
ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਤਿਆਰ ਕੀਤੇ ਜਾਂਦੇ 65 ਫ਼ੀਸਦ ਮੋਬਾਈਲ ਇਕੱਲੇ ਨੋਇਡਾ ਵਿਚ ਹੀ ਬਣ ਰਹੇ ਹਨ। ...
ਲਖਨਊ : ਉਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਵਿਚ ਤਿਆਰ ਕੀਤੇ ਜਾਂਦੇ 65 ਫ਼ੀਸਦ ਮੋਬਾਈਲ ਇਕੱਲੇ ਨੋਇਡਾ ਵਿਚ ਹੀ ਬਣ ਰਹੇ ਹਨ। ਪੀਟੀਆਈ ਨਾਲ ਗੱਲਬਾਤ ਕਰਦਿਆਂ ਸ਼ਰਮਾ ਨੇ ਆਖਿਆ ਕਿ ਇਹ ਉਪਲਬਧੀ ਅਸੀਂ ਮਹਿਜ਼ ਡੇਢ ਸਾਲ ਵਿਚ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਉਤਪਾਦਨ ਦੇ ਮਾਮਲੇ ਵਿਚ ਅਸੀਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਤੋਂ ਅੱਗੇ ਨਿਕਲ ਚੁੱਕੇ ਹਾਂ। ਇਸ ਨਾਲ ਰੁਜ਼ਗਾਰ ਲਈ ਦੂਜੇ ਸੂਬਿਆਂ ਵਿਚ ਲੋਕਾਂ ਦੀ ਹਿਜ਼ਰਤ ਰੁਕੀ ਹੈ। ਉਨ੍ਹਾਂ ਸੂਬੇ ਦੀ ਸੂਚਨਾ ਤਕਨਾਲੋਜੀ ਨੀਤੀ ਨੂੰ ਦੇਸ਼ ਵਿਚ ਸਰਵਸ੍ਰੇਸ਼ਠ ਦਸਿਆ।
Smartphones
ਸ਼ਰਮਾ ਨੇ ਕਿਹਾ ਕਿ ਇਸ ਦੀ ਅਹਿਮ ਵਜ੍ਹਾ ਉਨ੍ਹਾਂ ਦੀ ਸਰਕਾਰ ਵਲੋਂ ਰਾਜ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਵਿਚ ਸੁਧਾਰ ਲਿਆਉਣਾ ਹੈ। ਸਰਕਾਰ ਨੇ ਉਦਯੋਗਾਂ ਅਤੇ ਕਾਰੋਬਾਰਾਂ ਦੇ ਅਨੁਕੂਲ ਨੀਤੀਆਂ ਬਣਾਈਆਂ ਹਨ। ਅਸੀਂ ਸਿੰਗਲ ਵਿੰਡੋ ਪ੍ਰਣਾਲੀ ਲਾਗੂ ਕੀਤੀ, ਜਿਸ ਦੀ ਪੂਰੇ ਦੇਸ਼ ਵਿਚ ਸ਼ਲਾਘਾ ਹੋਈ। ਇਥੋਂ ਤਕ ਕਿ ਮਹਾਰਾਸ਼ਟਰ ਵਰਗੇ ਸੂਬੇ ਵੀ ਸਾਡੀ ਆਈਟੀ ਨੀਤੀ ਦਾ ਅਧਿਐਨ ਕਰਨ ਆ ਰਹੇ ਹਨ।
Smartphone
ਉਨ੍ਹਾਂ ਆਖਿਆ ਕਿ ਉਤਰ ਪ੍ਰਦੇਸ਼ ਨਿਵੇਸ਼ਕ ਸੰਮੇਲਨ ਦੌਰਾਨ 42 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਈਟੀ ਅਤੇ ਇਲੈਕਟ੍ਰਾਨਿਕਸ ਖੇਤਰ ਵਿਚ ਆਇਆ ਹੈ। ਉਤਰ ਪ੍ਰਦੇਸ਼ ਸਰਕਾਰ ਜਲਦ ਹੀ ਇਲੈਕਟ੍ਰਾਨਿਕਸ ਸਿਟੀ ਬਣਾਉਣ ਜਾ ਰਹੀ ਹੈ। ਇਸ ਦੇ ਲਈ ਰਾਜਧਾਨੀ ਲਖਨਊ ਦੇ ਨਾਦਰਗੰਜ ਇਲਾਕੇ ਵਿਚ ਜ਼ਮੀਨ ਅਕਵਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਮੇਰਠ, ਆਗਰਾ, ਗੋਰਖ਼ਪੁਰ,ਕਾਨਪੁਰ, ਵਾਰਾਨਸੀ, ਲਖਨਊ ਅਤੇ ਬਰੇਲੀ ਵਿਚ ਆਈਟੀ ਪਾਰਕ ਵੀ ਖੋਲ੍ਹੇ ਜਾਣਗੇ। ਸ਼ਰਮਾ ਨੇ ਦਸਿਆ ਕਿ ਨੋਇਡਾ ਦੇ ਟੇਗਨਾ ਵਿਚ ਇਲੈਕਟ੍ਰੋਨਿਕਸ ਕਲੱਸਟਰਜ਼ ਸਥਾਪਿਤ ਕੀਤੇ ਜਾਣਗੇ। ਉਮੀਦ ਹੈ ਕਿ ਚੀਨ ਅਤੇ ਤਾਈਵਾਨ ਦੀਆਂ ਕੰਪਨੀਆਂ ਉਥੇ 500 ਕਰੋੜ ਰੁਪਏ ਦਾ ਨਿਵੇਸ਼ ਕਰਨਗੀਆਂ।