ਫਿਲਹਾਲ ਬੈਂਕ ਕਰਮਚਾਰੀ ਐਤਵਾਰ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸਨਿਚਰਵਾਰ ਨੂੰ ਛੁੱਟੀ ਲੈਂਦੇ ਹਨ
ਨਵੀਂ ਦਿੱਲੀ : ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐੱਫ.ਬੀ.ਯੂ.) ਦੀ ਅਗਵਾਈ ਹੇਠ ਬੈਂਕ ਕਰਮਚਾਰੀ ਯੂਨੀਅਨਾਂ ਨੇ 5 ਦਿਨਾਂ ਦੇ ਹਫ਼ਤੇ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਉਤੇ ਜਾਣ ਦੀ ਧਮਕੀ ਦਿਤੀ ਹੈ। ਜੇ ਹੜਤਾਲ ਲਾਗੂ ਹੁੰਦੀ ਹੈ, ਤਾਂ ਇਸ ਦਾ ਮੁੱਖ ਤੌਰ ਉਤੇ ਜਨਤਕ ਖੇਤਰ ਦੇ ਬੈਂਕਾਂ ਦੇ ਕੰਮਕਾਜ ਉਤੇ ਵੱਡਾ ਅਸਰ ਪਵੇਗਾ, ਕਿਉਂਕਿ 25 ਅਤੇ 26 ਜਨਵਰੀ ਨੂੰ ਛੁੱਟੀਆਂ ਹਨ। ਫਿਲਹਾਲ ਬੈਂਕ ਕਰਮਚਾਰੀ ਐਤਵਾਰ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸਨਿਚਰਵਾਰ ਨੂੰ ਛੁੱਟੀ ਲੈਂਦੇ ਹਨ।
ਬਾਕੀ ਦੋ ਸਨਿਚਰਵਾਰ ਨੂੰ ਛੁੱਟੀ ਐਲਾਨ ਕਰਨ ਲਈ ਇੰਡੀਅਨ ਬੈਂਕ ਐਸੋਸੀਏਸ਼ਨ (ਆਈ.ਬੀ.ਏ.) ਅਤੇ ਯੂ.ਐੱਫ.ਬੀ.ਯੂ. ਵਿਚਕਾਰ ਮਾਰਚ, 2024 ਵਿਚ ਤਨਖਾਹ ਸੋਧ ਸਮਝੌਤੇ ਦੌਰਾਨ ਸਹਿਮਤੀ ਬਣੀ ਸੀ। ਇਕ ਬਿਆਨ ਵਿਚ ਕਿਹਾ ਗਿਆ ਹੈ, ‘‘ਇਹ ਮੰਦਭਾਗਾ ਹੈ ਕਿ ਸਰਕਾਰ ਸਾਡੀ ਸਹੀ ਮੰਗ ਦਾ ਹੁੰਗਾਰਾ ਨਹੀਂ ਦੇ ਰਹੀ। ਮਨੁੱਖੀ ਘੰਟਿਆਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਅਸੀਂ ਸੋਮਵਾਰ ਤੋਂ ਸ਼ੁਕਰਵਾਰ ਤਕ ਪ੍ਰਤੀ ਦਿਨ 40 ਮਿੰਟ ਵਾਧੂ ਕੰਮ ਕਰਨ ਲਈ ਸਹਿਮਤ ਹੋਏ ਹਾਂ।’’ ਇਸ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਹੀ ਆਰ.ਬੀ.ਆਈ., ਐਲ.ਆਈ.ਸੀ., ਜੀ.ਆਈ.ਸੀ. ਆਦਿ ਹਫ਼ਤੇ ਵਿਚ 5 ਦਿਨ ਕੰਮ ਕਰ ਰਹੇ ਹਨ ਅਤੇ ਵਿਦੇਸ਼ੀ ਮੁਦਰਾ ਬਾਜ਼ਾਰ, ਮਨੀ ਮਾਰਕੀਟ, ਸਟਾਕ ਐਕਸਚੇਂਜ ਆਦਿ ਸਨਿਚਰਵਾਰ ਨੂੰ ਕੰਮ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਦੇ ਦਫ਼ਤਰ ਸਨਿਚਰਵਾਰ ਨੂੰ ਕੰਮ ਨਹੀਂ ਕਰਦੇ। ਇਸ ਲਈ ਇਸ ਦਾ ਕੋਈ ਕਾਰਨ ਨਹੀਂ ਹੈ ਕਿ ਬੈਂਕ 5 ਦਿਨਾਂ ਦਾ ਹਫਤਾ ਲਾਗੂ ਨਹੀਂ ਕਰ ਸਕਦੇ।
