
ਭਾਰਤ 'ਚ ਸਭ ਤੋਂ ਵਧ ਲਾਭਕਾਰੀ ਕੰਪਨੀਆਂ 'ਚੋਂ ਇਕ ਹੈ ਰਿਲਾਇੰਸ
ਨਵੀਂ ਦਿੱਲੀ, 5 ਅਗੱਸਤ : ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀ 'ਫਿਊਚਰਬ੍ਰਾਂਡ ਇੰਡੈਕਸ' 'ਚ ਐਪਲ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ ਹੈ। ਰਿਲਾਇੰਸ ਇੰਡਸਟਰੀਜ਼ ਰਿਫਾਇਨਰੀ, ਪ੍ਰਚੂਨ ਅਤੇ ਦੂਰਸੰਚਾਰ ਖੇਤਰਾਂ 'ਚ ਪ੍ਰਮੁੱਖ ਖਿਡਾਰੀ ਹੈ। ਫਿਊਚਰਬ੍ਰਾਂਡ ਨੇ 2020 ਦੀ ਸੂਚੀ ਨੂੰ ਜਾਰੀ ਕਰਦੇ ਹੋਏ ਕਿਹਾ, ''ਇਸ ਨੇ ਸਭ ਤੋਂ ਲੰਮੀ ਛਲਾਂਗ ਦੂਜੇ ਸਥਾਨ ਲਈ ਲਾਈ ਹੈ। ਰਿਲਾਇੰਸ ਇੰਡਸਟਰੀਜ਼ ਹਰ ਪੈਮਾਨੇ 'ਤੇ ਖਰੀ ਉਤਰੀ।''
Reliance
ਰੀਪੋਰਟ 'ਚ ਰਿਲਾਇੰਸ ਬਾਰੇ ਕਿਹਾ ਗਿਆ ਹੈ ਕਿ ਇਹ ਭਾਰਤ 'ਚ ਸਭ ਤੋਂ ਵਧ ਲਾਭਕਾਰੀ ਕੰਪਨੀਆਂ 'ਚੋਂ ਇਕ ਹੈ। ਕੰਪਨੀ ਦਾ ਬਹੁਤ ਸਤਿਕਾਰ ਹੈ ਅਤੇ ਨੈਤਿਕਤਾ ਨਾਲ ਕੰਮ ਕਰਦੀ ਹੈ। ਇਸੇ ਦੇ ਨਾਲ ਕੰਪਨੀ 'ਨਵੀਨਤਕਾਰੀ ਉਤਪਾਦ', 'ਗਾਹਕਾਂ ਨੂੰ ਬਿਹਤਰ ਅਨੁਭਵ' ਅਤੇ 'ਗ੍ਰੋਥ' ਨਾਲ ਜੁੜੀ ਹੈ। ਲੋਕਾਂ ਦਾ ਕੰਪਨੀ ਨਾਲ ਇਕ 'ਮਜ਼ਬੂਤ ਭਾਵਨਾਤਮਕ' ਰਿਸ਼ਤਾ ਹੈ। ਫਿਊਚਰਬ੍ਰਾਂਡ ਇਕ ਗਲੋਬਲ ਬ੍ਰਾਂਡ ਬਦਲਾਵ ਕੰਪਨੀ ਹੈ। ਇਹ ਪਿਛਲੇ 6 ਸਾਲਾਂ ਤੋਂ ਇਹ ਇੰਡੈਕਸ ਪੇਸ਼ ਕਰ ਰਹੀ ਹੈ। ਉਸ ਨੇ ਕਿਹਾ ਕਿ ਰਿਲਾਇੰਸ ਦੀ ਸਫਤਲਾ ਦਾ ਸਿਹਰਾ ਅੰਬਾਨੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੰਪਨੀ ਨੂੰ ਭਾਰਤੀਆਂ ਲਈ 'ਇਕ ਮੈਗਾਸਟੋਰ' ਦੀ ਤਰ੍ਹਾਂ 'ਵਨ ਸਟਾਪ' ਦੁਕਾਨ ਦੇ ਤੌਰ 'ਤੇ ਨਵੀਂ ਪਛਾਣ ਦਿਤੀ ਹੈ। ਰੀਪੋਰਟ ਵਿਚ ਕਿਹਾ ਗਿਆ ਹੈ, ''ਅੱਜ ਕੰਪਨੀ ਊਰਜਾ, ਪੈਟਰੋ ਕੈਮੀਕਲ, ਟੈਕਸਟਾਈਲ, ਕੁਦਰਤੀ ਸਰੋਤ, ਪ੍ਰਚੂਨ ਅਤੇ ਦੂਰ ਸੰਚਾਰ ਖੇਤਰਾਂ 'ਚ ਕੰਮ ਕਰਦੀ ਹੈ। ਗੂਗਲ ਅਤੇ ਫੇਸਬੁੱਕ ਨੇ ਇਸ 'ਚ ਹਿੱਸੇਦਾਰੀ ਖਰੀਦੀ ਹੈ।
ਅਸੀਂ ਉਮੀਦ ਕਰਦੇ ਹਾਂ ਅਗਲੇ ਇੰਡੈਕਸ 'ਚ ਕੰਪਨੀ ਸ਼ਿਖਰ 'ਤੇ ਹੋਵੇਗੀ।'' ਫਿਲਹਾਲ ਇਸ ਸੂਚੀ 'ਚ ਐਪਲ ਸਭ ਤੋਂ ਟਾਪ 'ਤੇ ਹੈ, ਜਦੋਂ ਕਿ ਸੈਮਸੰਗ ਤੀਜੇ ਸਥਾਨ, ਐਨਵੀਡੀਆ ਚੌਥੇ, ਮੋਤਾਈ ਪੰਜਵੇਂ, ਨਾਇਕੀ ਛੇਵੇਂ, ਮਾਈਕਰੋਸਾਫਟ ਸੱਤਵੇਂ, ਏ. ਐੱਸ. ਐੱਮ. ਐੱਲ. ਅੱਠਵੇਂ, ਪੇਪਾਲ ਨੌਵੇਂ ਅਤੇ ਨੈੱਟਫਲਿੱਕਸ ਦਸਵੇਂ ਸਥਾਨ 'ਤੇ ਹੈ।