ਸੌਵਰੇਨ ਗੋਲਡ ਬਾਂਡ ਸਕੀਮ ਦੀ 8ਵੀਂ ਸੀਰੀਜ਼ 9 ਨਵੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ।
ਮੁੰਬਈ: ਦੀਵਾਲੀ ਦਾ ਤਿਉਹਾਰ ਇਸ ਵਾਰ 14 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾ ਧਨਤੇਰਸ ਆਉਂਦਾ ਹੈ। ਇਸ ਮੌਕੇ ਤੇ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਭਾਰਤ ਵਿਚ ਹਰੇਕ ਪਰਿਵਾਰ 'ਚ ਇਸ ਤਿਉਹਾਰੀ ਮੌਸਮ 'ਚ ਬਹੁਤ ਛੋਟੇ ਪੱਧਰ 'ਤੇ ਹੀ ਸਹੀ ਪਰ ਸੋਨਾ ਖਰੀਦਣ ਦੀ ਪਰੰਪਰਾ ਹੈ। ਬਹੁਤ ਸਾਰੇ ਲੋਕ ਨਿਵੇਸ਼ ਦੇ ਲਿਹਾਜ਼ ਤੋਂ ਸੋਨਾ ਖਰੀਦਦੇ ਹਨ।
ਇਸ ਵਾਰ ਸੌਵਰੇਨ ਗੋਲਡ ਬਾਂਡ ਸਕੀਮ ਦੀ 8ਵੀਂ ਸੀਰੀਜ਼ 9 ਨਵੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ। ਇਸ ਬਾਂਡ 'ਚ 13 ਨਵੰਬਰ ਤਕ ਨਿਵੇਸ਼ ਕੀਤਾ ਜਾ ਸਕਦਾ ਹੈ। ਇਸ ਗੋਲਡ ਬਾਂਡ ਲਈ ਸੋਨੇ ਦੀ ਕੀਮਤ 5,177 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੀਤੇ ਦਿਨੀ ਇਕ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਆਰਬੀਆਈ ਨੇ ਕਿਹਾ- '999 ਗੁਣਵੱਤਾ ਵਾਲੇ ਸੋਨੇ ਦਾ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ ਬੰਦ ਭਾਅ ਦੇ ਸਾਧਾਰਨ ਔਸਤ ਦੇ ਹਿਸਾਬ ਨਾਲ ਬਾਂਡ ਦੀ ਨੋਮੀਨਲ ਵੈਲਿਊ 5,177 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ।'
ਕੇਂਦਰੀ ਬੈਂਕ ਨੇ ਕਿਹਾ ਹੈ ਕਿ ਸਰਕਾਰ ਨੇ ਇਸ ਬਾਂਡ ਲਈ ਆਨਲਾਈਨ ਅਪਲਾਈ ਕਰਨ ਵਾਲਿਆਂ ਤੇ ਡਿਜੀਟਲ ਮਾਧਿਅਮ ਤੋਂ ਭੁਗਤਾਨ ਕਰਨ ਵਾਲਿਆਂ ਨੂੰ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ 50 ਰੁਪਏ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।
RBI ਨੇ ਕਿਹਾ, 'ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦਾ ਇਸ਼ੂ ਪ੍ਰਾਈਸ 5,125 ਰੁਪਏ ਪ੍ਰਤੀ ਗ੍ਰਾਮ ਹੋਵੇਗਾ।' ਇਸ ਤੋਂ ਪਹਿਲਾਂ ਗੋਲਡ ਬਾਂਡ ਦੀ ਸੱਤਵੀਂ ਸੀਰੀਜ਼ 'ਚ ਸੋਨੇ ਦੀ ਕੀਮਤ 5,051 ਪ੍ਰਤੀ ਗ੍ਰਾਮ 'ਤੇ ਰਹੀ ਸੀ।