
ਲਿਬਰਲ ਪਾਰਟੀ ਦੇ ਐਮਪੀ ਦੇ ਬਿਆਨ ਦੀ ਹੋ ਰਹੀ ਡਾਢੀ ਚਰਚਾ
ਔਟਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਐਮਪੀ ਚੰਦਰ ਆਰਿਆ ਨੇ ਦੇਸ਼ ਦੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ਼ ਕਾਮਨਜ਼’ ’ਚ ‘ਵੱਖਵਾਦੀ’ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਬਰਸੀ ਮੌਕੇ ਉਨ੍ਹਾਂ ਦੀ ਯਾਦ ’ਚ ਮੌਨ ਰੱਖਣ ਖ਼ਿਲਾਫ਼ ਅਸਹਿਮਤੀ ਪ੍ਰਗਟਾਈ ਹੈ।
ਸੰਸਦ ਮੈਂਬਰ ਚੰਦਰ ਆਰਿਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸੰਸਦ ’ਚ ਸਿਰਫ਼ ਉਨ੍ਹਾਂ ਸ਼ਖ਼ਸੀਅਤਾਂ ਲਈ ਹੀ ਮੌਨ ਰਖਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣਾ ਬਹੁਤਾ ਜੀਵਨ ਕੈਨੇਡਾ ਦੀ ਸੇਵਾ ਕਰਦਿਆਂ ਬਿਤਾਇਆ ਹੋਵੇ ਅਤੇ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ। ‘ਨਿੱਝਰ ਅਜਿਹੀਆਂ ਸ਼ਖ਼ਸੀਅਤਾਂ ’ਚ ਸ਼ਾਮਲ ਨਹੀਂ ਹਨ।’ ਉਨ੍ਹਾਂ ਕਿਹਾ ਕਿ ਸੰਸਦ ’ਚ ਮੌਨ ਰੱਖਣ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਗੱਲ ਦਾ ਖ਼ਿਆਲ ਰਖਿਆ ਜਾਣਾ ਚਾਹੀਦਾ ਸੀ ਕਿ ਨਿੱਝਰ ਬਾਰੇ ਕੁਝ ‘ਠੋਸ ਦੋਸ਼ਾਂ’ ਦੇ ਆਧਾਰ ’ਤੇ ਕਾਫ਼ੀ ਵਿਵਾਦ ਛਿੜਿਆ ਹੋਇਆ ਹੈ।
ਇਥੇ ਵਰਨਣਯੋਗ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਪਿਛਲੇ ਵਰ੍ਹੇ 18 ਜੂਨ ਨੂੰ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਇਕ ਗੁਰਦਵਾਰਾ ਸਾਹਿਬ ਦੇ ਬਾਹਰ ਗੋਲ਼ੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਸੀ।
ਇਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਕੈਨੇਡੀਅਨ ਸੂਬੇ ਉਨਟਾਰੀਉ ਦੇ ਨੇਪੀਅਨ ਹਲਕੇ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੰਦਰ ਆਰਿਆ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ੀ ਨੇੜੇ ਸਮਝਿਆ ਜਾਂਦਾ ਹੈ। ਉਹ ਸ਼ੁਰੂ ਤੋਂ ਹੀ ਖ਼ਾਲਿਸਤਾਨੀ ਵਿਚਾਰਧਾਰਾ ਦੇ ਖ਼ਿਲਾਫ਼ ਸਖ਼ਤ ਸਟੈਂਡ ਲੈਂਦੇ ਰਹੇ ਹਨ। ਨਿੱਝਰ ਕਤਲ ਦੇ ਮਾਮਲੇ ’ਚ ਜਸਟਿਨ ਟਰੂਡੋ ਪਿਛਲੇ ਵਰ੍ਹੇ ਸੰਸਦ ’ਚ ਬਿਆਨ ਦੇ ਚੁਕੇ ਹਨ ਕਿ ‘ਨਿੱਝਰ ਦਾ ਕਤਲ ਕਰਵਾਉਣ ਪਿਛੇ ਭਾਰਤ ਸਰਕਾਰ ਦਾ ਹੱਥ ਹੈ।’ ਇਸ ਸਿੱਧੇ ਦੋਸ਼ ਦਾ ਭਾਰਤ ਸਰਕਾਰ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਸੀ ਤੇ ਤਦ ਤੋਂ ਦੋਵੇਂ ਦੇਸ਼ਾਂ ਵਿਚਾਲੇ ਆਪਸੀ ਸਬੰਧਾਂ ’ਚ ਕੜਵਾਹਟ ਪੈਦਾ ਹੋ ਗਈ ਸੀ।