
ਹੁਣ 24 ਹਜ਼ਾਰ ਕਰੋੜ ਮੁੱਲ ਦੇ 2000 ਵਾਲੇ ਨੋਟ ਹੀ ਚਲਨ ’ਚ ਮੌਜੂਦ
ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁਕਰਵਾਰ ਨੂੰ ਕਿਹਾ ਕਿ ਚਲਨ ਤੋਂ ਹਟਾਏ ਗਏ 2000 ਮੁੱਲ ਦੇ ਕੁਲ 93 ਫ਼ੀ ਸਦੀ ਨੋਟ ਬੈਂਕਾਂ ’ਚ ਵਾਪਸ ਆ ਗਏ ਹਨ।
ਆਰ.ਬੀ.ਆਈ. ਨੇ 19 ਮਈ, 2023 ਨੂੰ 2 ਹਜ਼ਾਰ ਰੁਪਏ ਦੇ ਨੋਟ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਰਿਜ਼ਰਵ ਬੈਂਕ ਦੇ ਇਕ ਬਿਆਨ ਮੁਤਾਬਕ, ਬੈਂਕਾਂ ਤੋਂ ਮਿਲੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 31 ਅਗੱਸਤ, 2023 ਤਕ ਬੈਂਕਾਂ ’ਚ ਜਮ੍ਹਾਂ 2000 ਰੁਪਏ ਦੇ ਨੋਟਾਂ ਦਾ ਕੁਲ ਮੁੱਲ 3.32 ਲੱਖ ਕਰੋੜ ਰੁਪਏ ਸੀ। ਇਸ ਦਾ ਮਤਲਬ ਹੈ ਕਿ 31 ਅਗੱਸਤ, 2023 ਨੂੰ 2000 ਰੁਪਏ ਦੇ 0.24 ਲੱਖ ਕਰੋੜ ਰੁਪਏ ਦੇ ਨੋਟ ਹੀ ਚਲਨ ’ਚ ਸਨ।
ਪ੍ਰਮੁੱਖ ਬੈਂਕਾਂ ਤੋਂ ਇਕੱਠਾ ਅੰਕੜੇ ਦਸਦੇ ਹਨ ਕਿ 2000 ਰੁਪਏ ਦੇ ਲਗਭਗ 87 ਫ਼ੀ ਸਦੀ ਨੋਟ ਬੈਂਕਾਂ ’ਚ ਜਮ੍ਹਾਂ ਕਰਵਾਏ ਗਏ ਜਦਕਿ 13 ਫ਼ੀ ਸਦੀ ਨੋਟਾਂ ਨੂੰ ਹੋਰ ਮੁੱਲ ਵਰਗ ਦੇ ਨੋਟਾਂ ’ਚ ਬਦਲਿਆ ਗਿਆ।
ਜ਼ਿਕਰਯੋਗ ਹੈ ਕਿ 31 ਮਾਰਚ, 2023 ਨੂੰ ਚਲਨ ’ਚ ਮੌਜੂਦ 2000 ਰੁਪਏ ਦੇ ਨੋਟ ਦਾ ਕੁਲ ਮੁੱਲ 3.62 ਲੱਖ ਕਰੋੜ ਰੁਪਏ ਸੀ, ਜੋ 19 ਮਈ, 2023 ਨੂੰ ਇਨ੍ਹਾਂ ਨੂੰ ਵਾਪਸ ਲਏ ਜਾਣ ਦੇ ਐਲਾਨ ਦੇ ਸਮੇਂ ਘਟ ਕੇ 3.56 ਲੱਖ ਕਰੋੜ ਰੁਪਏ ਹੋ ਗਿਆ ਸੀ।
ਆਰ.ਬੀ.ਆਈ. ਨੇ ਲੋਕਾਂ ਤੋਂ 2000 ਰੁਪਏ ਦੇ ਨੋਟ ਨੂੰ 30 ਸਤੰਬਰ, 2023 ਤਕ ਬੈਂਕਾਂ ’ਚ ਜਮ੍ਹਾਂ ਕਰਵਾਉਣ ਜਾਂ ਹੋਰ ਮੁੱਲ ਵਰਗ ਦੇ ਨੋਟਾਂ ਨਾਲ ਬਦਲਵਾਉਣ ਦੀ ਅਪੀਲ ਕੀਤੀ ਹੈ।