ਨਕਦ ਨਿਕਾਸੀ ਲਈ ਗ੍ਰਾਹਕਾਂ ਨੂੰ ਡੈਬਿਟ ਕਾਰਡ ਦਾ ਪ੍ਰਯੋਗ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ
ਨਵੀਂ ਦਿੱਲੀ: ਜਨਤਕ ਖੇਤਰ ਦੇ ਬੈਂਕ ਆਫ਼ ਬੜੌਦਾ (ਬੀ.ਓ.ਬੀ.) ਨੇ ਸੋਮਵਾਰ ਨੂੰ ਏ.ਟੀ.ਐਮ. ਕਾਰਡ ਤੋਂ ਬਗ਼ੈਰ ਹੀ ਏ.ਟੀ.ਐਮ. ਮਸ਼ੀਨਾਂ ’ਚੋਂ ਨੋਟ ਕਢਵਾਉਣ ਦੀ ਸਹੂਲਤ ਸ਼ੁਰੂ ਕਰ ਦਿਤੀ ਹੈ। ਇਸ ਸਹੂਲਤ ਰਾਹੀਂ ਕੋਈ ਗ੍ਰਾਹਕ ਬੈਂਕ ਦੇ ਏ.ਟੀ.ਐਮ. ’ਚੋਂ ਯੂ.ਪੀ.ਆਈ. ਦਾ ਪ੍ਰਯੋਗ ਕਰ ਕੇ ਨਕਦ ਪੈਸੇ ਕਢਵਾ ਸਕਦਾ ਹੈ।
ਬੀ.ਓ.ਬੀ. ਨੇ ਬਿਆਨ ’ਚ ਕਿਹਾ ਕਿ ਉਹ ਯੂ.ਪੀ.ਆਈ. ਜ਼ਰੀਏ ਏ.ਟੀ.ਐਮ. ’ਚੋਂ ਨਕਦ ਨਿਕਾਸੀ ਦੀ ਸਹੂਲਤ ਦੇਣ ਵਾਲਾ ਪਹਿਲਾ ਸਰਕਾਰੀ ਖੇਤਰ ਦਾ ਬੈਂਕ ਹੈ।
ਬੈਂਕ ਨੇ ਕਿਹਾ ਕਿ ਉਸ ਦੀ ਆਈ.ਸੀ.ਸੀ.ਡਬਿਲਊ. ਸਹੂਲਤ ਦਾ ਲਾਭ ਲੈ ਕੇ ਉਸ ਦੇ ਗ੍ਰਾਹਕਾਂ ਨਾਲ ਭੀਮ ਯੂ.ਪੀ.ਆਈ. ਅਤੇ ਹੋਰ ਯੂ.ਪੀ.ਆਈ. ਐਪ ਪ੍ਰਯੋਗ ਕਰਨ ਵਾਲੇ ਹੋਰ ਬੈਂਕਾਂ ਦੇ ਗ੍ਰਾਹਕ ਵੀ ਏ.ਟੀ.ਐਮ. ’ਚੋਂ ਨਕਦੀ ਕਢਵਾ ਸਕਣਗੇ। ਬੈਂਕ ਆਫ਼ ਬੜੌਦਾ ਦੇ ਏ.ਟੀ.ਐਮ. ’ਚੋਂ ਨਕਦ ਨਿਕਾਸੀ ਲਈ ਗ੍ਰਾਹਕਾਂ ਨੂੰ ਡੈਬਿਟ ਕਾਰਡ ਦਾ ਪ੍ਰਯੋਗ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਇਸ ਸੇਵਾ ਦਾ ਪ੍ਰਯੋਗ ਕਰਨ ਲਈ ਗ੍ਰਾਹਕ ਨੂੰ ਬੈਂਕ ਆਫ਼ ਬੜੌਦਾ ਦੇ ਏ.ਟੀ.ਐਮ. ’ਤੇ ‘ਯੂ.ਪੀ.ਆਈ. ਨਕਦ ਨਿਕਾਸੀ’ ਦਾ ਬਦਲ ਚੁਣਨਾ ਹੋਵੇਗਾ। ਫਿਰ ਉਸ ਨੂੰ ਕੱਢੀ ਜਾਣ ਵਾਲੀ ਰਕਮ ਨੂੰ ਦਰਜ ਕਰਨ ਤੋਂ ਬਾਅਦ ਏ.ਟੀ.ਐਮ. ਦੀ ਸਕ੍ਰੀਨ ’ਤੇ ਕਿਊ.ਆਰ. ਕੋਡ ਦਿਸੇਗਾ ਜਿਸ ਨੂੰ ਕਿਸੇ ਵੀ ਯੂ.ਪੀ.ਆਈ. ਐਪ ਨਾਲ ਸਕੈਨ ਕਰ ਕੇ ਨੋਟ ਕਢਵਾਏ ਜਾ ਸਕਣਗੇ। ਇਕ ਦਿਨ ’ਚ ਗ੍ਰਾਹਕ ਦੋ ਵਾਰੀ ਵੱਧ ਤੋਂ ਵੱਧ 5000 ਰੁਪਏ ਕਢਵਾ ਸਕਦਾ ਹੈ।