਗਿਆਨੀ ਸੋਢੀ ਨਿਰੰਜਨ ਸਿੰਘ ਸਾਹਿਤ ਪ੍ਰੇਮੀ ਸਨ, ਉਨ੍ਹਾਂ ਦੀ ਵਿਰਾਸਤ ਅਰਥਾਤ ਉਨ੍ਹਾਂ ਦੇ ਪਿਤਾ ਸੋਢੀ ਫ਼ਕੀਰ ਦਾਸ ਸਾਹਿਤ ਦੇ ਪਾਠਕ ਸਨ। ਜਿਨ੍ਹਾਂ ਤੋਂ ਉਨ੍ਹਾਂ ਨੂੰ ਪੰਜਾਬੀ ਦਾ ਸਾਹਿਤ ਪੜ੍ਹਨ ਦੀ ਪ੍ਰੇਰਨਾ ਮਿਲੀ। ਗਿਆਨੀ ਨਿਰੰਜਨ ਸਿੰਘ ਅੱਖਰੀ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਸਫ਼ਲ ਜ਼ਿੰਦਗੀ ਬਸਰ ਕਰਨ ਦੇ ਗੁਰ ਦਸਦੇ ਸਨ। ਉਹ ਸਮਝਦੇ ਸਨ, ਅੱਖਰੀ ਪੜ੍ਹਾਈ ਨੌਕਰੀਆਂ ਪ੍ਰਾਪਤ ਕਰਨ ਲਈ ਤਾਂ ਲਾਹੇਵੰਦ ਹੁੰਦੀ ਹੈ ਪ੍ਰੰਤੂ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਸਮਾਜਕ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੁੰਦੀ ਹੈ। ਉਹ ਸਕੂਲ ਦੀਆਂ ਕੰਧਾਂ ’ਤੇ ਕਲਾਤਮਿਕ ਢੰਗ ਨਾਲ ਗੁਰਬਾਣੀ ਦੀਆਂ ਤੁਕਾਂ ਮੋਟੇ ਚਾਰਟਾਂ ’ਤੇ ਲਿਖ ਕੇ ਟੰਗ ਦਿੰਦੇ ਸਨ ਤਾਂ ਜੋ ਵਿਦਿਆਰਥੀ ਸਿੱਖੀ ਸੋਚ ਨਾਲ ਜੁੜੇ ਰਹਿਣ ਅਤੇ ਸਦਾਚਾਰ ਦੀਆਂ ਕਦਰਾਂ ਕੀਮਤਾਂ ’ਤੇ ਪਹਿਰਾ ਦਿੰਦੇ ਰਹਿਣ। ਕਿਰਤ ਕਰੋ ਤੇ ਵੰਡ ਛੱਕੋ ਦੇ ਸਿਧਾਂਤ ’ਤੇ ਪਹਿਰਾ ਦੇਣ ਵਿਚ ਖ਼ੁਸ਼ੀ ਮਹਿਸੂਸ ਕਰਦੇ ਸਨ ਜਿਸ ਕਰ ਕੇ ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਕਿਰਤ ਦੀ ਪ੍ਰਵਿਰਤੀ ’ਤੇ ਪਹਿਰਾ ਦੇ ਰਹੇ ਹਨ।
ਸੋਢੀ ਨਿਰੰਜਣ ਸਿੰਘ ਦਾ ਜਨਮ 11 ਨਵੰਬਰ 1904 ਈ. ਨੂੰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮੁਲਤਾਨ ਦੀ ਲੋਧਰਾਂ ਤਹਿਸੀਲ ਦੇ ਪਿੰਡ ਗੋਗੜਾ ਵਿਚ ਪਿਤਾ ਸੋਢੀ ਫ਼ਕੀਰ ਦਾਸ ਅਤੇ ਮਾਤਾ ਪ੍ਰਸਿੰਨੀ ਦੇਵੀ ਦੀ ਕੁੱਖੋਂ ਹੋਇਆ ਸੀ। ਜਦੋਂ ਉਹ ਪ੍ਰਾਇਮਰੀ ਸਕੂਲ ਵਿਚ ਪੜ੍ਹ ਰਿਹਾ ਸੀ, ਉਦੋਂ ਉਸ ਦੇ ਪਿਤਾ ਸਵਰਗਵਾਸ ਹੋ ਗਏ। ਉਨ੍ਹਾਂ ਦਿਨਾਂ ਵਿਚ ਅੰਗਰੇਜ਼ਾਂ ਨੂੰ ਪਹਿਲੇ ਸੰਸਾਰ ਯੁਧ ਲਈ ਸਿਪਾਹੀਆਂ ਦੀ ਭਰਤੀ ਦੀ ਲੋੜ ਸੀ। ਪੁਲਿਸ ਇੰਸਪੈਕਟਰ ਅਨੂਪ ਸਿੰਘ ਪਿੰਡ ਵਿਚ ਭਰਤੀ ਕਰਨ ਲਈ ਪੁੱਜੇ। ਮਾਤਾ ਨੇ ਵੱਡਾ ਲੜਕਾ ਅਮਰੀਕ ਸਿੰਘ ਖੇਤਾਂ ਵਿਚ ਲੁਕੋ ਦਿਤਾ ਤੇ ਕਿਹਾ ਮੇਰਾ ਤਾਂ ਇਕੋ ਛੋਟਾ ਬੇਟਾ ਹੈ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ। ਬੇਟਾ ਪੜ੍ਹਨਾ ਚਾਹੁੰਦਾ ਹੈ। ਰਹਿਮ ਦਿਲ ਪੁਲਿਸ ਇੰਸਪੈਕਟਰ ਨਿਰੰਜਨ ਸਿੰਘ ਨੂੰ ਅਪਣੇ ਨਾਲ ਤਰਨਤਾਰਨ ਨੇੜੇ ਖੱਬੇ ਰਾਜਪੂਤਾਂ ਲੈ ਆਇਆ। ਉਸ ਦੇ ਅਪਣੇ ਕੋਈ ਪੁੱਤਰ ਨਹੀਂ ਸੀ। ਨਿਰੰਜਨ ਸਿੰਘ ਨੂੰ ਤਰਨਤਾਰਨ ਗੁਰਮਤਿ ਵਿਦਿਆਲੇ ਵਿਚ ਦਾਖ਼ਲ ਕਰਵਾ ਕੇ ਪੜ੍ਹਾਇਆ।
ਫਿਰ ਉਨ੍ਹਾਂ ਨੇ 1926-27 ਵਿਚ ਗਿਆਨੀ ਅਤੇ ਓ ਟੀ ਪਾਸ ਕਰਨ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਦਾਖ਼ਲ ਕਰਵਾ ਦਿਤਾ ਅਤੇ ਸਾਰਾ ਖ਼ਰਚਾ ਆਪ ਕਰਦੇ ਰਹੇ। ਓ ਟੀ ਉਨ੍ਹਾਂ ਦਿਨਾਂ ਵਿਚ ਅਧਿਆਪਕ ਸਿਖਿਆ ਨੂੰ ਕਿਹਾ ਜਾਂਦਾ ਸੀ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਉਨ੍ਹਾਂ ਪ੍ਰਿੰਸੀਪਲ ਮਨਮੋਹਨ ਸਿੰਘ ਐਮ.ਏ., ਪ੍ਰੋ.ਤੇਜਾ ਸਿੰਘ, ਪ੍ਰੋ.ਨਿਰੰਜਣ ਸਿੰਘ ਐਮ.ਐਸ.ਸੀ. ਅਤੇ ਬਿਸ਼ਨ ਸਿੰਘ ਵਰਗੇ ਵਿਦਵਾਨਾਂ ਤੋਂ ਸਿਖਿਆ ਹਾਸਲ ਕੀਤੀ ਜਿਸ ਕਰ ਕੇ ਉਨ੍ਹਾਂ ਦੇ ਵਿਅਕਤੀਤਵ ਵਿਚ ਨਿਖ਼ਾਰ ਆਇਆ। ਸਾਂਝੇ ਪੰਜਾਬ ਦੇ ਪਹਿਲਾਂ ਗੁਜਰਾਂਵਾਲਾ ਦੇ ਕਿਸੇ ਸਕੂਲ ਵਿਚ ਪੜ੍ਹਾਉਂਦੇ ਰਹੇ।
ਫਿਰ ਉਸ ਦੀ ਚੋਣ ਪੰਜਾਬੀ ਅਧਿਆਪਕ ਦੀ ਹੋ ਗਈ, ਪਹਿਲਾਂ ਨੌਸ਼ਹਿਰਾ ਪੰਨੂਆਂ, ਝਬਾਲ (1933), ਲੋਪੋਕੇ (1942), ਅਟਾਰੀ (1947) ਤੇ ਆਖ਼ਰੀ ਸਟੇਸ਼ਨ ਪਿੰਡ ਸੁਰ ਸਿੰਘ ਵਿਖੇ ਸੇਵਾ ਕਰਦੇ ਰਹੇ। ਉਹ 11 ਨਵੰਬਰ 1959 ਨੂੰ ਨੌਕਰੀ ਵਿਚੋਂ ਸੇਵਾ ਮੁਕਤ ਹੋਏ ਸਨ। ਗਿਆਨੀ ਨਿਰੰਜਨ ਸਿੰਘ ਦਾ ਵਿਆਹ 1931 ਵਿਚ ਬੀਬੀ ਰਾਮ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਤਿੰਨ ਧੀਆਂ ਚਰਨਜੀਤ ਕੌਰ, ਗੁਰਵੰਤਜੀਤ ਕੌਰ, ਗੁਰਦੀਪ ਕੌਰ ਅਤੇ ਚਾਰ ਪੁੱਤਰਾਂ ਸਵਰਨ ਸਿੰਘ ਸੋਢੀ ਸੇਵਾ ਮੁਕਤ ਕਾਲਜ ਪ੍ਰਿੰਸੀਪਲ, ਗੁਰਚਰਨ ਸਿੰਘ ਸੋਢੀ ਸੇਵਾ ਮੁਕਤ ਜਾਇੰਟ ਡਾਇਰੈਕਟਰ ਲੋਕ ਸੰਪਰਕ ਪੰਜਾਬ, ਕ੍ਰਿਸ਼ਨ ਕ੍ਰਿਪਾਲ ਸਿੰਘ ਸੋਢੀ, ਸੇਵਾ ਮੁਕਤ ਇੰਜੀਨੀਅਰ ਅਤੇ ਮਰਹੂਮ ਰਵਿੰਦਰਪਾਲ ਸਿੰਘ ਸੋਢੀ, ਪੁਲਿਸ ਇੰਸਪੈਕਟਰ ਨੇ ਜਨਮ ਲਿਆ।
ਗਿਆਨੀ ਨਿਰੰਜਨ ਸਿੰਘ ਨੇ ਸਾਰੇ ਬੱਚਿਆਂ ਨੂੰ ਉਚ ਤੇ ਬਿਹਤਰੀਨ ਵਿਦਿਆ ਦਿਵਾਈ ਜਿਸ ਕਰ ਕੇ ਸਾਰਾ ਪ੍ਰਵਾਰ ਪੜਿ੍ਹਆ ਲਿਖਿਆ ਅਤੇ ਉਚ ਅਹੁਦਿਆਂ ’ਤੇ ਬਿਰਾਜਮਾਨ ਰਿਹਾ। ਮੁਲਤਾਨ ਵਾਲੇ ਘਰ ਦੇ ਬਦਲੇ ਮਿਲੇ ਕਲੇਮ ਨਾਲ ਉਨ੍ਹਾਂ ਨੇ ਫ਼ਿਲੌਰ ਸਰਕਾਰੀ ਬੋਲੀ ਦੇ ਕੇ ਮਕਾਨ ਖ਼ਰੀਦ ਲਿਆ ਸੀ। ਨੌਕਰੀ ਵਿਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਫ਼ਿਲੌਰ ਵਿਖੇ ਹੀ ਰਹੇ। 25 ਜੂਨ 1963 ਨੂੰ ਉਹ ਸਵਰਗਵਾਸ ਹੋ ਗਏ।
-ਉਜਾਗਰ ਸਿੰਘ, 94178-13072