2026 ਦੇ ਅਰੰਭ ਵਿਚ ਹੌਲੀ-ਹੌਲੀ ਇਸ ਨੂੰ ਬਹਾਲ ਕੀਤੇ ਜਾਣ ਦਾ ਵੀ ਅਨੁਮਾਨ ਲਗਾਇਆ ਗਿਆ
ਨਵੀਂ ਦਿੱਲੀ : ਰੋਸਨੇਫਟ ਅਤੇ ਲੁਕੋਇਲ ਉਤੇ 21 ਨਵੰਬਰ ਤੋਂ ਲਾਗੂ ਹੋਣ ਵਾਲੀਆਂ ਨਵੀਆਂ ਅਮਰੀਕੀ ਪਾਬੰਦੀਆਂ ਤੋਂ ਬਾਅਦ ਭਾਰਤ ਨਵੰਬਰ ਦੇ ਅਖੀਰ ਤੋਂ ਰੂਸੀ ਕੱਚੇ ਤੇਲ ਦੀ ਸਿੱਧੀ ਆਯਾਤ ਘਟਾਉਣ ਲਈ ਤਿਆਰ ਹੈ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਭਾਰਤ ਵਿਚ ਰੂਸ ਦੇ ਕੱਚੇ ਤੇਲ ਦੇ ਆਯਾਤ ਦਾ ਅੱਧੇ ਤੋਂ ਵੱਧ ਹਿੱਸਾ ਭਾਰਤੀ ਰਿਫਾਇਨਰੀਆਂ ਦਾ ਹੈ, ਜੋ ਕਿ ਕੱਚੇ ਤੇਲ ਨੂੰ ਪਟਰੌਲ ਅਤੇ ਡੀਜ਼ਲ ਵਰਗੇ ਬਾਲਣ ਵਿਚ ਬਦਲਦੀਆਂ ਹਨ। ਇਨ੍ਹਾਂ ਵਲੋਂ ਮਾਸਕੋ ਦੇ ਦੋ ਸੱਭ ਤੋਂ ਵੱਡੇ ਤੇਲ ਨਿਰਯਾਤਕਾਂ ਉਤੇ ਤਾਜ਼ਾ ਪਾਬੰਦੀਆਂ ਦੀ ਪਾਲਣਾ ਕਰਨ ਦੀ ਉਮੀਦ ਹੈ।
ਸਮੁੰਦਰੀ ਆਵਾਜਾਈ ਖੁਫ਼ੀਆ ਫ਼ਰਮ ਕੇਪਲਰ ਅਨੁਸਾਰ, ਦਸੰਬਰ ਵਿਚ ਭਾਰਤ ਅੰਦਰ ਰੂਸੀ ਕੱਚੇ ਤੇਲ ਦੀ ਆਮਦ ਵਿਚ ਤੇਜ਼ੀ ਨਾਲ ਗਿਰਾਵਟ ਹੋਵੇਗੀ, ਵਿਚੋਲਿਆਂ ਅਤੇ ਵਿਕਲਪਕ ਵਪਾਰਕ ਮਾਰਗਾਂ ਰਾਹੀਂ 2026 ਦੇ ਅਰੰਭ ਵਿਚ ਹੌਲੀ-ਹੌਲੀ ਇਸ ਨੂੰ ਬਹਾਲ ਕੀਤੇ ਜਾਣ ਦਾ ਵੀ ਅਨੁਮਾਨ ਲਗਾਇਆ ਗਿਆ ਹੈ।
ਚੋਟੀ ਦਾ ਆਯਾਤਕ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਜਿਸ ਦਾ ਰੋਸਨੇਫਟ ਨਾਲ ਲੰਮੇ ਸਮੇਂ ਲਈ ਸਪਲਾਈ ਦਾ ਇਕਰਾਰਨਾਮਾ ਹੈ, ਰੂਸੀ ਤੇਲ ਲੈਣਾ ਬੰਦ ਕਰ ਦੇਵੇਗਾ। ਦੋ ਹੋਰ ਸਰਕਾਰੀ ਰਿਫਾਇਨਰਾਂ ਨੇ ਕਿਹਾ ਹੈ ਕਿ ਉਹ ਰੂਸੀ ਤੇਲ ਦੀ ਆਯਾਤ ਨੂੰ ਰੋਕ ਰਹੇ ਹਨ। ਮੰਗਲੌਰ ਰਿਫਾਇਨਰੀ ਐਂਡ ਪੈਟਰੋ ਕੈਮੀਕਲਜ਼ ਲਿਮਟਿਡ ਅਤੇ ਸਟੀਲ ਟਾਇਕੂਨ ਲਕਸ਼ਮੀ ਮਿੱਤਲ ਦੀ ਮਿੱਤਲ ਐਨਰਜੀ ਅਤੇ ਹਿੰਦੁਸਤਾਨ ਪਟਰੌਲੀਅਮ ਕਾਰਪੋਰੇਸ਼ਨ ਲਿਮਟਿਡ (ਐਚ.ਪੀ.ਸੀ.ਐਲ.) ਦੇ ਸਾਂਝੇ ਉੱਦਮ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ ਨੇ ਭਵਿੱਖ ਦੀ ਆਯਾਤ ਨੂੰ ਮੁਅੱਤਲ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ।
2025 ਦੀ ਪਹਿਲੀ ਛਿਮਾਹੀ ਵਿਚ ਆਯਾਤ ਕੀਤੇ ਗਏ 18 ਲੱਖ ਬੈਰਲ ਰੂਸੀ ਕੱਚੇ ਤੇਲ ’ਚੋਂ ਅੱਧੇ ਤੋਂ ਵੱਧ ਇਨ੍ਹਾਂ ਤਿੰਨਾਂ ਨੇ ਆਯਾਤ ਕੀਤੇ ਸਨ। ਹਾਲਾਂਕਿ, ਨਯਾਰਾ ਐਨਰਜੀ ਦੀ ਵਦੀਨਾਰ ਰਿਫਾਇਨਰੀ, ਜੋ ਕਿ ਅੰਸ਼ਕ ਤੌਰ ਉਤੇ ਰੋਸਨੇਫਟ ਦੀ ਮਲਕੀਅਤ ਹੈ ਅਤੇ ਪਹਿਲਾਂ ਹੀ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੇ ਅਧੀਨ ਹੈ, ਵਲੋਂ ਅਪਣੀ ਰੂਸੀ ਕੱਚੇ ਤੇਲ ਦੀ ਖਪਤ ਨੂੰ ਬਣਾਈ ਰੱਖਣ ਦੀ ਸੰਭਾਵਨਾ ਹੈ।
ਕੇਪਲੇਰ ਦੇ ਪ੍ਰਮੁੱਖ ਖੋਜ ਵਿਸ਼ਲੇਸ਼ਕ (ਰਿਫਾਈਨਿੰਗ ਅਤੇ ਮਾਡਲਿੰਗ) ਸੁਮਿਤ ਰਿਟੋਲੀਆ ਅਨੁਸਾਰ, ਅਕਤੂਬਰ ਵਿਚ ਰੂਸ ਭਾਰਤ ਦਾ ਚੋਟੀ ਦਾ ਕੱਚਾ ਤੇਲ ਸਪਲਾਇਰ ਰਿਹਾ, ਇਸ ਤੋਂ ਬਾਅਦ ਇਰਾਕ ਅਤੇ ਸਾਊਦੀ ਅਰਬ ਹਨ। ਪਾਬੰਦੀਆਂ ਤੋਂ ਪਹਿਲਾਂ ਭਾਰਤ ਨੂੰ ਰੂਸ ਦਾ ਨਿਰਯਾਤ 1.6-1.8 ਮਿਲੀਅਨ ਬੈਰਲ ਪ੍ਰਤੀ ਦਿਨ (ਐਮ.ਬੀ.ਡੀ.) ਤਕ ਪਹੁੰਚ ਗਿਆ ਸੀ, 21 ਅਕਤੂਬਰ ਤੋਂ ਬਾਅਦ ਗਿਰਾਵਟ ਵੇਖੀ ਗਈ ਸੀ ਕਿਉਂਕਿ ਰਿਫਾਇਨਰਾਂ ਨੇ ਸੰਭਾਵਤ ਯੂ.ਐਸ. ਓ.ਐਫ.ਏ.ਸੀ. ਐਕਸਪੋਜਰ ਤੋਂ ਬਚਿਆ ਸੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰੂਸੀ ਬੈਰਲ ਪੂਰੀ ਤਰ੍ਹਾਂ ਅਲੋਪ ਹੋਣ ਦੀ ਸੰਭਾਵਨਾ ਨਹੀਂ ਹੈ, ਪਰ ਭਵਿੱਖ ਦੀ ਆਯਾਤ ਵਧੇਰੇ ਗੁੰਝਲਦਾਰ ਲੌਜਿਸਟਿਕਸ ਅਤੇ ਵਪਾਰਕ ਪ੍ਰਬੰਧਾਂ ਉਤੇ ਨਿਰਭਰ ਕਰੇਗੀ।
