
ਐੱਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ
New Delhi: ਭਾਰਤ 2030 ਤਕ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ 2026-27 ’ਚ ਦੇਸ਼ ਦੀ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਵਾਧਾ ਦਰ 7 ਫ਼ੀ ਸਦੀ ਤਕ ਪਹੁੰਚਣ ਦਾ ਅੰਦਾਜ਼ਾ ਹੈ। ਐੱਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਐੱਸ ਐਂਡ ਪੀ ਦਾ ਮੰਨਣਾ ਹੈ ਕਿ ਦੇਸ਼ ਲਈ ਇਕ ਵੱਡਾ ਇਮਤਿਹਾਨ ‘ਵੱਡੇ ਮੌਕੇ’ ਦਾ ਲਾਭ ਉਠਾਉਣਾ ਅਤੇ ਖ਼ੁਦ ਨੂੰ ਅਗਲਾ ਵੱਡਾ ਗਲੋਬਲ ਨਿਰਮਾਣ ਕੇਂਦਰ ਬਣਾਉਣਾ ਹੈ।
ਐਸ ਐਂਡ ਪੀ ਦੀ ਰੀਪੋਰਟ ‘ਗਲੋਬਲ ਕ੍ਰੈਡਿਟ ਆਊਟਲੁੱਕ 2024: ਨਿਊ ਰਿਸਕ, ਨਿਊ ਪਲੇਬੁੱਕ’ ’ਚ ਕਿਹਾ ਗਿਆ ਹੈ ਕਿ ਮਾਰਚ 2024 ਯਾਨੀ ਚਾਲੂ ਵਿੱਤੀ ਸਾਲ ’ਚ ਜੀ.ਡੀ.ਪੀ. ਵਿਕਾਸ ਦਰ 6.4 ਫੀ ਸਦੀ ਰਹਿਣ ਦਾ ਅੰਦਾਜ਼ਾ ਹੈ। 2026 ’ਚ ਇਸ ਦੇ ਸੱਤ ਫ਼ੀ ਸਦੀ ਤਕ ਪਹੁੰਚਣ ਦੀ ਉਮੀਦ ਹੈ। ਵਿੱਤੀ ਸਾਲ 2022-23 ’ਚ ਭਾਰਤੀ ਅਰਥਵਿਵਸਥਾ 7.2 ਫ਼ੀ ਸਦੀ ਦੀ ਦਰ ਨਾਲ ਵਧੀ ਸੀ। ਜੂਨ ਅਤੇ ਸਤੰਬਰ ਤਿਮਾਹੀ ’ਚ ਭਾਰਤ ਦੀ ਜੀ.ਡੀ.ਪੀ. ਵਾਧਾ ਦਰ ਕ੍ਰਮਵਾਰ 7.8 ਫ਼ੀ ਸਦੀ ਅਤੇ 7.6 ਫ਼ੀ ਸਦੀ ਰਹੀ।
ਏਜੰਸੀ ਅਨੁਸਾਰ, ‘‘ਭਾਰਤ 2030 ਤਕ ਤੀਜੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਸਾਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ ’ਚ ਇਹ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣ ਜਾਵੇਗੀ। ਸੱਭ ਤੋਂ ਵੱਡਾ ਇਮਤਿਹਾਨ ਇਹ ਹੈ ਕਿ ਕੀ ਭਾਰਤ ਅਗਲਾ ਵੱਡਾ ਆਲਮੀ ਨਿਰਮਾਣ ਕੇਂਦਰ ਬਣ ਸਕਦਾ ਹੈ, ਜੋ ਇਕ ਵੱਡਾ ਮੌਕਾ ਹੈ।’’ ਐਸ ਐਂਡ ਪੀ ਅਨੁਸਾਰ, ‘‘ਇਕ ਮਜ਼ਬੂਤ ਲੌਜਿਸਟਿਕ ਬੁਨਿਆਦੀ ਢਾਂਚਾ ਵਿਕਸਤ ਕਰਨਾ ਭਾਰਤ ਨੂੰ ਸੇਵਾ-ਅਧਾਰਤ ਅਰਥਵਿਵਸਥਾ ਤੋਂ ਨਿਰਮਾਣ-ਅਗਵਾਈ ਵਾਲੀ ਅਰਥਵਿਵਸਥਾ ’ਚ ਬਦਲਣ ’ਚ ਮਹੱਤਵਪੂਰਨ ਹੋਵੇਗਾ।’’ ਵਿੱਤੀ ਸਾਲ 2022-23 ਦੇ ਅੰਤ ਤਕ ਭਾਰਤ ਦੀ ਜੀ.ਡੀ.ਪੀ. ਦਾ ਆਕਾਰ 3,730 ਅਰਬ ਡਾਲਰ ਸੀ।
ਭਾਰਤ ਇਸ ਸਮੇਂ ਅਮਰੀਕਾ, ਚੀਨ, ਜਰਮਨੀ ਅਤੇ ਜਾਪਾਨ ਤੋਂ ਬਾਅਦ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਦਾ ਅਨੁਮਾਨ ਹੈ ਕਿ ਭਾਰਤ 2027-28 ਤਕ 5,000 ਅਰਬ ਡਾਲਰ ਦੀ ਜੀ.ਡੀ.ਪੀ. ਦੇ ਨਾਲ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
(For more news apart from S&P report on Indian economy, stay tuned to Rozana Spokesman)