ਕਿਹਾ, ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਤੋਂ ਅਗਲੇ ਹੀ ਦਿਨ ਬਹੁਤ ਸਾਰਾ ਕੰਮ ਹੋਣ ਜਾ ਰਿਹਾ ਹੈ
ਮੁੰਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਧਿਕਾਰੀਆਂ ਨੂੰ ‘ਦਬਾਦਬ’ ਕੰਮ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤੀਜੀ ਵਾਰ ਸਹੁੰ ਚੁੱਕਣ ਤੋਂ ਅਗਲੇ ਹੀ ਦਿਨ ਬਹੁਤ ਸਾਰਾ ਕੰਮ ਹੋਣ ਜਾ ਰਿਹਾ ਹੈ। ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਦਾ ਭਰੋਸਾ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਆਰਥਕ ਤੌਰ ’ਤੇ ਆਤਮ ਨਿਰਭਰ ਬਣਾਉਣ ਲਈ ਵਧੇਰੇ ਦ੍ਰਿੜਤਾ ਅਤੇ ਗੰਭੀਰਤਾ ਨਾਲ ਕੰਮ ਸ਼ੁਰੂ ਹੋਵੇਗਾ। ਰਿਜ਼ਰਵ ਬੈਂਕ ਦੇ 90ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ, ‘‘ਮੈਂ ਅਜੇ 100 ਦਿਨਾਂ ਤਕ ਚੋਣਾਂ ’ਚ ਰੁੱਝਿਆ ਹੋਇਆ ਹਾਂ। ਤੁਹਾਡੇ ਕੋਲ ਬਹੁਤ ਸਾਰਾ ਸਮਾਂ ਹੈ। ਤੁਹਾਨੂੰ ਸੋਚ ਕੇ ਰੱਖੋ ਕਿਉਂਕਿ ਸਹੁੰ ਚੁੱਕਣ ਦੇ ਅਗਲੇ ਦਿਨ ਹੀ ਦਬਾਦਬ ਕੰਮ ਸ਼ੁਰੂ ਹੋਣ ਜਾ ਰਿਹਾ ਹੈ।’’
ਸੱਤ ਪੜਾਵਾਂ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤਕ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਨਵੀਂ ਸਰਕਾਰ ਜੂਨ ’ਚ ਸਹੁੰ ਚੁੱਕੇਗੀ।
ਸਾਲ 2019 ’ਚ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੋਦੀ ਦੇ ਦੂਜੇ ਕਾਰਜਕਾਲ ’ਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦੇ ਨਾਲ 100 ਦਿਨਾਂ ਦੇ ਅੰਦਰ ਕਈ ਕਦਮ ਚੁਕੇ ਗਏ ਸਨ। ਮੋਦੀ ਨੇ ਕਿਹਾ ਕਿ ਕਈ ਨਵੇਂ ਖੇਤਰ ਸਾਹਮਣੇ ਆ ਰਹੇ ਹਨ ਅਤੇ ਉਨ੍ਹਾਂ ਖੇਤਰਾਂ ਨੂੰ ਵਿੱਤ ਦੇਣ ਲਈ ਮੁਹਾਰਤ ਵਿਕਸਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ 21ਵੀਂ ਸਦੀ ’ਚ ਨਵੀਨਤਾ ਦੀ ਮਹੱਤਤਾ ’ਤੇ ਜ਼ੋਰ ਦਿਤਾ। ਉਨ੍ਹਾਂ ਨੇ ਉਨ੍ਹਾਂ ਨੂੰ ਨਵੀਨਤਮ ਤਕਨਾਲੋਜੀਆਂ ਨਾਲ ਕਰਮਚਾਰੀਆਂ ਦੀ ਪਛਾਣ ਕਰਨ ਅਤੇ ਟੀਮ ਲਈ ਕੰਮ ਕਰਨ ਸਬੰਧੀ ਪ੍ਰਸਤਾਵਾਂ ਲਈ ਤਿਆਰ ਰਹਿਣ ਲਈ ਕਿਹਾ।
ਉਨ੍ਹਾਂ ਨੇ ਬੈਂਕ ਅਧਿਕਾਰੀਆਂ ਅਤੇ ਰੈਗੂਲੇਟਰਾਂ ਨੂੰ ਪੁਲਾੜ ਅਤੇ ਸੈਰ-ਸਪਾਟਾ ਵਰਗੇ ਨਵੇਂ ਅਤੇ ਰਵਾਇਤੀ ਖੇਤਰਾਂ ਦੀਆਂ ਜ਼ਰੂਰਤਾਂ ਲਈ ਤਿਆਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਅਯੁੱਧਿਆ ਦੁਨੀਆਂ ਦਾ ਸੱਭ ਤੋਂ ਵੱਡਾ ਧਾਰਮਕ ਸੈਰ-ਸਪਾਟਾ ਕੇਂਦਰ ਬਣਨ ਜਾ ਰਿਹਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਅਗਲੇ 10 ਸਾਲਾਂ ’ਚ ਆਰਥਕ ਤੌਰ ’ਤੇ ਆਤਮ ਨਿਰਭਰ ਬਣਨ ਦੀ ਜ਼ਰੂਰਤ ਹੈ ਤਾਂ ਜੋ ਦੇਸ਼ ਗਲੋਬਲ ਕਾਰਕਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਤ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤ ਦੀ ਆਰਥਕ ਆਤਮ ਨਿਰਭਰਤਾ ਨੂੰ ਵਧਾਉਣਾ ਹੋਵੇਗਾ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਆਰ.ਬੀ.ਆਈ. ਦੇ ਕਈ ਯਤਨਾਂ ਕਾਰਨ ਪਿਛਲੇ ਦਹਾਕੇ ’ਚ ਬੈਂਕਿੰਗ ਖੇਤਰ ਲਾਭਕਾਰੀ ਬਣ ਗਿਆ ਹੈ ਅਤੇ ਕਰਜ਼ਾ ਵਾਧਾ ਵਧਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਦੀ ਕੁਲ ਗੈਰ-ਕਾਰਜਸ਼ੀਲ ਜਾਇਦਾਦ (ਐਨ.ਪੀ.ਏ.) ਜੋ 2018 ’ਚ ਲਗਭਗ 11.25 ਫ਼ੀ ਸਦੀ ਸੀ, ਸਤੰਬਰ 2023 ਤਕ ਘਟ ਕੇ ਤਿੰਨ ਫ਼ੀ ਸਦੀ ਤੋਂ ਵੀ ਘੱਟ ਹੋ ਗਈ।
ਮੋਦੀ ਨੇ ਕਿਹਾ ਕਿ ਦੋਹਰੀ ਬੈਲੇਂਸ ਸ਼ੀਟ ਦੀ ਸਮੱਸਿਆ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਅਤੇ ਬੈਂਕ ਕਰਜ਼ੇ ’ਚ 15 ਫ਼ੀ ਸਦੀ ਵਾਧਾ ਦਰਜ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰ.ਬੀ.ਆਈ. ਨੇ ਇਨ੍ਹਾਂ ਸਾਰੀਆਂ ਪ੍ਰਾਪਤੀਆਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਆਰ.ਬੀ.ਆਈ. ਦੇ 90 ਸਾਲ ਪੂਰੇ ਹੋਣ ਦੇ ਮੌਕੇ ’ਤੇ ਇਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ਮੌਕੇ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ, ਮਹਾਰਾਸ਼ਟਰ ਦੇ ਰਾਜਪਾਲ ਰਮੇਸ਼ ਬੈਂਸ, ਮੁੱਖ ਮੰਤਰੀ ਏਕਨਾਥ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿੱਤ ਰਾਜ ਮੰਤਰੀ ਭਾਗਵਤ ਕਿਸ਼ਨਰਾਓ ਕਰਾਡ ਅਤੇ ਪੰਕਜ ਚੌਧਰੀ ਮੌਜੂਦ ਸਨ।