
ਕੋਰੋਨਾ ਵਾਇਰਸ ਦੀ ਸੰਭਾਵਿਤ ਵੈਕਸੀਨ ਦੇ ਪੜਾਅ 1 ਅਤੇ ਪੜਾਅ 2 ਦੇ ਹਿਊਮਨ ਕਲੀਨਿਕਲ ਟਰਾਇਲ ਲਈ ਫਰਮਾ ਕੰਪਨੀ ਜਾਈਡਸ ਕੈਡੀਲਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਸੰਭਾਵਿਤ ਵੈਕਸੀਨ ਦੇ ਪੜਾਅ 1 ਅਤੇ ਪੜਾਅ 2 ਦੇ ਹਿਊਮਨ ਕਲੀਨਿਕਲ ਟਰਾਇਲ ਲਈ ਫਰਮਾ ਕੰਪਨੀ ਜਾਈਡਸ ਕੈਡੀਲਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਮਨਜ਼ੂਰੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੱਲੋਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ।
Zydus Cadila
ਇਸ ਖ਼ਬਰ ਤੋਂ ਬਾਅਦ ਕੰਪਨੀ ਦਾ ਸ਼ੇਅਰ 3 ਫੀਸਦੀ ਦੀ ਤੇਜ਼ੀ ਦੇ ਨਾਲ 1325 ਰੁਪਏ ‘ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੰਗੀਆ ਖ਼ਬਰਾਂ ਦੇ ਚਲਦਿਆਂ ਸ਼ੇਅਰ ਵਿਚ ਤੇਜ਼ੀ ਦਾ ਰੁਖ ਬਣਿਆ ਰਹਿ ਸਕਦਾ ਹੈ। ਅਜਿਹੇ ਵਿਚ ਨਿਵੇਸ਼ਕਾਂ ਦੇ ਕੋਲ ਇਸ ਵਿਚ ਖਰੀਦਦਾਰੀ ਕਰ ਵਧੀਆ ਰਿਟਰਨ ਪਾਉਣ ਦਾ ਮੌਕਾ ਹੈ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਜਾਈਡਸ ਕੈਡੀਲਾ ਜਲਦ ਹੀ ਇਨਸਾਨਾਂ ‘ਤੇ ਵੈਕਸੀਨ ਦੇ ਟਰਾਇਲ ਲਈ ਦਾਖਲਾ ਸ਼ੁਰੂ ਕਰੇਗੀ।
Share Market
ਪਹਿਲੇ ਅਤੇ ਦੂਜੇ ਪੜਾਅ ਦੇ ਟਰਾਇਲ ਨੂੰ ਲਗਭਗ 3 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਹਾਲ ਹੀ ਵਿਚ ਭਾਰਤ ਦੀ ਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਨੇ ਐਲਾਨ ਕੀਤਾ ਸੀ ਕਿ ਉਸ ਨੇ ਕੋਰੋਨਾ 'ਤੇ ਪ੍ਰਭਾਵਸ਼ਾਲੀ ਵੈਕਸੀਨ ‘ਕੋਵੈਕਸਿਨ’ (COVAXIN) ਬਣਾ ਲਈ ਹੈ। ਭਾਰਤ ਬਾਇਓਟੈੱਕ ਨੂੰ ਵੀ ਮਨੁੱਖੀ ਪਰੀਖਣ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਹਿਊਮਨ ਟਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
Corona virus Vaccine
ਭਾਰਤ ਬਾਇਓਟੈੱਕ ਨੇ ਕਿਹਾ ਸੀ ਕਿ ਉਸ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨਾਲ ਮਿਲ ਕੇ ਵੈਕਸੀਨ ਬਣਾਈ ਹੈ। ਮੀਡੀਆ ਰਿਪੋਰਟ ਵਿਚ ਦਿੱਤੇ ਗਏ ਅੰਕੜਿਆਂ ਮੁਤਾਬਕ ਜਾਈਡਸ ਕੈਡੀਲਾ ਦੇ ਸ਼ੇਅਰ ਨੇ ਇਕ ਹਫ਼ਤੇ ਵਿਚ 5 ਫੀਸਦੀ, ਉੱਥੇ ਹੀ ਬੀਤੇ ਤਿੰਨ ਮਹੀਨਿਆਂ ਵਿਚ 10 ਫੀਸਦੀ ਦਾ ਰਿਟਰਨ ਦਿੱਤਾ ਹੈ।
Corona Virus
ਐਸਕੋਰਟ ਸਕਿਓਰਿਟੀ ਦੇ ਖੋਜ ਮੁਖੀ ਆਸਿਫ ਇਕਬਾਲ ਨੇ ਦੱਸਿਆ ਕਿ ਫਾਰਮਾ ਸੈਕਟਰ ਵਿਚ ਖਰੀਦਦਾਰੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਵੈਕਸੀਨ ਨੂੰ ਲੈ ਕੇ ਲਗਾਤਾਰ ਸਕਾਰਾਤਮਕ ਖ਼ਬਰਾਂ ਆ ਰਹੀਆਂ ਹਨ। ਅਜਿਹੇ ਵਿਚ ਇੱਥੇ ਨਿਵੇਸ਼ ਦਾ ਚੰਗਾ ਮੌਕਾ ਹੈ।