
ਤੁਸੀਂ ਵੀ ਲਓ ਕੇਂਦਰ ਸਰਕਾਰ ਦੀ ਇਸ ਸਕੀਮ ਦਾ ਲਾਭ
ਨਵੀਂ ਦਿੱਲੀ : ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਆਮ ਲੋਕਾਂ ਲਈ ਕਈ ਵਿਸ਼ੇਸ਼ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਪੈਸਾ ਲਗਾ ਕੇ ਚੰਗਾ ਰਿਟਰਨ ਕਮਾਇਆ ਜਾ ਸਕਦਾ ਹੈ। ਇਸ ਤਰ੍ਹਾਂ ਹੀ ਕੇਂਦਰ ਸਰਕਾਰ ਨੇ ਹੁਣ ਪਬਲਿਕ ਪ੍ਰੋਵੀਡੈਂਟ ਫੰਡ ਨਾਮ ਦੀ ਇੱਕ ਸਕੀਮ ਚਲਾਈ ਹੈ। ਜੇਕਰ ਤੁਸੀਂ ਵੀ ਨਿਵੇਸ਼ ਕਰਨ ਲਈ ਕੋਈ ਸਰਕਾਰੀ ਸਕੀਮ ਲੱਭ ਰਹੇ ਹੋ ਤਾਂ ਕੇਂਦਰ ਸਰਕਾਰ ਦੀ ਯੋਜਨਾ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਰਹੇਗੀ। ਇਸ ਸਕੀਮ ਨੂੰ ਡਾਕਘਰ ਜਾਂ ਸਰਕਾਰੀ ਬੈਂਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਿਰਫ਼ 500 ਰੁਪਏ ਨਿਵੇਸ਼ ਨਾਲ ਕਰੋ ਸ਼ੁਰੂਆਤ
ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) 'ਚ ਸਿਰਫ਼ 500 ਰੁਪਏ ਨਾਲ ਨਿਵੇਸ਼ ਕਰਨ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਅਕਾਊਂਟ 'ਚ ਇੱਕ ਸਾਲ 'ਚ ਵੱਧ ਤੋਂ ਵੱਧ 1.50 ਲੱਖ ਰੁਪਏ ਅਤੇ ਹਰ ਮਹੀਨੇ ਵੱਧ ਤੋਂ ਵੱਧ 12,500 ਰੁਪਏ ਨਿਵੇਸ਼ ਕਰ ਸਕਦੇ ਹੋ। ਇਸ 'ਚ ਤੁਹਾਨੂੰ ਚੰਗਾ ਰਿਟਰਨ ਮਿਲਦਾ ਹੈ ਅਤੇ ਵਿਆਜ ਦਰਾਂ ਵੀ ਵਧੀਆ ਹਨ। ਦੱਸ ਦੇਈਏ ਕਿ ਪੀਪੀਐਫ ਦੀ ਮਿਆਦ 15 ਸਾਲ 'ਚ ਪੂਰੀ ਹੁੰਦੀ ਹੈ ਹੈ ਪਰ ਤੁਸੀਂ ਇਸ ਨੂੰ 5-5 ਸਾਲ ਦੀ ਮਿਆਦ 'ਚ ਵੀ ਅੱਗੇ ਵਧਾ ਸਕਦੇ ਹੋ।
ਟੈਕਸ ਛੋਟ ਦਾ ਮਿਲਦਾ ਹੈ ਲਾਭ, ਕਿੰਨੀ ਅਤੇ ਕਦੋਂ ਮਿਲੇਗੀ ਵਿਆਜ ਰਾਸ਼ੀ?
ਇਸ ਸਕੀਮ 'ਚ ਨਿਵੇਸ਼ਕਾਂ ਨੂੰ ਆਮਦਨ ਕਰ ਛੋਟ ਦਾ ਲਾਭ ਵੀ ਮਿਲਦਾ ਹੈ। ਤੁਸੀਂ ਧਾਰਾ 80 (C) ਦੇ ਤਹਿਤ ਟੈਕਸ ਛੋਟ ਦਾ ਲਾਭ ਲੈ ਸਕਦੇ ਹੋ। ਕੇਂਦਰ ਸਰਕਾਰ ਦੀ ਇਸ ਯੋਜਨਾ 'ਤੇ ਨਿਵੇਸ਼ਕਾਂ ਨੂੰ ਫਿਲਹਾਲ 7.1 ਫ਼ੀਸਦੀ ਦੀ ਦਰ ਨਾਲ ਵਿਆਜ ਦਾ ਲਾਭ ਮਿਲਦਾ ਹੈ। ਇਸ ਸਕੀਮ 'ਚ ਸਰਕਾਰ ਮਾਰਚ ਤੋਂ ਬਾਅਦ ਹਰ ਮਹੀਨੇ ਵਿਆਜ ਰਾਸ਼ੀ ਦਾ ਭੁਗਤਾਨ ਕਰਦੀ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਨਾਮ 'ਤੇ ਜਾਂ ਕਿਸੇ ਨਾਬਾਲਗ ਦੇ ਮਾਪੇ ਵਜੋਂ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਅਕਾਊਂਟ ਖੁੱਲ੍ਹਵਾ ਸਕਦੇ ਹੋ।
ਕਿਵੇਂ ਮਿਲਣਗੇ 1 ਕਰੋੜ ਰੁਪਏ
ਇਸ ਸਕੀਮ ਤੋਂ 1 ਕਰੋੜ ਰੁਪਏ ਕਰਨ ਦੇ ਚਾਹਵਾਨਾਂ ਨੂੰ ਨਿਵੇਸ਼ ਦੀ ਮਿਆਦ 25 ਸਾਲ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਨਾਲ ਸਮੇਂ ਦੀ ਮਿਆਦ ਪੁੱਗਣ ਤੱਕ 1.50 ਲੱਖ ਰੁਪਏ ਦੀ ਸਾਲਾਨਾ ਜਮ੍ਹਾਂ ਰਕਮ ਦੇ ਆਧਾਰ 'ਤੇ 37,50,000 ਰੁਪਏ ਜਮ੍ਹਾਂ ਹੋ ਚੁੱਕੇ ਹੋਣਗੇ, ਜਿਸ 'ਤੇ 7.1 ਫ਼ੀਸਦੀ ਸਾਲਾਨਾ ਦੀ ਦਰ ਨਾਲ 65,58,012 ਰੁਪਏ ਦਾ ਵਿਆਜ ਪ੍ਰਾਪਤ ਹੋਵੇਗਾ। ਇਸ ਦੇ ਨਾਲ ਹੀ ਉਦੋਂ ਤੱਕ ਮੈਚਿਊਰਿਟੀ ਅਮਾਊਂਟ 1,03,08,012 ਰੁਪਏ ਹੋ ਚੁੱਕੀ ਹੋਵੇਗੀ।