
ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਦੇਸ਼ ਦੀ ਅਰਥ ਵਿਵਸਥਾ ਤਬਾਹ ਹੋ ਰਹੀ ਹੈ। ਇਹਨਾਂ ਹਾਲਾਤਾਂ ਦੌਰਾਨ ਸਰਕਾਰ ਅਗਲੇ ਛੇ ਮਹੀਨਿਆਂ ਵਿਚ 4.88 ਲੱਖ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਦੀ ਜਾਣਕਾਰੀ ਆਰਥਕ ਮਾਮਲਿਆਂ ਦੇ ਸਕੱਤਰ ਅਤਨੁ ਚੱਕਰਵਰਤੀ ਨੇ ਦਿੱਤੀ ਹੈ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2020-21 ਲਈ ਬਜਟ ਵਿਚ ਬਜ਼ਾਰ ਤੋਂ 7.8 ਲੱਖ ਕਰੋੜ ਉਧਾਰ ਲੈਣ ਦਾ ਅਨੁਮਾਨ ਲਗਾਇਆ ਹੈ।
ਇਸ ਦਾ ਅਰਥ ਹੈ ਕਿ ਇਸ ਰਕਮ ਦਾ ਕਰੀਬ 60 ਫੀਸਦੀ ਹਿੱਸਾ ਸ਼ੁਰੂਆਤੀ ਮਹੀਨਿਆਂ ਵਿਚ ਹੀ ਲੈ ਲਿਆ ਜਾਵੇਗਾ। ਵਿੱਤ ਮੰਤਰੀ ਨੇ 2020-21 ਦਾ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਸੀ ਕਿ ਨਵੇਂ ਵਿੱਤੀ ਸਾਲ ਵਿਚ ਬਜ਼ਾਰ ਤੋਂ ਲਈ ਜਾਣ ਵਾਲੀ ਰਾਸ਼ੀ ਦਾ ਇਕ ਵੱਡਾ ਹਿੱਸਾ ਪੂੰਜੀ ਖਰਚ (Capital expenditure) ਵਿਚ ਖਰਚ ਹੋਣ ਦਾ ਅਨੁਮਾਨ ਹੈ। ਸਰਕਾਰ ਨੇ ਪੂੰਜੀ ਖਰਚ ਵਿਚ 21 ਫੀਸਦੀ ਦੇ ਵਾਧੇ ਦਾ ਪ੍ਰਬੰਧ ਕੀਤਾ ਹੈ।
ਦੱਸ ਦਈਏ ਕਿ ਸਰਕਾਰ ਆਪਣੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਬਾਜ਼ਾਰ ਤੋਂ ਫੰਡ ਇਕੱਠਾ ਕਰਦੀ ਹੈ। ਇਸ ਦੇ ਲਈ ਟਰਮ ਬਾਂਡ ਅਤੇ ਖਜ਼ਾਨਾ ਬਿੱਲ ਜਾਰੀ ਕੀਤੇ ਜਾਂਦੇ ਹਨ। 2020-2021 ਦੇ ਬਜਟ ਵਿਚ, ਸਰਕਾਰ ਦਾ ਵਿੱਤੀ ਘਾਟਾ 7.96 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ, ਜੋ ਜੀਡੀਪੀ ਦਾ 3.5 ਪ੍ਰਤੀਸ਼ਤ ਹੋਵੇਗਾ।
ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਦੇਸ਼ ਦੀ ਅਰਥ ਵਿਵਸਥਾ ਦਾ ਬੁਰਾ ਹਾਲ ਹੋਣ ਦੀ ਸੰਭਾਵਨਾ ਹੈ। ਬੀਤੇ ਦਿਨੀਂ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਲੌਕਡਾਊਨ ਕਾਰਨ ਅਰਥ ਵਿਵਸਥਾ ਨੂੰ 120 ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਨੁਕਸਾਨ ਭਾਰਤ ਦੇ ਜੀਡੀਪੀ ਦੇ ਚਾਰ ਫੀਸਦੀ ਬਰਾਬਰ ਹੈ।
ਦੱਸ ਦਈਏ ਕਿ ਲੌਕਡਾਊਨ 14 ਅਪ੍ਰੈਲ ਤੱਕ ਹੈ। ਇਸ ਕਾਰਨ ਪ੍ਰੋਡਕਸ਼ਨ, ਵਿਕਰੀ ਅਤੇ ਮੰਗ ਸਾਰਾ ਕੁੱਝ ਬੰਦ ਹੈ। ਅਜਿਹੇ ਵਿਚ ਅਰਥ ਵਿਵਸਥਾ ਦੀ ਸਥਿਤੀ ਠੀਕ ਨਹੀਂ ਨਜ਼ਰ ਆ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।