
ਸਟਾਫ਼ ਦੀ ਕਮੀ ਕਾਰਨ ਉਡਾਣਾਂ ਦੇ ਸੰਚਾਲਨ 'ਚ ਭਾਰੀ ਮੁਸ਼ਕਿਲਾਂ
ਮੁੰਬਈ - ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਏਅਰ ਇੰਡੀਆ ਦਾ ਕੰਮ-ਕਾਰ ਪ੍ਰਭਾਵਿਤ ਹੋ ਰਿਹਾ ਹੈ। ਇੱਕ ਸੂਤਰ ਨੇ ਦੱਸਿਆ ਕਿ ਇਸ ਕਾਰਨ ਅਮਰੀਕਾ ਅਤੇ ਕੈਨੇਡਾ ਦੀਆਂ ਕੁਝ ਉਡਾਣਾਂ ਜਾਂ ਤਾਂ ਰੱਦ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਰਵਾਨਗੀ ਵਿੱਚ ਦੇਰੀ ਹੋ ਰਹੀ ਹੈ।
ਟਾਟਾ ਸਮੂਹ ਦੀ ਕੰਪਨੀ ਏਅਰ ਇੰਡੀਆ ਨੂੰ ਪਿਛਲੇ ਸਾਲ ਵੀ ਚਾਲਕ ਦਲ ਦੀ ਕਮੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਏਅਰ ਇੰਡੀਆ ਦੇਸ਼ ਦੀ ਇਕਲੌਤੀ ਏਅਰਲਾਈਨ ਹੈ ਜੋ 'ਲੰਬੀ ਦੂਰੀ ਦੀਆਂ ਉਡਾਣਾਂ' ਚਲਾਉਂਦੀ ਹੈ। ਇਸ ਸ਼੍ਰੇਣੀ ਵਿੱਚ 16 ਘੰਟਿਆਂ ਤੋਂ ਵੱਧ ਸਮੇਂ ਦੀਆਂ ਉਡਾਣਾਂ ਆਉਂਦੀਆਂ ਹਨ।
ਇੱਕ ਸੂਤਰ ਨੇ ਦੱਸਿਆ, "ਲੋਕਾਂ ਦੀ ਭਾਰੀ ਘਾਟ ਹੈ, ਜਿਸ ਕਾਰਨ ਉਡਾਣ ਸੰਚਾਲਨ, ਖ਼ਾਸ ਕਰਕੇ ਅਮਰੀਕਾ ਤੇ ਕੈਨੇਡਾ ਲਈ ਉਡਾਣਾਂ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ।"
ਸੂਤਰ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ, "ਪਿਛਲੇ ਪੰਜ-ਛੇ ਦਿਨਾਂ ਵਿੱਚ, ਕੰਪਨੀ ਨੇ ਅਮਰੀਕਾ ਵਿੱਚ ਸੈਨ ਫ਼ਰਾਂਸਿਸਕੋ ਲਈ ਤਿੰਨ ਅਤੇ ਕੈਨੇਡਾ ਦੇ ਵੈਨਕੂਵਰ ਲਈ ਇੱਕ ਉਡਾਣ ਰੱਦ ਕੀਤੀ। ਇਨ੍ਹਾਂ ਰੂਟਾਂ 'ਤੇ ਕੁਝ ਉਡਾਣਾਂ 10-12 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
ਇਸ ਸੰਬੰਧੀ ਏਅਰ ਇੰਡੀਆ ਤੋਂ ਜਵਾਬ ਮੰਗਿਆ ਗਿਆ ਪਰ ਉਸ ਪਾਸਿਓਂ ਕੋਈ ਜਵਾਬ ਨਹੀਂ ਆਇਆ।
ਪਿਛਲੇ ਦੋ ਮਹੀਨਿਆਂ ਵਿੱਚ ਏਅਰ ਇੰਡੀਆ ਨੇ ਆਪਣੇ ਬੇੜੇ ਵਿੱਚ ਦੋ ਵੱਡੇ ਬੋਇੰਗ 777 ਸ਼ਾਮਲ ਕੀਤੇ ਹਨ।