
ਪੰਜਾਬ ਸਕੱਤਰੇਤ ਤੇ ਹਾਈ ਕੋਰਟ ਵਿਚ ਵੀ ਕੋਰੋਨਾ ਦੀ ਦਸਤਕ ਦਾ ਖ਼ਤਰਾ ਬਣਿਆ
ਚੰਡੀਗੜ੍ਹ, 7 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਕਹਿਰ ਜਾਰੀ ਹੈ। ਅੱਜ ਸ਼ਾਮ ਤੱਕ 24 ਘੰਟੇ ਦੋਰਾਨ 300 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁਲ ਅੰਕੜਾ 6800 ਦੇ ਨੇੜੇ ਪਹੁੰਚ ਗਿਆ ਹੈ। ਅੱਜ 6 ਹੋਰ ਮੌਤਾਂ ਹੋਈਆਂ ਹਨ, ਜਿਸ ਨਾਲ ਮੌਤਾਂ ਦੀ ਗਿਣਤੀ ਵੀ 178 ਤਕ ਪਹੁੰਚ ਗਈ ਹੈ। ਇਸ ਸਮੇਂ 2020 ਕੋਰੋਨਾ ਪੀੜਤ ਮਰੀਜ਼ ਇਲਾਜ ਅਧੀਨ ਹਨ ਜਿਨ੍ਹਾਂ ਵਿਚੋਂ 44 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 38 ਆਕਸੀਜਨ ਅਤੇ 6 ਵੈਂਟੀਲੇਟਰ 'ਤੇ ਹਨ। ਅੱਜ ਹੋਈਆਂ ਮੌਤਾਂ ਵਿਚ ਇਕ ਇਕ ਮਾਮਲਾ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਮੋਹਾਲੀ, ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਨਾਲ ਸਬੰਧਤ ਹੈ। ਅੱਜ ਜ਼ਿਲ੍ਹਾ ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਵਿਚ ਕੋਰੋਨਾ ਧਮਾਕੇ ਹੋਏ ਹਨ ਜਿਥੇ ਕ੍ਰਮਵਾਰ 78 ਅਤੇ 43-43 ਪਾਜ਼ੇਟਿਵ ਮਾਮਲੇ 24 ਘੰਟਿਆਂ ਦੌਰਾਨ ਨਵੇਂ ਆਏ ਹਨ।
ਨਵਾਂ ਸ਼ਹਿਰ ਜ਼ਿਲ੍ਹੇ ਵਿਚ ਵੀ 26 ਹੋਰ ਮਾਮਲੇ ਆਏ ਹਨ। ਸੂਬੇ ਵਿਚ ਜਿਥੇ ਕੁਲ ਪਾਜ਼ੇਟਿਵ ਮਾਮਲੇ 6790 ਤਕ ਪਹੁੰਚ ਗਏ ਹਨ ਉਥੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 4554 ਤਕ ਹੋ ਗਈ ਹੈ। ਇਸ ਸਮੇਂ ਸੱਭ ਤੋਂ ਵਧ ਪਾਜ਼ੇਟਿਵ ਕੇਸਾਂ ਦਾ ਅੰਕੜਾ ਜ਼ਿਲ੍ਹਾ ਲੁਧਿਆਣਾ ਵਿਚ 1182 ਹੈ। ਉਸ ਤੋਂ ਬਾਅਦ ਅੰਮ੍ਰਿਤਸਰ ਵਿਚ 976 ਦਾ ਅੰਕੜਾ ਹੈ। ਇਲਾਜ ਅਧੀਨ ਸੱਭ ਤੋਂ ਵੱਧ ਮਰੀਜ਼ ਅੰਮ੍ਰਿਤਸਰ 584 ਅਤੇ ਜਲੰਧਰ 255 ਹਨ। ਸੂਬੇ ਵਿਚ ਕਈ ਅਧਿਕਾਰੀਆਂ ਦੀਆਂ ਰੀਪੋਰਟਾਂ ਵੀ ਪਾਜ਼ੇਟਿਵ ਆਈਆਂ ਹਨ। ਕੋਰੋਨਾ ਵਾਇਰਸ ਦੀ ਦਸਤਕ ਦਾ ਖ਼ਤਰਾ ਹੁਣ ਰਾਜਧਾਨੀ ਵਿਚ ਪੰਜਾਬ ਸਕੱਤਰੇਤ ਅਤੇ ਹਾਈ ਕੋਰਟ ਲਈ ਵੀ ਬਣ ਗਿਆ ਹੈ। ਸਕੱਤਰੇਤ ਤੇ ਹਾਈ ਕੋਰਟ ਵਿਚ ਕੰਮ ਕਰਦੇ ਮੁਲਾਜ਼ਮਾਂ ਦੇ ਪਰਵਾਰਕ ਮੈਂਬਰਾਂ ਦੀ ਰੀਪੋਰਟ ਪਾਜ਼ੇਟਿਵ ਆਉਣ ਬਾਅਦ ਇਥੇ ਕੰਮ ਕਰਦੇ ਹੋਰ ਸਟਾਫ਼ ਵਿਚ ਵੀ ਚਿੰਤਾ ਵੱਧ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਕੱਤਰੇਤ ਵਿਚ ਸੈਂਟਰਲ ਰੀਕਾਰਡ ਬ੍ਰਾਂਚ ਵਿਚ ਜਿਲਦਸਾਜ਼ ਜੋ ਡਿਊਟੀ ਦੇ ਰਹੇ ਰਜੇਸ਼ ਕੁਮਾਰ ਦੇ ਬੇਟੇ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸਤੀਸ਼ ਕੁਮਾਰ ਇਸ ਸਮੇਂ ਦੌਰਾਨ ਸਕੱਤਰੇਤ ਡਿਊਟੀ 'ਤੇ ਆਉਂਦਾ ਰਿਹਾ ਹੈ ਅਤੇ ਇਸ ਦੀ ਹਾਜ਼ਰੀ ਸੁਪਰਡੈਂਟ ਬ੍ਰਾਂਚ ਸ਼ਾਖਾ ਵਿਚ ਲਗਦੀ ਹੈ। ਇਸ ਦੀ ਰੀਪੋਰਟ ਪਾਜ਼ੇਟਿਵ ਆਉਣ 'ਤੇ ਹੋਰ ਸਕੱਤਰੇਤ ਮੁਲਾਜ਼ਮ ਪਾਜ਼ੇਟਿਵ ਹੋ ਸਕਦੇ ਹਨ। ਇਸ ਦੇ ਮੱਦੇਨਜ਼ਰ ਬ੍ਰਾਂਚਾਂ ਨਾਲ ਸਬੰਧਤ 25 ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ ਤੇ 3 ਦਿਨ ਦੀ ਛੁੱਟੀ 'ਤੇ ਘਰ ਭੇਜ ਦਿਤਾ ਗਿਆ ਹੈ। ਇਸੇ ਤਰ੍ਹਾਂ ਹਾਈ ਕੋਰਟ ਦੀ ਇਕ ਮੁਲਾਜ਼ਮ ਦੇ ਪਤੀ ਦੀ ਰੀਪੋਰਟ ਪਾਜ਼ੇਟਿਵ ਆਉਣ ਕਾਰਨ ਹਾਈ ਕੋਰਟ ਦੀਆਂ ਕੁੱਝ ਬ੍ਰਾਂਚਾਂ ਬੰਦ ਕਰ ਕੇ ਸਬੰਧਤ ਸਟਾਫ਼ ਦੇ ਟੈਸਟ ਕਰਵਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ।