
ਬੜੂ ਸਾਹਿਬ ਦਾ ਸ਼ਲਾਘਾਯੋਗ ਉਪਰਾਲਾ
ਨਵੀਂ ਦਿੱਲੀ- ਸਿੱਖੀ ਤੋਂ ਬੇਮੁੱਖ ਹੋਈ ਨੌਜਵਾਨ ਪੀੜ੍ਹੀ ਨੂੰ ਸਿੱਖੀ ਵੱਲ ਮੋੜਨ ਲਈ ਸਿੱਖ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਕਿਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਜਾਂਦੇ ਹਨ, ਕਿਤੇ ਦਸਤਾਰ ਸਜਾਓ ਮੁਕਾਬਲੇ ਕਰਵਾਏ ਜਾਂਦੇ ਹਨ ਪਰ ਹੁਣ ਬੜੂ ਸਾਹਿਬ ਵੱਲੋਂ ਬੱਚਿਆਂ ਲਈ 'ਵਾਕ ਵਿਦ ਨਾਨਕ' ਨਾਂਅ ਦੀ ਗੇਮ ਬਣਾਈ ਗਈ ਹੈ, ਜੋ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਨਾਲ ਸਬੰਧਤ ਹੈ।
File Photo
ਇਸ ਗੇਮ ਜ਼ਰੀਏ ਬੱਚੇ ਖੇਡਣ ਦੇ ਨਾਲ-ਨਾਲ ਸਿੱਖ ਇਤਿਹਾਸ ਤੋਂ ਵੀ ਜਾਣੂ ਹੋ ਸਕਣਗੇ। ਇਸ ਗੇਮ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਡਿਸਪਲੇਅ ਕੀਤਾ ਗਿਆ ਹੈ, ਜਿੱਥੇ ਬੱਚੇ ਅਤੇ ਵੱਡੇ ਇਸ ਗੇਮ ਦਾ ਖ਼ੂਬ ਆਨੰਦ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੇਮ ਜ਼ਰੀਏ ਬੱਚੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ ਜਾਣੂ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਹੋਰ ਕਾਰਡ ਗੇਮ ਵੀ ਬਣਾਈ ਗਈ, ਜਿਸ ਵਿਚ ਗੁਰੂ ਨਾਨਕ ਵਿਜ਼ਨ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
File Photo
ਦੱਸ ਦਈਏ ਕਿ ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਗਾਈ ਗਈ ਇਸ ਗੇਮ ਵਿਚ ਬੱਚਿਆਂ ਅਤੇ ਵੱਡਿਆਂ ਵੱਲੋਂ ਕਾਫ਼ੀ ਰੁਚੀ ਦਿਖਾਈ ਜਾ ਰਹੀ ਹੈ ਕਿਉਂਕਿ ਇਸ ਦੇ ਜ਼ਰੀਏ ਜਿੱਥੇ ਉਹ ਆਨੰਦ ਮਾਣਦੇ ਹਨ, ਉਥੇ ਹੀ ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਦੇ ਇਤਿਹਾਸ ਤੋਂ ਵੀ ਜਾਣੂ ਹੁੰਦੇ ਹਨ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਹੋਰ ਗੇਮਾਂ ਲਿਆਉਣ ਦੀ ਲੋੜ ਹੈ ਜੋ ਸਿੱਖੀ ਤੋਂ ਬੇਮੁੱਖ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਵੱਲ ਪ੍ਰੇਰਿਤ ਕਰਦੀਆਂ ਹੋਣ।