ਸੈਂਸੈਕਸ ’ਚ 2507 ਅੰਕਾਂ ਦਾ ਉਛਾਲ
ਮੁੰਬਈ: ‘ਐਗਜ਼ਿਟ ਪੋਲ’ ਤੋਂ ਬਾਅਦ ਸਥਾਨਕ ਸ਼ੇਅਰ ਬਾਜ਼ਾਰ ’ਚ ਚੁਤਰਫ਼ਾ ਖਰੀਦਦਾਰੀ ਕਾਰਨ ਸੋਮਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 2,500 ਅੰਕ ਚੜ੍ਹ ਕੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 733 ਅੰਕ ਚੜ੍ਹ ਕੇ ਨਵੇਂ ਸਿਖਰ ’ਤੇ ਬੰਦ ਹੋਇਆ। ਸਨਿਚਰਵਾਰ ਨੂੰ ਐਗਜ਼ਿਟ ਪੋਲ ’ਚ ਭਾਜਪਾ ਦੀ ਅਗਵਾਈ ਵਾਲੀ ਕੌਮੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਸਰਕਾਰ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਤੋਂ ਬਾਅਦ ਬਾਜ਼ਾਰ ’ਚ ਤੇਜ਼ੀ ਆਈ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 2,507.47 ਅੰਕ ਯਾਨੀ 3.39 ਫੀ ਸਦੀ ਦੀ ਤੇਜ਼ੀ ਨਾਲ 76,468.78 ਅੰਕ ’ਤੇ ਬੰਦ ਹੋਇਆ। ਇਹ ਪਿਛਲੇ ਤਿੰਨ ਸਾਲਾਂ ’ਚ ਇਕ ਦਿਨ ’ਚ ਸੱਭ ਤੋਂ ਵੱਡਾ ਵਾਧਾ ਹੈ। ਕਾਰੋਬਾਰ ਦੌਰਾਨ ਸੈਂਸੈਕਸ 2,777.58 ਅੰਕ ਚੜ੍ਹ ਕੇ 76,738.89 ਅੰਕ ਦੇ ਰੀਕਾਰਡ ਪੱਧਰ ’ਤੇ ਪਹੁੰਚ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 733.20 ਅੰਕ ਯਾਨੀ 3.25 ਫੀ ਸਦੀ ਦੇ ਵਾਧੇ ਨਾਲ 23,263.90 ਅੰਕ ਦੇ ਉੱਚ ਪੱਧਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 808 ਅੰਕ ਯਾਨੀ 3.58 ਫੀ ਸਦੀ ਦੇ ਵਾਧੇ ਨਾਲ 23,338.70 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ।
ਸੈਂਸੈਕਸ ਅਤੇ ਨਿਫਟੀ ’ਚ 1 ਫ਼ਰਵਰੀ 2021 ਤੋਂ ਬਾਅਦ ਇਕ ਦਿਨ ’ਚ ਸੱਭ ਤੋਂ ਵੱਡੀ ਤੇਜ਼ੀ ਆਈ ਹੈ। ਉਸ ਸਮੇਂ ਬਜਟ ਪੇਸ਼ ਹੋਣ ਤੋਂ ਬਾਅਦ ਦੋਹਾਂ ਸੂਚਕਾਂਕਾਂ ’ਚ ਕਰੀਬ 5 ਫੀ ਸਦੀ ਦੀ ਤੇਜ਼ੀ ਆਈ ਸੀ। ਦਿਲਚਸਪ ਗੱਲ ਇਹ ਹੈ ਕਿ 20 ਮਈ, 2019 ਨੂੰ ਐਗਜ਼ਿਟ ਪੋਲ ਤੋਂ ਬਾਅਦ ਸੈਂਸੈਕਸ ਅਤੇ ਨਿਫਟੀ ’ਚ 3 ਫ਼ੀ ਸਦੀ ਤੋਂ ਵੱਧ ਦਾ ਵਾਧਾ ਹੋਇਆ ਸੀ। ਉਸ ਐਗਜ਼ਿਟ ਪੋਲ ਨੇ ਆਮ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਵੱਡੀ ਜਿੱਤ ਦੀ ਭਵਿੱਖਬਾਣੀ ਵੀ ਕੀਤੀ ਸੀ।
ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵਰਗੇ ਪ੍ਰਮੁੱਖ ਸ਼ੇਅਰਾਂ ’ਚ ਮਜ਼ਬੂਤ ਵਾਧੇ ਨਾਲ ਦੋਵੇਂ ਬੈਂਚਮਾਰਕ ਸੂਚਕਾਂਕ ਰੀਕਾਰਡ ਉਚਾਈ ’ਤੇ ਬੰਦ ਹੋਏ। ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਸੋਮਵਾਰ ਨੂੰ ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਨਾਲ ਮਜ਼ਬੂਤੀ ਨਾਲ ਵਾਧਾ ਜਾਰੀ ਰਿਹਾ। ਅਡਾਨੀ ਪਾਵਰ ਦਾ ਸ਼ੇਅਰ ਲਗਭਗ 16 ਫੀ ਸਦੀ ਵਧਿਆ।
ਖੇਤਰੀ ਪੱਧਰ ’ਤੇ ਜਨਤਕ ਖੇਤਰ ਦੇ ਅਦਾਰਿਆਂ, ਬਿਜਲੀ ਕੰਪਨੀਆਂ, ਤੇਲ, ਊਰਜਾ, ਪੂੰਜੀਗਤ ਵਸਤੂਆਂ ਅਤੇ ਰੀਅਲਟੀ ਸ਼ੇਅਰਾਂ ’ਚ 8 ਫੀ ਸਦੀ ਤਕ ਦਾ ਵਾਧਾ ਦਰਜ ਕੀਤਾ ਗਿਆ। ਸਨਿਚਰਵਾਰ ਨੂੰ ਆਏ ਐਗਜ਼ਿਟ ਪੋਲ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਅਹੁਦਾ ਸੰਭਾਲ ਸਕਦੇ ਹਨ। ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੂੰ ਭਾਰੀ ਬਹੁਮਤ ਨਾਲ ਲੋਕ ਸਭਾ ਚੋਣਾਂ ਜਿੱਤਣ ਦਾ ਅਨੁਮਾਨ ਹੈ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਪ੍ਰਚੂਨ ਖੋਜ ਮੁਖੀ ਦੀਪਕ ਜਸਾਨੀ ਨੇ ਕਿਹਾ, ‘‘ਇਹ ਤਿੰਨ ਸਾਲਾਂ ’ਚ ਨਿਫਟੀ ਦਾ ਸੱਭ ਤੋਂ ਵਧੀਆ ਸੈਸ਼ਨ ਸੀ। ਨਿਵੇਸ਼ਕ ਐਗਜ਼ਿਟ ਪੋਲ ਦੇ ਨਾਲ-ਨਾਲ ਚੌਥੀ ਤਿਮਾਹੀ ਲਈ ਬਿਹਤਰ ਆਰਥਕ ਵਿਕਾਸ ਦੇ ਅੰਕੜਿਆਂ ਤੋਂ ਵੀ ਉਤਸ਼ਾਹਿਤ ਹਨ।’’
ਸੈਮਕੋ ਮਿਊਚੁਅਲ ਫੰਡ ਦੇ ਫੰਡ ਮੈਨੇਜਮੈਂਟ ਐਂਡ ਇਕੁਇਟੀ ਰੀਸਰਚ ਦੇ ਮੁਖੀ ਪਾਰਸ ਮਟਾਲੀਆ ਨੇ ਕਿਹਾ, ‘‘ਬਾਜ਼ਾਰ ਅੱਜ ਨਵੀਂ ਉਚਾਈ ’ਤੇ ਖੁੱਲ੍ਹਿਆ। ਇਸ ਦਾ ਕਾਰਨ ਐਗਜ਼ਿਟ ਪੋਲ ਹਨ, ਜਿਨ੍ਹਾਂ ’ਚ ਭਾਜਪਾ ਦੀ ਸੱਤਾ ’ਚ ਵਾਪਸੀ ਦੀ ਨੀਤੀ ਦੱਸੀ ਗਈ ਹੈ। ਐਨ.ਡੀ.ਏ. ਸਰਕਾਰ ਲਈ ਵਧੇਰੇ ਸੀਟਾਂ ਦਾ ਮਤਲਬ ਹੈ ਕਿ ਨੀਤੀਗਤ ਪੱਧਰ ’ਤੇ ਨਿਰੰਤਰਤਾ ਰਹੇਗੀ।’’
ਸੈਂਸੈਕਸ ਦੇ 30 ਸ਼ੇਅਰਾਂ ’ਚੋਂ ਐਨ.ਟੀ.ਪੀ.ਸੀ., ਐਸ.ਬੀ.ਆਈ. ਅਤੇ ਪਾਵਰਗ੍ਰਿਡ ਦੇ ਸ਼ੇਅਰਾਂ ’ਚ 9 ਫੀ ਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ। ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼, ਅਲਟਰਾਟੈਕ ਸੀਮੈਂਟ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ ਅਤੇ ਟਾਟਾ ਸਟੀਲ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ।
ਦੂਜੇ ਪਾਸੇ ਸਨ ਫਾਰਮਾ, ਐਚਸੀਐਲ ਟੈਕਨੋਲੋਜੀਜ਼, ਏਸ਼ੀਅਨ ਪੇਂਟਸ, ਨੈਸਲੇ ਅਤੇ ਇਨਫੋਸਿਸ ਦੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਐਗਜ਼ਿਟ ਪੋਲ ਨੇ ਮੌਜੂਦਾ ਸਰਕਾਰ ਦੀ ਯਾਦਗਾਰੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ-ਨਾਲ ਸੁਧਾਰਾਂ ਦੀ ਗਤੀ ਜਾਰੀ ਰਹਿਣ ਦੀਆਂ ਉਮੀਦਾਂ ਨੇ ਜਨਤਕ ਖੇਤਰ ਦੇ ਉੱਦਮਾਂ ’ਚ ਮਜ਼ਬੂਤ ਤੇਜ਼ੀ ਲਿਆਂਦੀ।’’
ਨਾਇਰ ਨੇ ਕਿਹਾ ਕਿ ਜੋ ਵਿਆਪਕ ਗਤੀ ਹੋਈ ਹੈ ਉਸ ਦੇ ਜਾਰੀ ਰਹਿਣ ਦੀ ਉਮੀਦ ਹੈ। ਇਸ ਦਾ ਕਾਰਨ ਪੂੰਜੀ ਪ੍ਰਵਾਹ ’ਚ ਵਾਧਾ ਹੈ, ਜੋ ਪਿਛਲੇ ਤਿੰਨ ਮਹੀਨਿਆਂ ਤੋਂ ਬਾਜ਼ਾਰ ਤੋਂ ਦੂਰ ਸੀ।
ਮਿਡਕੈਪ ਸ਼ੇਅਰਾਂ ਦੀ ਨੁਮਾਇੰਦਗੀ ਕਰਨ ਵਾਲਾ ਬੀਐਸਈ ਮਿਡਕੈਪ ਇੰਡੈਕਸ 3.54 ਫੀ ਸਦੀ ਵਧਿਆ, ਜਦਕਿ ਸਮਾਲਕੈਪ ਇੰਡੈਕਸ 2.05 ਫੀ ਸਦੀ ਵਧਿਆ। ਦੋਵੇਂ ਸੂਚਕਾਂਕ ਇੰਟਰਾ-ਡੇ ਪੀਰੀਅਡ ਦੌਰਾਨ ਨਵੀਆਂ ਸਿਖਰਾਂ ’ਤੇ ਪਹੁੰਚ ਗਏ। ਬੀ.ਐਸ.ਈ. ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਵਧ ਕੇ 4,25,91,511.54 ਕਰੋੜ ਰੁਪਏ ਹੋ ਗਿਆ। ਐਨ.ਐਸ.ਈ. ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 422.28 ਲੱਖ ਕਰੋੜ ਰੁਪਏ ਰਿਹਾ।
ਸ਼ੁਕਰਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਵਿੱਤੀ ਸਾਲ 2023-24 ’ਚ ਦੇਸ਼ ਦੀ ਆਰਥਕ ਵਿਕਾਸ ਦਰ ਵਧ ਕੇ 8.2 ਫੀ ਸਦੀ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਨੇ ਦੁਨੀਆਂ ਦੀ ਸੱਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਦੇ ਰੂਪ ’ਚ ਅਪਣੀ ਸਥਿਤੀ ਬਰਕਰਾਰ ਰੱਖੀ ਹੈ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗਸੇਂਗ ਤੇਜ਼ੀ ਨਾਲ ਬੰਦ ਹੋਏ ਜਦਕਿ ਸ਼ੰਘਾਈ ਕੰਪੋਜ਼ਿਟ ਗਿਰਾਵਟ ’ਚ ਬੰਦ ਹੋਇਆ।
ਯੂਰਪ ਦੇ ਬਾਜ਼ਾਰਾਂ ’ਚ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ ਨਾਲ ਕਾਰੋਬਾਰ ਹੋਇਆ। ਸ਼ੁਕਰਵਾਰ ਨੂੰ ਅਮਰੀਕੀ ਬਾਜ਼ਾਰ ਵਾਧੇ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 1,613.24 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.18 ਫੀ ਸਦੀ ਦੀ ਤੇਜ਼ੀ ਨਾਲ 81.26 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ।