19 ਕਿਲੋ ਦੇ ਵਪਾਰਕ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ 25 ਰੁਪਏ ਦਾ ਵਾਧਾ
ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਦਿਨ ਯਾਨੀ 1 ਜਨਵਰੀ 2023 ਨੂੰ ਐਲਪੀਜੀ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਗੈਸ ਡਿਸਟ੍ਰੀਬਿਊਸ਼ਨ ਕੰਪਨੀਆਂ ਨੇ ਦੇਸ਼ ਭਰ ਦੇ ਐਲਪੀਜੀ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਐਤਵਾਰ ਤੋਂ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਕੀਮਤ ਪਹਿਲਾਂ ਵਾਂਗ ਹੀ ਬਰਕਰਾਰ ਹੈ।
ਵਪਾਰਕ ਸਿਲੰਡਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਇਹ 1769 ਰੁਪਏ, ਕੋਲਕਾਤਾ ਵਿੱਚ 1870 ਰੁਪਏ, ਮੁੰਬਈ ਵਿੱਚ 1721 ਰੁਪਏ ਅਤੇ ਚੇਨਈ ਵਿੱਚ 1917 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਸਰਕਾਰ ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 115.50 ਰੁਪਏ ਦੀ ਕਟੌਤੀ ਕੀਤੀ ਸੀ।
ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਆਖਰੀ ਬਦਲਾਅ 6 ਜੁਲਾਈ, 2022 ਨੂੰ ਹੋਇਆ ਸੀ। ਉਸ ਸਮੇਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਘਰੇਲੂ ਸਿਲੰਡਰ ਦਿੱਲੀ ਵਿੱਚ 1053 ਰੁਪਏ, ਮੁੰਬਈ ਵਿੱਚ 1052.5 ਰੁਪਏ, ਕੋਲਕਾਤਾ ਵਿੱਚ 1079 ਰੁਪਏ ਅਤੇ ਚੇਨਈ ਵਿੱਚ 1068.5 ਰੁਪਏ ਵਿੱਚ ਉਪਲਬਧ ਹੈ।
ਸਰਕਾਰ ਨੇ 2022 ਵਿੱਚ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਚਾਰ ਵਾਰ ਵਾਧਾ ਕੀਤਾ ਸੀ ਅਤੇ ਕੀਮਤਾਂ ਵਿੱਚ ਕੁੱਲ 153.50 ਰੁਪਏ ਦਾ ਵਾਧਾ ਕੀਤਾ ਸੀ। ਇਸ ਵਿੱਚ 22 ਮਾਰਚ ਨੂੰ 50 ਰੁਪਏ, 7 ਮਈ ਨੂੰ 50 ਰੁਪਏ ਅਤੇ 19 ਮਈ ਅਤੇ ਜੁਲਾਈ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਹੋਰ ਵੱਡੇ ਸ਼ਹਿਰਾਂ ਵਿੱਚ ਘਰੇਲੂ ਸਿਲੰਡਰ ਦੀ ਕੀਮਤ
ਪਟਨਾ-1151
ਸ਼ਿਮਲਾ - 1097.50
ਇੰਦੌਰ - 1081
ਅਹਿਮਦਾਬਾਦ - 1060
ਭੋਪਾਲ - 1058.50
ਜੈਪੁਰ - 1056. 50
ਬੈਂਗਲੁਰੂ - 1055.50