
ਅਗੱਸਤ ਦੌਰਾਨ ਯਾਤਰੀ ਗੱਡੀਆਂ ਦੀ ਵਿਕਰੀ 3,60,897 ਯੂਨਿਟ ਰਹੀ
ਨਵੀਂ ਦਿੱਲੀ: ਤਿਉਹਾਰਾਂ ਦੀ ਮੰਗ ਅਤੇ SUVs ’ਚ ਲਗਾਤਾਰ ਦਿਲਚਸਪੀ ਦੇ ਵਿਚਕਾਰ ਅਗੱਸਤ ’ਚ ਘਰੇਲੂ ਯਾਤਰੀ ਗੱਡੀਆਂ ਦੀ ਰੀਕਾਰਡ ਵਿਕਰੀ ਦਰਜ ਕੀਤੀ ਗਈ। ਦੇਸ਼ ਦੀ ਪ੍ਰਮੁੱਖ ਗੱਡੀ ਨਿਰਮਾਤਾ ਮਾਰੂਤੀ ਸੁਜ਼ੂਕੀ ਨੇ ਵੀ ਇਸ ਸਮੇਂ ਦੌਰਾਨ ਅਪਣੀ ਹੁਣ ਤਕ ਦੀ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਦਰਜ ਕੀਤੀ ਹੈ।
ਹੁੰਡਈ ਮੋਟਰ ਇੰਡੀਆ, ਮਹਿੰਦਰਾ ਐਂਡ ਮਹਿੰਦਰਾ ਅਤੇ ਟੋਇਟਾ ਕਿਰਲੋਸਕਰ ਮੋਟਰ ਨੇ ਵੀ ਪਿਛਲੇ ਮਹੀਨੇ ਥੋਕ ਵਿਕਰੀ ’ਚ ਮਜ਼ਬੂਤ ਵਾਧਾ ਦਰਜ ਕੀਤਾ ਹੈ। ਹਾਲਾਂਕਿ ਘਰੇਲੂ ਬਾਜ਼ਾਰ ’ਚ ਟਾਟਾ ਮੋਟਰਸ ਦੀ ਥੋਕ ਵਿਕਰੀ ’ਚ ਕਮੀ ਆਈ ਹੈ।
ਮਾਰੂਤੀ ਸੁਜ਼ੂਕੀ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਵਿਕਰੀ ਅਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, ‘‘ਆਟੋਮੋਬਾਈਲ ਉਦਯੋਗ ਲਈ ਅਗੱਸਤ ਬਹੁਤ ਵਧੀਆ ਮਹੀਨਾ ਸੀ। ਇਸ ਸਮੇਂ ਦੌਰਾਨ ਕੁਲ ਯਾਤਰੀ ਗੱਡੀਆਂ ਦੀ ਵਿਕਰੀ 3,60,897 ਯੂਨਿਟ ਰਹੀ, ਜੋ ਕਿ ਕਿਸੇ ਵੀ ਸਾਲ ਲਈ ਸਭ ਤੋਂ ਵੱਧ ਮਹੀਨਾਵਾਰ ਵਿਕਰੀ ਹੈ।’’
ਇਸ ਤੋਂ ਪਹਿਲਾਂ ਸਤੰਬਰ 2022 ’ਚ, ਭਾਰਤੀ ਆਟੋਮੋਬਾਈਲ ਉਦਯੋਗ ਨੇ 3,55,400 ਗੱਡੀਆਂ ਦੀ ਥੋਕ ਵਿਕਰੀ ਕੀਤੀ ਸੀ। ਅਗੱਸਤ ਮਹੀਨੇ ’ਚ ਕੁੱਲ ਵਿਕਰੀ 9.7 ਫੀ ਸਦੀ ਵਧ ਕੇ 3,60,897 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 3,26,980 ਗੱਡੀਆਂ ਦੀ ਵਿਕਰੀ ਸੀ।
ਚਾਲੂ ਵਿੱਤੀ ਸਾਲ ’ਚ ਅਗੱਸਤ ਤਕ ਗੱਡੀਆਂ ਦੀ ਕੁਲ ਵਿਕਰੀ 17 ਲੱਖ ਯੂਨਿਟ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜੋ ਅਪ੍ਰੈਲ-ਅਗੱਸਤ, 2022 ਦੇ ਮੁਕਾਬਲੇ ਅੱਠ ਫੀ ਸਦੀ ਜ਼ਿਆਦਾ ਹੈ।
ਸ੍ਰੀਵਾਸਤਵ ਨੇ ਕਿਹਾ ਕਿ ਐਸ.ਯੂ.ਵੀ. ਸੈਗਮੈਂਟ ਨੇ ਗੱਡੀਆਂ ਦੀ ਵਿਕਰੀ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਅਗੱਸਤ ’ਚ ਕੁਲ ਗੱਡੀਆਂ ਦੀ ਵਿਕਰੀ ’ਚ SUV ਦੀ ਹਿੱਸੇਦਾਰੀ ਵਧ ਕੇ 48.6 ਫੀ ਸਦੀ ਹੋ ਗਈ। ਇਸ ਨੇ ਓਣਮ ਦੇ ਨਾਲ ਸ਼ੁਰੂ ਹੋਏ ਤਿਉਹਾਰਾਂ ਦੇ ਸੀਜ਼ਨ ਕਾਰਨ ਪੈਦਾ ਹੋਈ ਮੰਗ ’ਚ ਵੀ ਯੋਗਦਾਨ ਪਾਇਆ ਹੈ।
ਮਾਰੂਤੀ ਸੁਜ਼ੂਕੀ ਨੇ ਅਗਸਤ ’ਚ 1,89,082 ਗੱਡੀਆਂ ਦੀ ਥੋਕ ਵਿਕਰੀ ਦੇ ਨਾਲ ਹੁਣ ਤੱਕ ਦੀ ਸਭ ਤੋਂ ਵੱਧ ਮਾਸਿਕ ਵਿਕਰੀ ਦਰਜ ਕੀਤੀ। ਮਾਰੂਤੀ ਅਪ੍ਰੈਲ-ਅਗਸਤ ਦੀ ਮਿਆਦ ’ਚ SUV ਵਿਕਰੀ ਚਾਰਟ ’ਚ ਸਿਖਰ 'ਤੇ ਹੈ, ਜੋ ਕਿ ਗ੍ਰੈਂਡ ਵਿਟਾਰਾ, ਬ੍ਰੇਜ਼ਾ ਅਤੇ ਜਿਮਨੀ ਵਰਗੇ ਮਾਡਲਾਂ ਦੀ ਵਿਕਰੀ ਦੁਆਰਾ ਉਤਸ਼ਾਹਿਤ ਹੈ।
ਪਿਛਲੇ ਮਹੀਨੇ ਮਾਰੂਤੀ ਦੀ ਥੋਕ ਵਿਕਰੀ 14 ਫੀ ਸਦੀ ਵਧੀ ਹੈ ਜਦੋਂ ਕਿ ਅਗਸਤ 2022 ’ਚ ਇਸ ਨੇ 1,65,173 ਗੱਡੀਆਂ ਵੇਚੀਆਂ ਸਨ। ਹੁੰਡਈ ਮੋਟਰ ਇੰਡੀਆ ਦੀ ਅਗੱਸਤ ’ਚ ਥੋਕ ਵਿਕਰੀ ਅਗੱਸਤ 2022 ’ਚ 62,210 ਯੂਨਿਟਾਂ ਦੇ ਮੁਕਾਬਲੇ ਸਾਲ-ਦਰ-ਸਾਲ 15 ਫ਼ੀ ਸਦੀ ਵਧ ਕੇ 71,435 ਯੂਨਿਟ ਹੋ ਗਈ। ਪਿਛਲੇ ਮਹੀਨੇ ਕੰਪਨੀ ਦੀ ਘਰੇਲੂ ਵਿਕਰੀ ਨੌਂ ਫੀ ਸਦੀ ਵਧ ਕੇ 53,830 ਇਕਾਈ ਹੋ ਗਈ ਜਦਕਿ ਨਿਰਯਾਤ 39 ਫੀ ਸਦੀ ਵਧ ਕੇ 17,605 ਇਕਾਈ ਰਿਹਾ।
ਹੁੰਡਈ ਮੋਟਰ ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ ਕਿ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਓਣਮ ਦੀ ਮਜ਼ਬੂਤ ਮੰਗ ਦੇ ਨਾਲ ਚੰਗੀ ਸ਼ੁਰੂਆਤ ਹੋਈ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਰੁਝਾਨ ਹੋਰ ਹਿੱਸਿਆਂ ’ਚ ਜਾਰੀ ਰਹਿਣ ਦੀ ਉਮੀਦ ਹੈ।
ਮਹਿੰਦਰਾ ਐਂਡ ਮਹਿੰਦਰਾ (M&M) ਦੇ ਗੱਡੀਆਂ ਦੀ ਵਿਕਰੀ ਸਾਲਾਨਾ ਆਧਾਰ 'ਤੇ 19 ਫੀ ਸਦੀ ਵਧ ਕੇ 70,350 ਇਕਾਈ ਹੋ ਗਈ ਜੋ ਇਕ ਸਾਲ ਪਹਿਲਾਂ 59,049 ਇਕਾਈ ਸੀ। ਘਰੇਲੂ ਬਾਜ਼ਾਰ 'ਚ ਯਾਤਰੀ ਗੱਡੀਆਂ ਦੀ ਵਿਕਰੀ 25 ਫੀਸਦੀ ਵਧ ਕੇ 37,270 ਇਕਾਈ ਰਹੀ।
ਮਹਿੰਦਰਾ ਐਂਡ ਮਹਿੰਦਰਾ ਦੇ ਆਟੋਮੋਟਿਵ ਸੈਗਮੈਂਟ ਦੇ ਮੁਖੀ ਵਿਜੇ ਨਾਕਰਾ ਨੇ ਕਿਹਾ ਕਿ ਕੰਪਨੀ ਨੇ ਇਸ ਮਹੀਨੇ ਘਰੇਲੂ ਬਾਜ਼ਾਰ 'ਚ 37,270 SUV ਦੀ ਵਿਕਰੀ ਨਾਲ 26 ਫੀਸਦੀ ਵਾਧਾ ਦਰਜ ਕੀਤਾ ਹੈ। ਇਹ SUV ਦੀ ਹੁਣ ਤੱਕ ਦੀ ਸਭ ਤੋਂ ਵੱਧ ਘਰੇਲੂ ਵਿਕਰੀ ਹੈ।
ਟੋਇਟਾ ਕਿਰਲੋਸਕਰ ਮੋਟਰ ਨੇ ਵੀ ਪਿਛਲੇ ਮਹੀਨੇ 22,910 ਯੂਨਿਟਸ ਦੇ ਨਾਲ ਅਪਣੀ ਹੁਣ ਤਕ ਦੀ ਸਭ ਤੋਂ ਵੱਧ ਵਿਕਰੀ ਦਾ ਅੰਕੜਾ ਹਾਸਲ ਕੀਤਾ ਹੈ। ਇਹ ਇਕ ਸਾਲ ਪਹਿਲਾਂ ਦੇ ਮੁਕਾਬਲੇ 53 ਫੀ ਸਦੀ ਦੀ ਮਜ਼ਬੂਤ ਵਾਧਾ ਦਰਸਾਉਂਦਾ ਹੈ। ਘਰੇਲੂ ਬਾਜ਼ਾਰ 'ਚ ਇਸ ਨੇ 20,970 ਯੂਨਿਟਸ ਵੇਚੇ।
ਹਾਲਾਂਕਿ, ਟਾਟਾ ਮੋਟਰਜ਼ ਨੇ ਅਗਸਤ 'ਚ ਥੋਕ ਯਾਤਰੀ ਗੱਡੀਆਂ ਦੀ ਵਿਕਰੀ ’ਚ 3.5 ਫੀ ਸਦੀ ਦੀ ਗਿਰਾਵਟ ਦਰਜ ਕੀਤੀ, ਜੋ ਕਿ ਅਗੱਸਤ ’ਚ 47,166 ਇਕਾਈਆਂ ਦੇ ਮੁਕਾਬਲੇ 45,513 ਯੂਨਿਟ ਰਹੀ ਹੈ। ਇਸ ’ਚ ਇਲੈਕਟ੍ਰਿਕ ਗੱਡੀਆਂ ਦਾ ਡੇਟਾ ਵੀ ਸ਼ਾਮਲ ਹੈ।
ਘਰੇਲੂ ਬਾਜ਼ਾਰ 'ਚ ਹੌਂਡਾ ਕਾਰਸ ਇੰਡੀਆ ਦੀ ਵਿਕਰੀ ਪਿਛਲੇ ਮਹੀਨੇ ਇਕ ਫੀ ਸਦੀ ਵਧ ਕੇ 7,880 ਇਕਾਈ ਹੋ ਗਈ। ਕੰਪਨੀ ਨੇ ਪਿਛਲੇ ਸਾਲ ਅਗੱਸਤ ’ਚ ਘਰੇਲੂ ਬਾਜ਼ਾਰ ’ਚ ਡੀਲਰਾਂ ਨੂੰ 7,769 ਇਕਾਈਆਂ ਭੇਜੀਆਂ ਸਨ। ਹਾਲਾਂਕਿ ਕੰਪਨੀ ਦਾ ਨਿਰਯਾਤ ਸੱਤ ਫੀ ਸਦੀ ਘਟ ਕੇ 2,189 ਯੂਨਿਟ ਰਿਹਾ।
ਐਮ.ਜੀ. ਮੋਟਰ ਇੰਡੀਆ ਨੇ ਅਗੱਸਤ ’ਚ 4,185 ਗੱਡੀਆਂ ਦੀ ਰਿਟੇਲ ਕੀਤੀ, ਜੋ ਇੱਕ ਸਾਲ ਪਹਿਲਾਂ ਦੀ ਮਿਆਦ ਦੇ ਮੁਕਾਬਲੇ ਨੌਂ ਫੀਸਦੀ ਵੱਧ ਹੈ। ਦੋਪਹੀਆ ਵਾਹਨ ਸੈਗਮੈਂਟ 'ਚ ਬਜਾਜ ਆਟੋ ਦੀ ਕੁੱਲ ਵਾਹਨ ਵਿਕਰੀ 15 ਫੀ ਸਦੀ ਘਟ ਕੇ 3,41,648 ਇਕਾਈ ਰਹਿ ਗਈ। TVS ਮੋਟਰ ਦੀ ਕੁੱਲ ਵਿਕਰੀ ਚਾਰ ਫੀ ਸਦੀ ਵਧ ਕੇ 3,45,848 ਯੂਨਿਟ ਰਹੀ।
ਹੌਂਡਾ ਮੋਟਰਸਾਈਕਲ ਅਤੇ ਸਕੂਟਰ ਇੰਡੀਆ ਦੀ ਵਿਕਰੀ ਅਗੱਸਤ 'ਚ ਤਿੰਨ ਫੀ ਸਦੀ ਵਧ ਕੇ 4,77,590 ਯੂਨਿਟ ਰਹੀ ਹੈ। ਰਾਇਲ ਐਨਫੀਲਡ ਨੇ ਪਿਛਲੇ ਮਹੀਨੇ 77,583 ਗੱਡੀਆਂ ਵੇਚੀਆਂ, ਜੋ ਅਗੱਸਤ 2022 ਦੇ ਮੁਕਾਬਲੇ 11 ਫੀ ਸਦੀ ਵੱਧ ਹਨ।