
ਮੋਬਾਈਲ ਐਪ ਲਈ ਪ੍ਰੀਮੀਅਮ ਖਾਤਾ ਸਬਸਕ੍ਰਿਪਸ਼ਨ ਫੀਸ ਲਗਭਗ 48 ਫ਼ੀ ਸਦੀ ਘਟਾ ਕੇ 470 ਰੁਪਏ ਕਰ ਦਿਤੀ
ਨਵੀਂ ਦਿੱਲੀ : ਸੋਸ਼ਲ ਮੀਡੀਆ ਮੰਚ ‘ਐਕਸ’ ਨੇ ਭਾਰਤ ’ਚ ਖਾਤਾਧਾਰਕਾਂ ਲਈ ਸਬਸਕ੍ਰਿਪਸ਼ਨ ਫੀਸ ’ਚ 48 ਫੀ ਸਦੀ ਤਕ ਦੀ ਕਟੌਤੀ ਕੀਤੀ ਹੈ। ਸੋਸ਼ਲ ਮੀਡੀਆ ਫਰਮ ਨੇ ਮੋਬਾਈਲ ਐਪ ਲਈ ਪ੍ਰੀਮੀਅਮ ਖਾਤਾ ਸਬਸਕ੍ਰਿਪਸ਼ਨ ਫੀਸ ਲਗਭਗ 48 ਫ਼ੀ ਸਦੀ ਘਟਾ ਕੇ 470 ਰੁਪਏ ਕਰ ਦਿਤੀ ਹੈ ਜੋ ਪਹਿਲਾਂ ਮਹੀਨਾਵਾਰ ਆਧਾਰ ਉਤੇ 900 ਰੁਪਏ ਸੀ। ‘ਐਕਸ’ ਦੇ ਪ੍ਰੀਮੀਅਮ ਅਤੇ ਪ੍ਰੀਮੀਅਮ-ਪਲੱਸ ਸੇਵਾ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਗਾਹਕਾਂ ਨੂੰ ਉਨ੍ਹਾਂ ਦੇ ਨਾਮ ਜਾਂ ਆਈ.ਡੀ. ਦੇ ਅੱਗੇ ਇਕ ਚੈੱਕਮਾਰਕ ਲਗਿਆ ਮਿਲਦਾ ਹੈ।
ਇਸੇ ਤਰ੍ਹਾਂ ‘ਐਕਸ’ ਨੇ ਵੈੱਬ ਖਾਤਿਆਂ ਲਈ ਪ੍ਰੀਮੀਅਮ ਸਬਸਕ੍ਰਿਪਸ਼ਨ ਫੀਸ ਨੂੰ ਵੀ ਲਗਭਗ 34 ਫ਼ੀ ਸਦੀ ਘਟਾ ਕੇ 427 ਰੁਪਏ ਕਰ ਦਿਤਾ ਹੈ ਜੋ ਪਹਿਲਾਂ 650 ਰੁਪਏ ਸੀ। ਐਪ ਸਟੋਰਾਂ ਵਲੋਂ ਵਸੂਲੀ ਗਈ ਵਾਧੂ ਫੀਸ ਕਾਰਨ ਮੋਬਾਈਲ ਐਪਸ ਉਤੇ ਪ੍ਰੀਮੀਅਮ ਸਬਸਕ੍ਰਿਪਸ਼ਨ ਲਈ ਚਾਰਜ ਵੱਧ 470 ਰੁਪਏ ’ਤੇ ਹਨ।
ਕੰਪਨੀ ਨੇ ਅਪਣੇ ਹੈਂਡਲ ਉਤੇ ਬੁਨਿਆਦੀ ਗਾਹਕਾਂ ਲਈ ਮਹੀਨਾਵਾਰ ਸਬਸਕ੍ਰਿਪਸ਼ਨ 30 ਫ਼ੀ ਸਦੀ ਘਟਾ ਕੇ 170 ਰੁਪਏ ਕਰ ਦਿਤਾ ਹੈ ਜੋ ਪਹਿਲਾਂ 243.75 ਰੁਪਏ ਸੀ। ਬੇਸਿਕ ਖਾਤਾ ਧਾਰਕ ਨੂੰ ਪੋਸਟਾਂ ਨੂੰ ਸੰਪਾਦਿਤ ਕਰਨ, ਲੰਬੀ ਪੋਸਟਾਂ ਲਿਖਣ, ਬੈਕਗ੍ਰਾਉਂਡ ਵੀਡੀਉ ਪਲੇਬੈਕ ਦੇ ਯੋਗ ਬਣਾਉਣ ਲਈ ਵਿਸ਼ੇਸ਼ਤਾ ਦਿਤੀ ਜਾਂਦੀ ਹੈ ਅਤੇ ਉਹ ਵੀਡੀਉ ਡਾਊਨਲੋਡ ਕਰ ਸਕਦੇ ਹਨ।
ਇਹ ਕਟੌਤੀ ਬੇਸਿਕ ਖਾਤੇ ਦੀ ਸਾਲਾਨਾ ਸਬਸਕ੍ਰਿਪਸ਼ਨ ਫੀਸ ਲਈ ਲਗਭਗ 34 ਫ਼ੀ ਸਦੀ ਹੈ, ਜਿਸ ਦਾ ਬਿਲ ਸਾਲਾਨਾ ਆਧਾਰ ਉਤੇ 1,700 ਰੁਪਏ ਹੋਵੇਗਾ, ਜੋ ਪਹਿਲਾਂ 2,590.48 ਰੁਪਏ ਸੀ।
‘ਐਕਸ’ ਖਾਤੇ ਦੇ ਪ੍ਰੀਮੀਅਮ ਅਤੇ ਸਬਸਕ੍ਰਿਪਸ਼ਨ ਦੀ ਕੀਮਤ ਹੁਣ ਵੈੱਬ ਉਤੇ ਉਪਭੋਗਤਾਵਾਂ ਨੂੰ ਲਗਭਗ 26 ਫ਼ੀ ਸਦੀ ਘੱਟ 2,570 ਰੁਪਏ ਹੋ ਗਈ ਹੈ, ਜੋ ਪਹਿਲਾਂ 3,470 ਰੁਪਏ ਸੀ। ‘ਐਕਸ’ ਉਤੇ ਪ੍ਰੀਮੀਅਮ ਪਲੱਸ ਖਾਤੇ ਪੂਰੀ ਤਰ੍ਹਾਂ ਇਸ਼ਤਿਹਾਰ ਮੁਕਤ ਹਨ, ਧਾਰਕ ਲੇਖ ਲਿਖ ਸਕਦੇ ਹਨ, ਗ੍ਰੋਕ 4 ਨਾਲ ਸੁਪਰਗ੍ਰੋਕ ਤਕ ਪਹੁੰਚ ਪ੍ਰਾਪਤ ਕਰ ਸਕਦੇ ਹਨ. ਇਹ ਸੇਵਾਵਾਂ ਪ੍ਰੀਮੀਅਮ ਅਤੇ ਬੁਨਿਆਦੀ ਖਾਤਾ ਧਾਰਕਾਂ ਲਈ ਉਪਲਬਧ ਨਹੀਂ ਹਨ। ਪ੍ਰੀਮੀਅਮ ਪਲੱਸ ਸਬਸਕ੍ਰਿਪਸ਼ਨ ਦੇ ਮੋਬਾਈਲ ਵਰਜ਼ਨ ਦੀ ਕੀਮਤ ਉਪਭੋਗਤਾਵਾਂ ਨੂੰ 3,000 ਰੁਪਏ ਹੋਵੇਗੀ, ਜਦਕਿ ਪਹਿਲਾਂ ਮਹੀਨਾਵਾਰ ਆਧਾਰ ਉਤੇ ਲਗਭਗ 5,100 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ।