India Canada News: “ਪਿਛਲੇ ਮਹੀਨੇ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਕੁਝ ਤਣਾਅ ਦਾ ਸਮਾਂ ਰਿਹਾ ਹੈ''
India and Canada have long-term strategic interests linked news in punjabi : ਭਾਰਤ ’ਚ ਕੈਨੇਡਾ ਦੇ ਹਾਈ ਕਮਿਸ਼ਨਰ ਕੈਮਰਨ ਮੈਕੇ ਨੇ ਵੀਰਵਾਰ ਨੂੰ ਕਿਹਾ ਕਿ ਹਾਲੀਆ ਤਣਾਅ ਦੇ ਬਾਵਜੂਦ ਭਾਰਤ ਅਤੇ ਕੈਨੇਡਾ ਦੇ ਰਣਨੀਤਕ ਹਿਤ ‘‘ਬਿਲਕੁਲ ਸਹੀ ਦਿਸ਼ਾ’’ ’ਚ ਹਨ ਅਤੇ ਉਹ ਦੁਵੱਲੇ ਵਪਾਰ ਅਤੇ ਨਿਵੇਸ਼ ਸਬੰਧਾਂ ਦੇ ਲਗਾਤਾਰ ਵਾਧੇ ਤੋਂ ਉਤਸ਼ਾਹਿਤ ਹਨ। ਇਥੇ ‘ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ’ ’ਚ ‘ਭਾਰਤ-ਕੈਨੇਡਾ ਵਪਾਰ: ਅੱਗੇ ਦਾ ਰਾਹ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਬੋਲਦਿਆਂ, ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦਾ ਇਹ ਸਾਲਾਨਾ ਇਕੱਠ “ਸਾਡੇ ਵਪਾਰਕ ਪੱਧਰ ’ਤੇ ਅਤੇ ਲੋਕਾਂ ਤੋਂ ਲੋਕਾਂ ਵਿਚਾਲੇ ਦੇ ਸਬੰਧਾਂ ਨੂੰ ਮੁੜ ਸਥਾਪਤ ਕਰਨ ਦਾ ਇਕ ਵਧੀਆ ਮੰਚ ਹੈ।’’ ਪਿਛਲੇ ਸਾਲ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅਪਣੇ ਦੇਸ਼ ਵਿਚ ਖ਼ਾਲਿਸਤਾਨੀ ਵੱਖਵਾਦੀ ਅਤੇ ਨਾਮਜ਼ਦ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦੀ ਸ਼ੱਕੀ ਭੂਮਿਕਾ ਦਾ ਦੋਸ਼ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁਝ ਖਟਾਸ ਆਈ ਸੀ। ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਦਸਿਆ ਸੀ।
ਮੈਕੇ ਨੇ ਕਿਹਾ, “ਪਿਛਲੇ ਮਹੀਨੇ ਸਾਡੇ ਦੋਵਾਂ ਦੇਸ਼ਾਂ ਦਰਮਿਆਨ ਕੁਝ ਤਣਾਅ ਦਾ ਸਮਾਂ ਰਿਹਾ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਪਰ ਮੈਂ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਅੱਗੇ ਵਧਾਉਣ ਲਈ ਇਥੇ ਅਤੇ ਵਿਦੇਸ਼ਾਂ ਵਿਚ ਵਪਾਰਕ ਭਾਈਚਾਰੇ ਦੀ ਅਗਵਾਈ ਅਤੇ ਨਜ਼ਰੀਏ ਤੋਂ ਉਤਸ਼ਾਹਿਤ ਹਾਂ ਜੋ ਸਾਡੇ ਦੋਵਾਂ ਦੇਸ਼ਾਂ ਦੇ ਹਿਤ ਵਿਚ ਹੈ।’’ ਉਨ੍ਹਾਂ ਕਿਹਾ ਕਿ ਵਪਾਰਕ ਸਬੰਧ ਦੋਵਾਂ ਦੇਸ਼ਾਂ ਦੀ ਰੋਜ਼ਗਾਰ ਸਿਰਜਣ, ਤਕਨਾਲੋਜੀ ਭਾਈਵਾਲੀ ਅਤੇ ਖ਼ੁਸ਼ਹਾਲੀ ਵਿਚ ਸਹਾਇਤਾ ਕਰਨਗੇ।
ਹਾਈ ਕਮਿਸ਼ਨਰ ਨੇ ਕਿਹਾ, “ਮੇਰੀ ਸਰਕਾਰ ਅਤੇ ਭਾਰਤ ਸਰਕਾਰ ਅਤੇ ਦੋਵਾਂ ਪਾਸਿਆਂ ਦੇ ਵਪਾਰਕ ਭਾਈਚਾਰੇ ਨੂੰ ਮੇਰੀ ਸਲਾਹ ਹੈ ਕਿ ਉਹ ਜੋ ਕਰ ਰਹੀਆਂ ਹਨ, ਉਹ ਸਰਕਾਰਾਂ ਨੂੰ ਕਰਨ ਦਿਉ, ਸਰਕਾਰਾਂ ਨੂੰ ਕੂਟਨੀਤੀ ਕਰਨ ਦਿਉ, ਪਰ ਹਰ ਕੋਈ ਜਾਣਦਾ ਹੈ ਕਿ ਲੰਮੇ ਸਮੇਂ ਵਿਚ ਕੈਨੇਡਾ ਦੇ ਰਣਨੀਤਕ ਹਿਤ ਅਤੇ ਭਾਰਤ ਦੇ ਰਣਨੀਤਕ ਹਿਤ ਇਕ ਸਿੱਧੀ ਲਾਈਨ ਵਿਚ ਹਨ।’’ ਉਨ੍ਹਾਂ ਕਿਹਾ, “ਇਸ ਦੌਰਾਨ ਆਉ ਅਸੀਂ ਵਪਾਰਕ ਪੱਧਰ ’ਤੇ ਸਬੰਧ ਬਣਾਈਏ।
ਸਾਨੂੰ ਅਪਣੇ ਵਪਾਰ ਅਤੇ ਦੇਸ਼ਾਂ ਨੂੰ ਦੁਬਾਰਾ ਦੋਸਤਾਨਾ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੈਕੇ ਨੇ ਕਿਹਾ ਕਿ ਕੂਟਨੀਤਕ ਵਿਵਾਦ ਕਾਰਨ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧ ਪ੍ਰਭਾਵਤ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਭਾਰਤੀ ਕੰਪਨੀਆਂ ਨੇ ਕੈਨੇਡਾ ਵਿਚ ਨਿਵੇਸ਼ ਕੀਤਾ ਹੈ ਅਤੇ 600 ਤੋਂ ਵੱਧ ਕੈਨੇਡੀਅਨ ਕੰਪਨੀਆਂ ਭਾਰਤ ਵਿਚ ਮੌਜੂਦ ਹਨ। ਕੱਲ ਮੈਂ ਇਥੇ ਗੁਜਰਾਤ ਵਿਚ ਮੈਕਕੇਨ ਪਲਾਂਟ ਦਾ ਦੌਰਾ ਕੀਤਾ।’
                    
                