
ਨਿਤੀਸ਼ ਦੀ ਜੇ.ਡੀ.ਯੂ. ਨੂੰ 102 ਅਤੇ ਭਾਜਪਾ ਨੂੰ 101 ਸੀਟਾਂ ਮਿਲੀਆਂ
ਪਟਨਾ : ਜਨਤਾ ਦਲ ਯੂਨਾਈਟਡ (ਜੇ.ਡੀ.ਯੂ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੀਟਾਂ ਦੀ ਵੰਡ ਉਤੇ ਸਹਿਮਤ ਹੋ ਗਏ ਹਨ। ਸੂਤਰਾਂ ਮੁਤਾਬਕ ਇਸ ਵਾਰ ਜੇ.ਡੀ.ਯੂ. 102 ਸੀਟਾਂ ਉਤੇ ਚੋਣ ਲੜੇਗੀ, ਜਦਕਿ ਭਾਜਪਾ ਨੂੰ 101 ਸੀਟਾਂ ਮਿਲੀਆਂ ਹਨ। ਯਾਨੀ ਇਕ ਵਾਰ ਫਿਰ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਐਨ.ਡੀ.ਏ. ’ਚ ਭਾਜਪਾ ਨਾਲੋਂ ਜ਼ਿਆਦਾ ਸੀਟਾਂ ਦਿਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੂੰ 20 ਸੀਟਾਂ ਮਿਲੀਆਂ ਹਨ। ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨੀ ਆਵਾਮ ਮੋਰਚਾ ਅਤੇ ਉਪੇਂਦਰ ਕੁਸ਼ਵਾਹਾ ਦੀ ਆਰ.ਐਲ.ਐਮ. (ਕੌਮੀ ਲੋਕ ਜਨਸ਼ਕਤੀ) ਨੂੰ 10-10 ਸੀਟਾਂ ਦਿਤੀਆਂ ਗਈਆਂ ਹਨ।
ਪਿਛਲੀਆਂ ਕੁੱਝ ਚੋਣਾਂ ਤੋਂ ਸਬਕ ਲੈਂਦੇ ਹੋਏ ਐਨ.ਡੀ.ਏ. ਇਸ ਵਾਰ ਛੋਟੀਆਂ ਪਾਰਟੀਆਂ ਨੂੰ ਨਾਰਾਜ਼ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਐਲ.ਜੇ.ਪੀ. (ਰਾਮ ਵਿਲਾਸ) ਅਤੇ ‘ਹਮ’ ਵਰਗੀਆਂ ਪਾਰਟੀਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਦਿਤੀਆਂ ਗਈਆਂ ਹਨ। ਖਾਸ ਤੌਰ ਉਤੇ ਜੀਤਨ ਰਾਮ ਮਾਂਝੀ ਦੀ ਪਾਰਟੀ ਨੂੰ ਪਿਛਲੀ ਵਾਰ ਸਿਰਫ 7 ਸੀਟਾਂ ਮਿਲੀਆਂ ਸਨ ਪਰ ਇਸ ਵਾਰ ਉਨ੍ਹਾਂ ਦੀ ਤਾਕਤ ਅਤੇ ਜਾਤੀ ਸਮੀਕਰਨਾਂ ਨੂੰ ਵੇਖਦੇ ਹੋਏ ਐਨ.ਡੀ.ਏ. ਨੇ ਉਨ੍ਹਾਂ ਨੂੰ 10 ਸੀਟਾਂ ਦਾ ਹਿੱਸਾ ਦਿਤਾ ਹੈ। ਨਿਤੀਸ਼ ਕੁਮਾਰ ਅਤੇ ਭਾਜਪਾ ਦੀ ਇਹ ਰਣਨੀਤੀ ਸਪੱਸ਼ਟ ਕਰਦੀ ਹੈ ਕਿ ਉਹ ਛੋਟੀਆਂ ਪਾਰਟੀਆਂ ਨੂੰ ਇਕੱਠੇ ਰਖਣਾ ਚਾਹੁੰਦੇ ਹਨ ਅਤੇ ਵੱਡਾ ਵੋਟ ਬੈਂਕ ਹਾਸਲ ਕਰਨਾ ਚਾਹੁੰਦੇ ਹਨ।
2020 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 110 ਸੀਟਾਂ ਉਤੇ ਚੋਣ ਲੜੀ ਸੀ ਅਤੇ 74 ਸੀਟਾਂ ਜਿੱਤੀਆਂ ਸਨ। ਜੇ.ਡੀ. (ਯੂ) ਨੇ 115 ਸੀਟਾਂ ਵਿਚੋਂ ਸਿਰਫ 43 ਸੀਟਾਂ ਜਿੱਤੀਆਂ ਸਨ। ਪਰ ਇਸ ਵਾਰ ਤਸਵੀਰ ਉਲਟ ਹੈ। ਸੀਟਾਂ ਦੀ ਵੰਡ ’ਚ ਜੇ.ਡੀ.ਯੂ. ਨੂੰ ਭਾਜਪਾ ਤੋਂ ਇਕ ਸੀਟ ਜ਼ਿਆਦਾ ਦਿਤੀ ਗਈ ਹੈ। ਸੂਤਰ ਦਸਦੇ ਹਨ ਕਿ ਇਸ ਫੈਸਲੇ ਪਿੱਛੇ ਗਠਜੋੜ ਦਾ ਸਿਆਸੀ ਸੰਤੁਲਨ ਹੈ।
ਬਿਹਾਰ ਵਿਧਾਨ ਸਭਾ ਚੋਣਾਂ 2025 ਨਾ ਸਿਰਫ ਨਿਤੀਸ਼ ਕੁਮਾਰ ਲਈ, ਬਲਕਿ ਭਾਜਪਾ ਅਤੇ ਐਨ.ਡੀ.ਏ. ਦੇ ਭਵਿੱਖ ਲਈ ਵੀ ਬਹੁਤ ਮਹੱਤਵਪੂਰਨ ਹਨ। ਲੋਕ ਸਭਾ ਚੋਣਾਂ ਤੋਂ ਬਾਅਦ ਇਹ ਪਹਿਲੀ ਵੱਡੀ ਚੋਣ ਹੈ, ਜਿੱਥੇ ਵਿਰੋਧੀ ਧੜੇ ਅਤੇ ਸੱਤਾਧਾਰੀ ਐਨ.ਡੀ.ਏ. ਦੀ ਭਰੋਸੇਯੋਗਤਾ ਦਾਅ ਉਤੇ ਲੱਗੀ ਹੋਈ ਹੈ।