
ਨਿਫ਼ਟੀ ਨੇ ਪਹਿਲੀ ਵਾਰੀ ਛੂਹਿਆ 20 ਹਜ਼ਾਰ ਦਾ ਪੱਧਰ, ਸੈਂਸੈਕਸ 67 ਹਜ਼ਾਰ ਤੋਂ ਉੱਪਰ ਬੰਦ
ਮੁੰਬਈ: ਘਰੇਲੂ ਨਿਵੇਸ਼ਕਾਂ ਦੀ ਤਕੜੀ ਖ਼ਰੀਦਦਾਰੀ ਆਉਣ ਨਾਲ ਸਥਾਨਕ ਸ਼ੇਅਰ ਬਾਜ਼ਾਰਾਂ ’ਚ ਸੋਮਵਾਰ ਨੂੰ ਲਗਾਤਾਰ ਸੱਤਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ੀ ਜਾਰੀ ਰਹੀ। ਬੀ.ਐੱਸ.ਈ. ਦਾ ਮਾਨਕ ਸੂਚਕ ਅੰਕ ਸੈਂਸੈਕਸ 528 ਅੰਕ ਉਛਲ ਕੇ ਇਕ ਵਾਰੀ ਫਿਰ 67 ਹਜ਼ਾਰ ਤੋਂ ਪਾਰ ਪਹੁੰਚ ਗਿਆ ਜਦਕਿ ਐੱਨ.ਐਸ.ਈ. ਨਿਫ਼ਟੀ ਨੇ ਪਹਿਲੀ ਵਾਰੀ ਰੀਕਾਰਡ 20 ਹਜ਼ਾਰ ਅੰਕ ਦਾ ਪੱਧਰ ਛੂਹਿਆ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਦਿੱਲੀ ’ਚ ਜੀ-20 ਸ਼ਿਖਰ ਸੰਮੇਲਨ ਦੀ ਸਫ਼ਲਤਾ ਤੋਂ ਬਣੇ ਸਾਕਾਰਾਤਮਕ ਮਾਹੌਲ ਵਿਚਕਾਰ ਪ੍ਰਮੁੱਖ ਕੰਪਨੀਆਂ ਰਿਲਾਇੰਸ ਇੰਡਸਟਰੀਜ਼ ਅਤੇ ਐੱਚ.ਡੀ.ਐਫ਼.ਸੀ. ਬੈਂਕ ’ਚ ਖ਼ਰੀਦਦਾਰੀ ਆਉਣ ਨਾਲ ਸ਼ੇਅਰ ਬਾਜ਼ਾਰਾਂ ਨੂੰ ਰਫ਼ਤਾਰ ਦੇਣ ਦਾ ਕੰਮ ਕੀਤਾ।
ਬੀ.ਐੱਸ.ਈ. ਦਾ 30 ਸ਼ੇਅਰਾਂ ’ਤੇ ਅਧਾਰਤ ਸੈਂਸੈਕਸ 528.71 ਅੰਕ ਯਾਨੀਕਿ 0.79 ਫ਼ੀ ਸਦੀ ਉੱਛਲ ਕੇ 67,127.08 ਅੰਕ ’ਤੇ ਬੰਦ ਹੋਇਆ। ਕਾਰੋਬਾਰੀ ਦੌਰਾਨ ਇਕ ਸਮੇਂ ਇਹ 573.22 ਅੰਕ ਤਕ ਉੱਛਲ ਕੇ 67,172.13 ’ਤੇ ਵੀ ਪਹੁੰਚ ਗਿਆ ਸੀ।
ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਸੂਚਕ ਅੰਕ ਨਿਫ਼ਟੀ ਵੀ 176.40 ਅੰਕ ਜਾਂ 0.89 ਫ਼ੀ ਸਦੀ ਦੇ ਵਾਧੇ ਨਾਲ 19,996.35 ’ਤੇ ਬੰਦ ਹੋਇਆ। ਐਕਸਚੇਂਜ ’ਤੇ ਕਾਰੋਬਾਰੀ ਬੰਦ ਹੋਣ ਤੋਂ ਬਿਲਕੁਲ ਪਹਿਲਾਂ ਨਿਫ਼ਟੀ 188.2 ਅੰਕ ਉੱਛਲ ਕੇ 20,008.15 ਦੇ ਅਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ ਸੀ।
ਐੱਚ.ਡੀ.ਐੱਫ਼.ਸੀ. ਸਿਕਿਉਰਟੀਜ਼ ਲਿਮਟਡ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਪਾਲਕ ਅਧਿਕਾਰੀ ਧੀਰਜ ਰੇਲੀ ਨੇ ਕਿਹਾ, ‘‘ਨਿਫ਼ਟੀ ਜੁਲਾਈ ਤੋਂ ਬਾਅਦ ਅਪਣੇ ਦੂਜੀ ਕੋਸ਼ਿਸ਼ ’ਚ ਅਖ਼ੀਰ 20 ਹਜ਼ਾਰ ਅੰਕ ਦੇ ਚਿਰਉਡੀਕਵੇਂ ਪੱਧਰ ਨੂੰ ਛੂਹਣ ’ਚ ਕਾਮਯਾਬ ਰਿਹਾ। ਵਿਦੇਸ਼ੀ ਨਿਵੇਸ਼ਕਾਂ ਦੇ ਮਿਲੇ-ਜੁਲੇ ਰੁਖ਼ ਦੇ ਬਾਵਜੂਦ ਸਥਾਨਕ ਨਿਵੇਸ਼ਕਾਂ ਦੀ ਮਜ਼ਬੂਤ ਹਮਾਇਤ ਨੇ ਨਿਫ਼ਟੀ ਨੂੰ ਇਹ ਮੁਕਾਮ ਹਾਸਲ ਕਰਨ ’ਚ ਮਦਦ ਕੀਤੀ ਹੈ।’’
ਰੇਲੀ ਨੇ ਕਿਹਾ ਕਿ ਪਿੱਛੇ ਜਿਹੇ ਪੁਲਾੜ ਅਤੇ ਕੂਟਨੀਤੀ ਦੇ ਖੇਤਰਾਂ ’ਚ ਭਾਰਤ ਨੂੰ ਮਿਲੀਆਂ ਪ੍ਰਾਪਤੀਆਂ ਨੇ ਕੌਮਾਂਤਰੀ ਪੱਧਰ ’ਤੇ ਕਾਇਮ ਅਸਥਿਰਤਾ ਦੇ ਦੌਰ ’ਚ ਭਾਰਤੀ ਸ਼ੇਅਰਾਂ ਲਈ ਧਾਰਨਾ ਨੂੰ ਮਜ਼ਬੂਤੀ ਦੇਣ ਦਾ ਕੰਮ ਕੀਤਾ ਹੈ।
ਸੈਂਸੈਕਸ ਦੇ ਸਮੂਹ ’ਚ ਸ਼ਾਮਲ ਕੰਪਨੀਆਂ ’ਚੋਂ ਐਕਸਿਸ ਬੈਂਕ, ਪਾਵਰ ਗਰਿੱਡ, ਮਾਰੂਤੀ ਸੁਜ਼ੁਕੀ, ਭਾਰਤੀ ਸਟੇਟ ਬੈਂਕ, ਟਾਟਾ ਮੋਟਰਸ, ਆਈ.ਟੀ.ਸੀ., ਨੈਸਲੇ ਅਤੇ ਮਹਿੰਦਰਾ ਐਂਡ ਮਹਿੰਦਰਾ ਪ੍ਰਮੁੱਖ ਰੂਪ ’ਚ ਵਾਧੇ ਨਾਲ ਬੰਦ ਹੋਈਆਂ।
ਦੂਜੇ ਪਾਸੇ ਬਜਾਜ ਫ਼ਾਈਨਾਂਸ ਅਤੇ ਲਾਰਸਨ ਐਂਡ ਟੁਰਬੋ ਇਸ ਤੇਜ਼ੀ ਦੇ ਦੌਰ ’ਚ ਵੀ ਪਿੱਛੇ ਰਹਿ ਗਈਆਂ। ਜਿਉਜੀਤ ਫ਼ਾਈਨਾਂਸ਼ੀਅਲ ਸਰਵੀਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, ‘‘ਘਰੇਲੂ ਬਾਜ਼ਾਰਾਂ ਨੇ ਦਿਨ ਦੀ ਸ਼ੁਰੂਆਤ ਸਾਕਾਰਾਤਮਕ ਰੁਖ਼ ਨਾਲ ਕੀਤੀ। ਦਰਅਸਲ ਜੀ-20 ਸ਼ਿਖਰ ਸੰਮੇਲਨ ’ਚ ਹਾਸਲ ਇਤਿਹਾਸਕ ਸਹਿਮਤੀ ਨੇ ਨਿਵੇਸ਼ਕਾਂ ’ਚ ਭਰੋਸਾ ਜਗਾਉਣ ਦਾ ਕੰਮ ਕੀਤਾ। ਸਬਜ਼ੀਆਂ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਮਹਿੰਗਾਈ ਦਰ ਘੱਟ ਹੋਣ ਦੀਆਂ ਉਮੀਦਾਂ ਨੇ ਵੀ ਆਸ਼ਾਵਾਦੀ ਨਜ਼ਰੀਏ ਨੂੰ ਮਜ਼ਬੂਤੀ ਦਿਤੀ।’’
ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਦਖਣੀ ਕੋਰੀਆ ਦਾ ਕੌਸਪੀ ਅਤੇ ਚੀਨ ਦਾ ਸੰਘਾਈ ਕੰਪੋਜ਼ਿਟ ਚੜ੍ਹਦੇ ਰੁਖ਼ ’ਚ ਜਾਣ ’ਚ ਸਫ਼ਲ ਰਹੇ ਜਦਕਿ ਜਾਪਾਨ ਦਾ ਨਿੱਕੀ ਅਤੇ ਹਾਂਗਸਾਂਗ ਦਾ ਹੈਂਗਸੇਂਗ ਗਿਰਾਵਟ ’ਚ ਰਹੇ। ਯੂਰਪੀ ਬਾਜ਼ਾਰ ਵੀ ਵਧਦੇ ਰੌਂਅ ’ਚ ਖੁੱਲ੍ਹੇ।
ਇਸ ਦੌਰਾਨ ਕੌਮਾਂਤਰੀ ਤੇਲ ਮਾਨਕ ਬਰੈਂਡ ਕਰੂਡ 0.23 ਫ਼ੀ ਸਦੀ ਡਿੱਗ ਕੇ 90.35 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ। ਘਰੇਲੂ ਬਾਜ਼ਾਰਾਂ ’ਚ ਤੇਜ਼ੀ ਦੇ ਦੌਰ ’ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਪੂੰਜੀ ਨਿਕਾਸੀ ਜਾਰੀ ਹੈ। ਸ਼ੇਅਰ ਬਾਜ਼ਰਾਂ ਤੋਂ ਮਿਲੇ ਅੰਕੜਿਆਂ ਮੁਤਾਬਕ, ਵਿਦੇਸ਼ੀ ਨਿਵੇਸ਼ਕਾਂ ਨੇ ਸ਼ੁਕਰਵਾਰ ਨੂੰ 224.22 ਕਰੋੜ ਰੁਪਏ ਮੁੱਲ ਦੇ ਸ਼ੇਅਰਾਂ ਦੀ ਵਿਕਰੀ ਕੀਤੀ ਸੀ।