ਅਸਾਮ ਦੇ ਮੁੱਖ ਮੰਤਰੀ ਅਤੇ ਟਾਟਾ ਸੰਨਜ਼ ਲਿਮਟਿਡ ਦੇ ਚੇਅਰਮੈਨ ਨੇ ਮੋਰੀਗਾਓਂ ਜ਼ਿਲ੍ਹੇ ਦੇ ਜਗੀਰੋਡ ’ਤੇ ’ਚ ਰਖਿਆ ਪਲਾਂਟ ਦਾ ਨੀਂਹ ਪੱਥਰ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸਨਿਚਰਵਾਰ ਨੂੰ ਕਿਹਾ ਕਿ ਅਸਾਮ ’ਚ ਟਾਟਾ ਸਮੂਹ ਦਾ ਸੈਮੀਕੰਡਕਟਰ ਪਲਾਂਟ ਸਵਦੇਸ਼ੀ ਤੌਰ ’ਤੇ ਵਿਕਸਿਤ ਤਕਨਾਲੋਜੀ ਦੀ ਵਰਤੋਂ ਕਰ ਕੇ ਪ੍ਰਤੀ ਦਿਨ 4.83 ਕਰੋੜ ਚਿਪਸ ਦਾ ਉਤਪਾਦਨ ਕਰੇਗਾ।
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਟਾਟਾ ਸੰਨਜ਼ ਲਿਮਟਿਡ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਸਨਿਚਰਵਾਰ ਨੂੰ ਮੋਰੀਗਾਓਂ ਜ਼ਿਲ੍ਹੇ ਦੇ ਜਗੀਰੋਡ ’ਤੇ 27,000 ਕਰੋੜ ਰੁਪਏ ਦੀ ਲਾਗਤ ਵਾਲੇ ਸੈਮੀਕੰਡਕਟਰ ਨਿਰਮਾਣ ਅਤੇ ਟੈਸਟਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ।
ਵੈਸ਼ਣਵ ਨੇ ਕਿਹਾ, ‘‘ਇਸ ਪ੍ਰਾਜੈਕਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 29 ਫ਼ਰਵਰੀ, 2024 ਨੂੰ ਮਨਜ਼ੂਰੀ ਦਿਤੀ ਸੀ। ਪ੍ਰਾਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਪੰਜ ਮਹੀਨਿਆਂ ਦੇ ਥੋੜ੍ਹੇ ਜਿਹੇ ਸਮੇਂ ’ਚ ਪਲਾਂਟ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਇਹ ਪ੍ਰਤੀ ਦਿਨ ਲਗਭਗ 4.83 ਕਰੋੜ ਚਿਪਸ ਦਾ ਨਿਰਮਾਣ ਕਰੇਗੀ। ਇਸ ਪਲਾਂਟ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸ ਪਲਾਂਟ ’ਚ ਵਰਤੀਆਂ ਜਾਣ ਵਾਲੀਆਂ ਤਿੰਨੋਂ ਪ੍ਰਮੁੱਖ ਤਕਨਾਲੋਜੀਆਂ ਭਾਰਤ ’ਚ ਵਿਕਸਤ ਕੀਤੀਆਂ ਗਈਆਂ ਹਨ।’’
ਮੰਤਰੀ ਨੇ ਕਿਹਾ ਕਿ ਟਾਟਾ ਪਲਾਂਟ ’ਚ ਬਣੀ ਚਿਪ ਦੀ ਵਰਤੋਂ ਇਲੈਕਟ੍ਰਿਕ ਗੱਡੀਆਂ ਸਮੇਤ ਵੱਖ-ਵੱਖ ਗੱਡੀਆਂ ’ਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਚਾਰ ਅਤੇ ਨੈੱਟਵਰਕ ਬੁਨਿਆਦੀ ਢਾਂਚਾ, 5ਜੀ, ਰਾਊਟਰ ਆਦਿ ਬਣਾਉਣ ਵਾਲੀ ਹਰ ਵੱਡੀ ਕੰਪਨੀ ਇਨ੍ਹਾਂ ਚਿਪਾਂ ਦੀ ਵਰਤੋਂ ਕਰੇਗੀ।
ਉਨ੍ਹਾਂ ਕਿਹਾ, ‘‘ਸੈਮੀਕੰਡਕਟਰ ਇਕ ਬੁਨਿਆਦੀ ਉਦਯੋਗ ਹੈ। ਜਦੋਂ ਵੀ ਸੈਮੀਕੰਡਕਟਰ ਯੂਨਿਟ ਆਵੇਗਾ, ਬਹੁਤ ਸਾਰੀਆਂ ਸਹਾਇਕ ਨੌਕਰੀਆਂ ਪੈਦਾ ਹੋਣਗੀਆਂ। ਇਹ ਇਸ ਲਈ ਹੈ ਕਿਉਂਕਿ ਵਾਤਾਵਰਣ ਪ੍ਰਣਾਲੀ ਇੰਨੀ ਗੁੰਝਲਦਾਰ ਹੈ ਕਿ ਮਾਂ ਇਕਾਈ ਦੇ ਆਉਂਦੇ ਹੀ ਬਹੁਤ ਸਾਰੀਆਂ ਇਕਾਈਆਂ ਆ ਜਾਂਦੀਆਂ ਹਨ। ‘‘
ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਦਾ ਇਕ ਵੱਡਾ ਹਿੱਸਾ 85,000 ਹੁਨਰਮੰਦ ਪੇਸ਼ੇਵਰਾਂ ਨੂੰ ਤਿਆਰ ਕਰਨਾ ਹੈ ਅਤੇ ਉੱਤਰ-ਪੂਰਬ ਦੇ ਨੌਂ ਸੰਸਥਾਨਾਂ ਨੇ ਇਸ ’ਤੇ ਕੰਮ ਸ਼ੁਰੂ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਅਸਾਮ ’ਚ ਐਨਆਈ.ਟੀ. ਸਿਲਚਰ, ਐਨਆਈ.ਟੀ. ਮਿਜ਼ੋਰਮ, ਐਨਆਈ.ਟੀ. ਮਨੀਪੁਰ, ਐਨਆਈ.ਟੀ. ਨਾਗਾਲੈਂਡ, ਐਨਆਈ.ਟੀ. ਤ੍ਰਿਪੁਰਾ, ਐਨਆਈ.ਟੀ. ਅਗਰਤਲਾ, ਐਨਆਈ.ਟੀ. ਸਿੱਕਮ, ਐਨਆਈ.ਟੀ. ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ’ਚ ਦੋ ਸੰਸਥਾਵਾਂ - ਉੱਤਰ ਪੂਰਬੀ ਹਿੱਲ ਯੂਨੀਵਰਸਿਟੀ ਅਤੇ ਐਨਆਈ.ਟੀ. ਸੈਮੀਕੰਡਕਟਰ ਉਦਯੋਗ ਲਈ ਪ੍ਰਤਿਭਾ ਵਿਕਾਸ ’ਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ‘ਐਕਟ ਈਸਟ‘ ਨੀਤੀ ’ਤੇ ਜ਼ੋਰ ਦਿਤਾ ਹੈ ਅਤੇ ਅੱਜ ਅਸਾਮ ’ਚ ਸਾਡੇ ਸੈਮੀਕੰਡਕਟਰ ਪ੍ਰੋਗਰਾਮ ’ਚ ਇਕ ਵੱਡਾ ਮੀਲ ਪੱਥਰ ਹਾਸਲ ਕੀਤਾ ਗਿਆ ਹੈ, ਜਿੱਥੇ ਸੈਮੀਕੰਡਕਟਰ ਯੂਨਿਟ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ। ‘‘