ਬ੍ਰਿਟਿਸ਼ ਅਖ਼ਬਾਰ ‘ਫਾਈਨੈਂਸ਼ੀਅਲ ਟਾਈਮਜ਼’ ਲਈ ਆਰਥਕ ਮੁੱਦਿਆਂ ’ਤੇ ਲਿਖਣ ਵਾਲੇ ਮਾਰਟਿਨ ਵੁਲਫ ਨੇ ਕਿਹਾ ਕਿ ਭਾਰਤ 2047 ਤਕ ਮਹਾਸ਼ਕਤੀ ਵੀ ਬਣ ਜਾਵੇਗਾ
ਨਵੀਂ ਦਿੱਲੀ: ਆਰਥਕ ਮਾਮਲਿਆਂ ਦੇ ਟਿਪਣੀਕਾਰ ਮਾਰਟਿਨ ਵੁਲਫ ਨੇ ਸ਼ੁਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤਕ ਭਾਰਤ ਨੂੰ ਉੱਚ ਆਮਦਨੀ ਅਰਥਵਿਵਸਥਾ ਬਣਾਉਣ ਦੇ ਟੀਚੇ ਨੂੰ ਹਾਸਲ ਕਰਨਾ ਮੁਸ਼ਕਲ ਹੈ ਪਰ ਉਦੋਂ ਤਕ ਇਸ ਨੂੰ ਉੱਚ-ਦਰਮਿਆਨੀ-ਆਮਦਨ ਵਾਲਾ ਦੇਸ਼ ਬਣ ਜਾਣਾ ਚਾਹੀਦਾ ਹੈ।
ਬ੍ਰਿਟਿਸ਼ ਅਖ਼ਬਾਰ ‘ਫਾਈਨੈਂਸ਼ੀਅਲ ਟਾਈਮਜ਼’ ਲਈ ਆਰਥਕ ਮੁੱਦਿਆਂ ’ਤੇ ਲਿਖਣ ਵਾਲੇ ਵੁਲਫ ਨੇ ਕਿਹਾ ਕਿ ਭਾਰਤ 2047 ਤਕ ਮਹਾਸ਼ਕਤੀ ਵੀ ਬਣ ਜਾਵੇਗਾ। ਵੁਲਫ ਨੇ ਕਟਸ ਇੰਟਰਨੈਸ਼ਨਲ ਦੇ ਸਾਲਾਨਾ ਭਾਸ਼ਣ ’ਚ ਕਿਹਾ ਕਿ ਭਾਰਤ 2047 ਤਕ ਉੱਚ ਆਮਦਨ ਵਾਲਾ ਦੇਸ਼ ਬਣਨਾ ਚਾਹੁੰਦਾ ਹੈ। ਅਜਿਹਾ ਕਰਨਾ ਮੁਸ਼ਕਲ ਹੈ। ਪਰ ਉਦੋਂ ਤਕ ਇਹ ਇਕ ਉੱਚ-ਦਰਮਿਆਨੀ-ਆਮਦਨੀ ਵਾਲਾ ਦੇਸ਼ ਬਣ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਵਧ ਰਹੀ ਅਤੇ ਸਦਮੇ ਨਾਲ ਜੂਝ ਰਹੀ ਦੁਨੀਆਂ ਭਾਰਤ ਲਈ ਅਪਣੇ ਟੀਚਿਆਂ ਤਕ ਪਹੁੰਚਣਾ ਮੁਸ਼ਕਲ ਬਣਾ ਦੇਵੇਗੀ। ਵੁਲਫ ਨੇ ਕਿਹਾ, ‘‘ਭਾਰਤ ਨੂੰ ਦੁਨੀਆਂ ਨੂੰ ਅਨੁਕੂਲ ਦਿਸ਼ਾ ਵਲ ਮੋੜਨ ਲਈ ਅਪਣੇ ਅਸਰ ਦੀ ਵਰਤੋਂ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ। ਉਸ ਨੂੰ ਅਪਣੇ ਕੋਲ ਮੌਜੂਦ ਮੌਕਿਆਂ ਦਾ ਲਾਭ ਲੈਣ ਲਈ ਖ਼ੁਦ ਨੂੰ ਢਾਲਣਾ ਪੈਂਦਾ ਹੈ।’’
ਪਿਛਲੇ ਸਾਲ ਸੁਤੰਤਰਤਾ ਦਿਵਸ ’ਤੇ ਅਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਮੋਦੀ ਨੇ 2047 ’ਚ ਆਜ਼ਾਦੀ ਦੇ 100 ਸਾਲ ਪੂਰੇ ਹੋਣ ’ਤੇ ‘ਵਿਕਸਤ ਭਾਰਤ’ ਬਣਾਉਣ ਦਾ ਸੰਕਲਪ ਲਿਆ ਸੀ। ਇਸ ਸਮੇਂ ਦੁਨੀਆਂ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਭਾਰਤ ਨੂੰ ਵਿਕਾਸਸ਼ੀਲ ਦੇਸ਼ ਮੰਨਿਆ ਜਾਂਦਾ ਹੈ। ਇਕ ਵਿਕਸਤ ਦੇਸ਼ ਦੀ ਪਛਾਣ ਆਰਥਕ ਵਿਕਾਸ ਦੇ ਮੁਕਾਬਲਤਨ ਉੱਚ ਪੱਧਰ, ਇਕ ਦਰਮਿਆਨੇ ਜੀਵਨ ਪੱਧਰ, ਉੱਚ ਪ੍ਰਤੀ ਵਿਅਕਤੀ ਆਮਦਨ ਅਤੇ ਮਨੁੱਖੀ ਸਿੱਖਿਆ, ਸਾਖਰਤਾ ਅਤੇ ਸਿਹਤ ’ਚ ਚੰਗੇ ਪ੍ਰਦਰਸ਼ਨ ਵਲੋਂ ਕੀਤੀ ਜਾਂਦੀ ਹੈ।
ਵੁਲਫ ਨੇ ਕਿਹਾ ਕਿ ਭਾਰਤ ਅਜੇ ਵੀ ਗਲੋਬਲ ਮੌਕਿਆਂ ਦਾ ਲਾਭ ਉਠਾ ਸਕਦਾ ਹੈ ਅਤੇ ਸਾਰੀਆਂ ਧਿਰਾਂ ਨਾਲ ਲਾਭਦਾਇਕ ਅਤੇ ਉਤਪਾਦਕ ਆਰਥਕ ਸਬੰਧ ਬਣਾ ਸਕਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਉਹ ਕੋਸ਼ਿਸ਼ ਕਰਦਾ ਹੈ ਤਾਂ ਉਹ ਚੀਨ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਮੁਕਾਬਲੇਬਾਜ਼ ਗਲੋਬਲ ਸਪਲਾਇਰ ਦੇ ਰੂਪ ’ਚ ਅੰਸ਼ਕ ਤੌਰ ’ਤੇ ਬਦਲ ਸਕਦਾ ਹੈ। ਇਹ ਐਫ.ਡੀ.ਆਈ. ਲਈ ਇਕ ਆਕਰਸ਼ਕ ਮੰਜ਼ਿਲ ਬਣ ਸਕਦਾ ਹੈ।’’
ਵੁਲਫ ਨੇ ਕਿਹਾ ਕਿ ‘ਚੀਨ ਪਲੱਸ ਵਨ’ ਦੀ ਦੁਨੀਆਂ ’ਚ ਭਾਰਤ ਸਪੱਸ਼ਟ ਤੌਰ ’ਤੇ ‘ਪਲੱਸ ਵਨ’ ਹੈ ਅਤੇ ‘ਚੀਨ ਤੋਂ ਇਲਾਵਾ ਕਿਸੇ ਹੋਰ ਦੇਸ਼’ ਦੀ ਦੁਨੀਆਂ ’ਚ ਇਸ ਦੀ ਮਹੱਤਤਾ ਹੋਰ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪੱਛਮ ਨਾਲ ਚੰਗੇ ਸਬੰਧ ਹਨ ਜਿਸ ਲਈ ਇਹ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੈ।