
ਹੁਣ ਮੈਂਬਰ ਦੇਸ਼ ਹੋਰਨਾਂ ਦੇਸ਼ਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਿਰਯਾਤ ’ਤੇ ਨਹੀਂ ਲਾ ਸਕਣਗੇ ਪਾਬੰਦੀ
ਨਵੀਂ ਦਿੱਲੀ: ਜੀ-20 ਦੇ ਨੇਤਾਵਾਂ ਨੇ ਕਿਹਾ ਹੈ ਕਿ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਜੀਵਨ ਜਿਊਣ ਦੀ ਲਾਗਤ ’ਤੇ ਦਬਾਅ ਪਾ ਰਹੀਆਂ ਹਨ ਅਤੇ ਉਨ੍ਹਾਂ ਨੇ ਖੇਤੀ, ਭੋਜਨ ਅਤੇ ਖਾਦ ਖੇਤਰਾਂ ’ਚ ‘ਖੁੱਲ੍ਹੇ, ਨਿਰਪੱਖ, ਭਵਿੱਖਬਾਣੀਯੋਗ ਅਤੇ ਨਿਯਮਾਂ ਆਧਾਰਤ’ ਵਪਾਰ ਨੂੰ ਸਹੂਲਤਜਨਕ ਬਣਾਉਣ ਅਤੇ ਪ੍ਰਾਸੰਗਿਕ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਅਨੁਸਾਰ ਨਿਰਯਾਤ ’ਤੇ ਪਾਬੰਦੀਆਂ ਨਾ ਲਾਉਣ ਦਾ ਅਹਿਦ ਪ੍ਰਗਟਾਇਆ। ਜੀ-20 ਦੇਸ਼ਾਂ ਦੇ ਨਵੀਂ ਦਿੱਲੀ ਐਲਾਨਨਾਮੇ ਨੂੰ ਅਪਣਾਉਂਦੇ ਹੋਏ, ਮੈਂਬਰ ਦੇਸ਼ਾਂ ਨੇ ਖੁਰਾਕ ਸੁਰੱਖਿਆ ਚੁਨੌਤੀਆਂ ਨਾਲ ਨਜਿੱਠਣ ਲਈ ਵਿਕਾਸਸ਼ੀਲ ਦੇਸ਼ਾਂ ਦੀਆਂ ਕੋਸ਼ਿਸ਼ਾਂ ਅਤੇ ਸਮਰੱਥਾਵਾਂ ਦਾ ਸਮਰਥਨ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ।
ਉਨ੍ਹਾਂ ਨੇ ਕਿਫਾਇਤੀ, ਸੁਰੱਖਿਅਤ, ਪੌਸ਼ਟਿਕ ਅਤੇ ਸਿਹਤਮੰਦ ਖੁਰਾਕਾਂ ਤਕ ਪਹੁੰਚ ਨੂੰ ਸਮਰੱਥ ਬਣਾਉਣ ਅਤੇ ਢੁਕਵੇਂ ਭੋਜਨ ਦੇ ਅਧਿਕਾਰ ਦੀ ਪ੍ਰਗਤੀਸ਼ੀਲ ਪ੍ਰਾਪਤੀ ਨੂੰ ਉਤਸ਼ਾਹਿਤ ਕਰਨ ਲਈ ਮਿਲ ਕੇ ਕੰਮ ਕਰਨ ਲਈ ਵਚਨਬੱਧ ਕੀਤਾ। ਇਸ ਨੂੰ ਪ੍ਰਾਪਤ ਕਰਨ ਲਈ, ਮੈਂਬਰ ਦੇਸ਼ਾਂ ਨੇ ਭੋਜਨ ਅਤੇ ਖਾਦਾਂ ’ਚ ਖੁੱਲ੍ਹੇ ਅਤੇ ਮੁਕਤ ਵਪਾਰ ਦੀ ਸਹੂਲਤ ਸਮੇਤ ਛੇ ਉੱਚ-ਪੱਧਰੀ ਸਿਧਾਂਤਾਂ ਲਈ ਵਚਨਬੱਧਤਾ ਕੀਤੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਭੋਜਨ ਮਹਿੰਗਾਈ ਦਰ ਨੂੰ ਕਾਬੂ ਕਰਨ ਲਈ ਕਣਕ ਅਤੇ ਚੌਲਾਂ ਦੀਆਂ ਕੁਝ ਕਿਸਮਾਂ ਦੇ ਨਿਰਯਾਤ ’ਤੇ ਪਾਬੰਦੀ ਲਾਈ ਹੋਈ ਹੈ।
ਮੁਫਤ ਵਪਾਰ ਤੋਂ ਇਲਾਵਾ ਜੀ20 ਨੇਤਾਵਾਂ ਨੇ ਭੋਜਨ ਦੀਆਂ ਕੀਮਤਾਂ ਦੀ ਅਸਥਿਰਤਾ ਤੋਂ ਬਚਣ ਅਤੇ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਖੇਤੀ ਬਾਜ਼ਾਰ ਸੂਚਨਾ ਸਿਸਟਮ ਅਤੇ ਗਰੁਪ ਆਨ ਅਰਥ ਆਬਜ਼ਰਵੇਸ਼ਨ ਗਲੋਬਲ ਐਗਰੀਕਲਚਰਲ ਮਾਨੀਟਰਿੰਗ (ਜੀਉਗਲੈਮ) ਦੇ ਤਹਿਤ ਦੋ ਹੋਰ ਵਸਤੂਆਂ, ਖਾਦਾਂ ਅਤੇ ਬਨਸਪਤੀ ਤੇਲ ’ਤੇ ਧਿਆਨ ਰੱਖਣ ਲਈ ਵਚਨਬੱਧ ਪ੍ਰਗਟਾਈ।
ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਖਾਦਾਂ ’ਤੇ ਏ.ਐੱਮ.ਆਈ.ਐੱਸ. ਦੇ ਕੰਮ, ਸਬਜ਼ੀਆਂ ਦੇ ਤੇਲ ਨੂੰ ਸ਼ਾਮਲ ਕਰਨ ਲਈ ਇਸ ਦੇ ਵਿਸਤਾਰ ਅਤੇ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ਦੇ ਨਾਲ ਵਧੇ ਹੋਏ ਸਹਿਯੋਗ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਏ.ਐੱਮ.ਆਈ.ਐੱਸ. ਜੋ ਵਰਤਮਾਨ ’ਚ ਚਾਰ ਫਸਲਾਂ- ਚਾਵਲ, ਕਣਕ, ਮੱਕੀ ਅਤੇ ਸੋਇਆ ਨੂੰ ਦੀ ਨਿਗਰਾਨੀ ਰਖਦਾ ਹੈ, ਵੱਖ-ਵੱਖ ਮੈਂਬਰ ਦੇਸ਼ਾਂ ਦੇ ਅੰਕੜਿਆਂ ਨੂੰ ਇਕੱਠਾ ਕਰਦਾ ਹੈ ਅਤੇ ਦ੍ਰਿਸ਼ ਮਾਡਲ ਅਤੇ ਕੀਮਤਾਂ ਦੀ ਭਵਿੱਖਬਾਣੀ ਕਰਦਾ ਹੈ - ਪਹਿਲੀ ਵਾਰ ਆਲਮੀ ਕੀਮਤਾਂ ’ਚ ਹਾਲ ਹੀ ’ਚ ਉਤਰਾਅ-ਚੜ੍ਹਾਅ ਨੂੰ ਵੇਖਦਿਆਂ ਏ.ਐੱਮ.ਆਈ.ਐੱਸ. ਫਸਲਾਂ ਦੀ ਪ੍ਰਾਪਤੀ, ਖਾਦਾਂ ’ਤੇ ਵੀ ਨਜ਼ਰ ਰਖੇਗਾ।