
ਦੇਸ਼ ਨੂੰ ਉਦਯੋਗਿਕ ਵਸਤਾਂ ਦਾ ਆਯਾਤ ਘਟਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
india has Trade Surplus with 151 countries : ਇਸ ਸਾਲ ਦੀ ਪਹਿਲੀ ਛਿਮਾਹੀ ਯਾਨੀ ਜਨਵਰੀ-ਜੂਨ 2024 ਦੌਰਾਨ ਭਾਰਤ ਦਾ ਅਮਰੀਕਾ ਅਤੇ ਨੀਦਰਲੈਂਡ ਸਣੇ 151 ਦੇਸ਼ਾਂ ਨਾਲ ਵਪਾਰ ਸਰਪਲੱਸ ਸੀ। ਦੂਜੇ ਪਾਸੇ ਦੇਸ਼ ਨੂੰ ਚੀਨ ਅਤੇ ਰੂਸ ਸਮੇਤ 75 ਦੇਸ਼ਾਂ ਨਾਲ ਵਪਾਰ ਘਾਟੇ ਦਾ ਸਾਹਮਣਾ ਕਰਨਾ ਪਿਆ।
ਗਲੋਬਲ ਟਰੇਡ ਰੀਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ.) ਨੇ ਕਿਹਾ ਕਿ ਭਾਰਤ ਨੂੰ ਕੱਚੇ ਤੇਲ ਅਤੇ ਕੋਲੇ ਦੀ ਦਰਾਮਦ ਤੋਂ ਪੈਦਾ ਹੋਣ ਵਾਲੇ ਵਪਾਰ ਘਾਟੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜੀ.ਟੀ.ਆਰ.ਆਈ. ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਉਦਯੋਗਿਕ ਵਸਤਾਂ ਦਾ ਆਯਾਤ ਘਟਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਹ ਚੀਨ ਵਰਗੇ ਦੇਸ਼ਾਂ ਲਈ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਦੀ ਆਰਥਕ ਪ੍ਰਭੂਸੱਤਾ ਲਈ ਖਤਰਾ ਹੈ।
ਰੀਪੋਰਟ ਮੁਤਾਬਕ ਜਨਵਰੀ ਤੋਂ ਜੂਨ 2024 ਦਰਮਿਆਨ ਭਾਰਤ ਦਾ 151 ਦੇਸ਼ਾਂ ਨਾਲ ਵਪਾਰ ਸਰਪਲੱਸ ਸੀ, ਜੋ ਇਸ ਦੇ ਨਿਰਯਾਤ ਦਾ 55.8 ਫੀ ਸਦੀ ਅਤੇ ਆਯਾਤ ਦਾ 16.5 ਫੀ ਸਦੀ ਸੀ। ਇਸ ਸਾਲ ਜਨਵਰੀ-ਜੂਨ ਦੌਰਾਨ ਸੱਭ ਤੋਂ ਵੱਧ ਸਰਪਲੱਸ ਅਮਰੀਕਾ (21 ਅਰਬ ਡਾਲਰ) ਅਤੇ ਨੀਦਰਲੈਂਡ (11.6 ਅਰਬ ਡਾਲਰ) ਕੋਲ ਸੀ।
ਦੂਜੇ ਪਾਸੇ, ਭਾਰਤ ਦਾ ਵਪਾਰ ਘਾਟਾ ਸੀ ਅਤੇ 75 ਦੇਸ਼ਾਂ ਦੀ ਬਰਾਮਦ ਦਾ 44.2 ਫ਼ੀ ਸਦੀ ਅਤੇ ਆਯਾਤ ਦਾ 83.5 ਫ਼ੀ ਸਦੀ ਹਿੱਸਾ ਸੀ। ਇਸ ਨਾਲ 185.4 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।
ਇਹ ਵਿਸ਼ੇਸ਼ ਆਯਾਤਾਂ ’ਤੇ ਨਿਰਭਰਤਾ ਨੂੰ ਘਟਾਉਣ ਅਤੇ ਘਰੇਲੂ ਉਤਪਾਦਨ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਜੀ.ਟੀ.ਆਰ.ਆਈ. ਦੇ ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਤੋਂ ਭਾਰਤ ਮੁੱਖ ਤੌਰ ’ਤੇ ਸੋਨਾ, ਚਾਂਦੀ ਅਤੇ ਹੀਰੇ ਦਾ ਆਯਾਤ ਕਰਦਾ ਹੈ, ਉਨ੍ਹਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਬਜਟ ਵਿਚ ਉਨ੍ਹਾਂ ’ਤੇ ਡਿਊਟੀ 15 ਫੀ ਸਦੀ ਤੋਂ ਘਟਾ ਕੇ 6 ਫੀ ਸਦੀ ਕਰ ਦਿਤੀ ਗਈ ਹੈ।