
ਸੈਂਸੈਕਸ 5.39 ਅੰਕ ਯਾਨੀ 0.01 ਫੀ ਸਦੀ ਦੀ ਮਾਮੂਲੀ ਤੇਜ਼ੀ ਨਾਲ 77,505.96 ਅੰਕ ’ਤੇ ਬੰਦ ਹੋਇਆ, ਨਿਫਟੀ 26.25 ਅੰਕ ਡਿੱਗ ਕੇ 23,482.15 ਅੰਕ ’ਤੇ ਬੰਦ ਹੋਇਆ
ਮੁੰਬਈ : ਕੇਂਦਰੀ ਬਜਟ ’ਚ ਪ੍ਰਚੂਨ ਨਿਵੇਸ਼ਕਾਂ ਅਤੇ ਸਮੁੱਚੇ ਬਾਜ਼ਾਰਾਂ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਨਿਵੇਸ਼ਕਾਂ ਨੂੰ ਬਹੁਤ ਘੱਟ ਹੁੰਗਾਰਾ ਮਿਲਣ ਕਾਰਨ ਸੈਂਸੈਕਸ ਅਤੇ ਨਿਫਟੀ ਸਨਿਚਰਵਾਰ ਨੂੰ ਇਕ ਵਿਸ਼ੇਸ਼ ਕਾਰੋਬਾਰੀ ਸੈਸ਼ਨ ’ਚ ਸਥਿਰ ਬੰਦ ਹੋਏ। ਕੇਂਦਰੀ ਬਜਟ ਪੇਸ਼ ਹੋਣ ਕਾਰਨ ਸਨਿਚਰਵਾਰ ਨੂੰ ਵੀ ਬਾਜ਼ਾਰ ਖੁੱਲ੍ਹੇ ਸਨ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 5.39 ਅੰਕ ਯਾਨੀ 0.01 ਫੀ ਸਦੀ ਦੀ ਮਾਮੂਲੀ ਤੇਜ਼ੀ ਨਾਲ 77,505.96 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਇਕ ਵਾਰੀ 892.58 ਅੰਕ ਡਿੱਗ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 26.25 ਅੰਕ ਯਾਨੀ 0.11 ਫੀ ਸਦੀ ਡਿੱਗ ਕੇ 23,482.15 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੇ ਦੌਰਾਨ ਸੈਂਸੈਕਸ 23,632.45 ਦੇ ਉੱਚ ਪੱਧਰ ਅਤੇ 23,318.30 ਦੇ ਹੇਠਲੇ ਪੱਧਰ ਨੂੰ ਛੂਹ ਗਿਆ। ਪਿਛਲੇ ਚਾਰ ਦਿਨਾਂ ਤੋਂ ਬਾਜ਼ਾਰਾਂ ’ਚ ਤੇਜ਼ੀ ਆ ਰਹੀ ਸੀ।
ਜੀਓਜੀਤ ਵਿੱਤੀ ਸੇਵਾਵਾਂ ਦੇ ਖੋਜ ਪ੍ਰਮੁੱਖ ਵਿਨੋਦ ਨਾਇਰ ਨੇ ਕਿਹਾ, ‘‘ਬਾਜ਼ਾਰ ਨੇ ਕੇਂਦਰੀ ਬਜਟ ’ਤੇ ਰਲਵੇਂ-ਮਿਲਵੇਂ ਨਜ਼ਰੀਏ ਨਾਲ ਪ੍ਰਤੀਕਿਰਿਆ ਦਿਤੀ ਹੈ, ਜਿਸ ਦਾ ਮੁੱਖ ਕਾਰਨ ਵਿੱਤੀ ਸਾਲ 2026 ਲਈ ਪੂੰਜੀਗਤ ਖਰਚ ’ਚ ਸਾਲਾਨਾ ਆਧਾਰ ’ਤੇ 10 ਫੀ ਸਦੀ ਦਾ ਮਾਮੂਲੀ ਵਾਧਾ ਹੈ, ਜੋ ਉਮੀਦਾਂ ਤੋਂ ਘੱਟ ਹੈ। ਰੇਲਵੇ, ਰੱਖਿਆ ਅਤੇ ਬੁਨਿਆਦੀ ਢਾਂਚਾ ਵਰਗੇ ਖੇਤਰ ਪ੍ਰਭਾਵਤ ਹੋਏ ਹਨ, ਜਿਨ੍ਹਾਂ ’ਤੇ ਬਾਜ਼ਾਰ ਪ੍ਰਦਰਸ਼ਨ ਲਈ ਨਿਰਭਰ ਕਰਦਾ ਹੈ।’’