
ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਭਾਰਤ ਤੋਂ ਅੱਗੇ ਹਨ।
ਨਵੀਂ ਦਿੱਲੀ: ਬ੍ਰਿਟੇਨ ਨੂੰ ਪਛਾੜ ਕੇ ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਹੁਣ ਸਿਰਫ਼ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਭਾਰਤ ਤੋਂ ਅੱਗੇ ਹਨ। ਬ੍ਰਿਟੇਨ ਇਕ ਸਥਾਨ ਖਿਸਕ ਕੇ ਛੇਵੇਂ ਸਥਾਨ 'ਤੇ ਆ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMF) ਅਨੁਸਾਰ ਭਾਰਤ ਨੇ 2021 ਦੇ ਆਖਰੀ 3 ਮਹੀਨਿਆਂ ਵਿਚ ਬ੍ਰਿਟੇਨ ਨੂੰ ਪਛਾੜ ਦਿੱਤਾ। ਭਾਰਤ ਵਿੱਤੀ ਸਾਲ 2022-23 ਵਿਚ ਵੀ ਜੀਡੀਪੀ ਦੇ ਅੰਕੜਿਆਂ ਵਿਚ ਇਸ ਵਾਧੇ ਨੂੰ ਬਰਕਰਾਰ ਰੱਖ ਰਿਹਾ ਹੈ। ਭਾਰਤ ਦੀ ਅਰਥਵਿਵਸਥਾ 854.7 ਅਰਬ ਡਾਲਰ ਰਹੀ।
ਇਸੇ ਸਮੇਂ ਦੌਰਾਨ ਯੂਕੇ ਦੀ ਆਰਥਿਕਤਾ 816 ਬਿਲੀਅਨ ਡਾਲਰ ਰਹੀ। ਰੋਜ਼ਾਨਾ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ ਬ੍ਰਿਟੇਨ ਨੇ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਟੈਗ ਗੁਆ ਦਿੱਤਾ ਹੈ। ਦੂਜੇ ਪਾਸੇ ਭਾਰਤੀ ਅਰਥਵਿਵਸਥਾ ਲਗਾਤਾਰ ਵਧ ਰਹੀ ਹੈ। ਇਕ ਦਹਾਕਾ ਪਹਿਲਾਂ ਭਾਰਤ ਸਭ ਤੋਂ ਵੱਡੀ ਅਰਥਵਿਵਸਥਾਵਾਂ ਵਿਚ 11ਵੇਂ ਸਥਾਨ 'ਤੇ ਸੀ, ਜਦਕਿ ਯੂਕੇ 5ਵੇਂ ਸਥਾਨ 'ਤੇ ਸੀ।
ਦਰਅਸਲ ਯੂਕੇ ਚਾਰ ਦਹਾਕਿਆਂ ਵਿਚ ਸਭ ਤੋਂ ਤੇਜ਼ ਮਹਿੰਗਾਈ ਅਤੇ ਮੰਦੀ ਦੇ ਵੱਧ ਰਹੇ ਜੋਖਮ ਦਾ ਸਾਹਮਣਾ ਕਰ ਰਿਹਾ ਹੈ। ਬੈਂਕ ਆਫ ਇੰਗਲੈਂਡ ਨੇ ਅਨੁਮਾਨ ਜਤਾਇਆ ਹੈ ਕਿ ਇਹ ਸਥਿਤੀ 2024 ਤੱਕ ਰਹੇਗੀ। ਦੂਜੇ ਪਾਸੇ ਇਸ ਸਾਲ ਭਾਰਤੀ ਅਰਥਵਿਵਸਥਾ ਦੇ 7 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ।
ਬ੍ਰਿਟੇਨ ਦੀ ਸਥਿਤੀ ਵਿਚ ਇਹ ਨਿਘਾਰ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਦੇਸ਼ ਵਿਚ ਸਿਆਸੀ ਅਸਥਿਰਤਾ ਹੈ ਅਤੇ ਸੱਤਾਧਾਰੀ ਪਾਰਟੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰਨ ਦੀ ਪ੍ਰਕਿਰਿਆ ਵਿਚ ਹੈ।