
200 ਵੰਦੇ ਭਾਰਤ ਰੇਲ ਗੱਡੀਆਂ ਦੇ ਨਿਰਮਾਣ ਨੂੰ ਮਿਲੀ ਮਨਜ਼ੂਰੀ
ਨਵੀਂ ਦਿੱਲੀ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ਨੀਵਾਰ ਨੂੰ ਕਿਹਾ ਕਿ ਬਜਟ 2025-26 ’ਚ ਰੇਲਵੇ ਲਈ 2.52 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅਤੇ 17,500 ਜਨਰਲ ਕੋਚ, 200 ਵੰਦੇ ਭਾਰਤ ਅਤੇ 100 ਅੰਮ੍ਰਿਤ ਭਾਰਤ ਰੇਲ ਗੱਡੀਆਂ ਦੇ ਨਿਰਮਾਣ ਵਰਗੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਬਜਟ ’ਚ 4.6 ਲੱਖ ਕਰੋੜ ਰੁਪਏ ਦੇ ਨਵੇਂ ਪ੍ਰਾਜੈਕਟ ਸ਼ਾਮਲ ਕੀਤੇ ਗਏ ਹਨ ਜੋ ਚਾਰ ਤੋਂ ਪੰਜ ਸਾਲਾਂ ਦੌਰਾਨ ਪੂਰੇ ਹੋ ਜਾਣਗੇ। ਇਹ ਨਵੀਆਂ ਲਾਈਨਾਂ ਪਾਉਣ, ਦੋਹਰੀਕਰਨ, ਚਾਰ ਗੁਣਾ ਕਰਨ, ਨਵੀਆਂ ਉਸਾਰੀਆਂ, ਸਟੇਸ਼ਨਾਂ ਦੇ ਮੁੜ ਵਿਕਾਸ, ਫਲਾਈਓਵਰ, ਅੰਡਰ-ਪਾਸ ਸਮੇਤ ਕਈ ਹੋਰ ਨਾਲ ਸਬੰਧਤ ਹਨ। ਉਨ੍ਹਾਂ ਕਿਹਾ, ‘‘ਅਗਲੇ ਦੋ ਤੋਂ ਤਿੰਨ ਸਾਲਾਂ ’ਚ 100 ਅੰਮ੍ਰਿਤ ਭਾਰਤ, 50 ਨਮੋ ਭਾਰਤ ਅਤੇ 200 ਵੰਦੇ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ। ਨਵੀਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਨਾਲ ਅਸੀਂ ਕਈ ਹੋਰ ਛੋਟੀ ਦੂਰੀ ਦੇ ਸ਼ਹਿਰਾਂ ਨੂੰ ਜੋੜਾਂਗੇ।’’
ਜਨਰਲ ਕੋਚਾਂ ਬਾਰੇ ਵੈਸ਼ਣਵ ਨੇ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਅਜਿਹੇ 17,500 ਕੋਚਾਂ ਨੂੰ ਨਿਰਮਾਣ ਲਈ ਮਨਜ਼ੂਰੀ ਦਿਤੀ ਗਈ ਹੈ। ਵੈਸ਼ਣਵ ਨੇ ਕਿਹਾ, ‘‘ਜਨਰਲ ਕੋਚਾਂ ਦਾ ਨਿਰਮਾਣ ਪਹਿਲਾਂ ਹੀ ਚੱਲ ਰਿਹਾ ਹੈ ਅਤੇ 31 ਮਾਰਚ ਦੇ ਅੰਤ ਤਕ ਅਜਿਹੇ 1400 ਕੋਚ ਤਿਆਰ ਕੀਤੇ ਜਾਣਗੇ। ਵਿੱਤੀ ਸਾਲ 2025-26 ’ਚ ਸਾਡਾ ਟੀਚਾ 2,000 ਜਨਰਲ ਕੋਚ ਬਣਾਉਣ ਦਾ ਹੈ। ਇਸ ਤੋਂ ਇਲਾਵਾ 1,000 ਨਵੇਂ ਫਲਾਈਓਵਰਾਂ ਨੂੰ ਨਿਰਮਾਣ ਲਈ ਮਨਜ਼ੂਰੀ ਦਿਤੀ ਗਈ ਹੈ।’’ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਇਸ ਵਿੱਤੀ ਸਾਲ ਦੇ ਅੰਤ ਤਕ 100 ਫ਼ੀ ਸਦੀ ਬਿਜਲੀਕਰਨ ਪ੍ਰਾਪਤ ਕਰਨ ਜਾ ਰਿਹਾ ਹੈ।