
ਖਾਣ-ਪੀਣ ਦੀਆਂ ਚੀਜ਼ਾਂ ਅਤੇ ਬਾਲਣ ਦੀਆਂ ਕੀਮਤਾਂ ’ਚ ਕਮੀ ਕਰ ਕੇ ਮਈ ’ਚ ਮਹਿੰਗਾਈ ਦਰ ਘਟ ਕੇ 4.25 ਫ਼ੀ ਸਦੀ ਹੋਈ
ਨਵੀਂ ਦਿੱਲੀ: ਭੋਜਨ ਅਤੇ ਬਾਲਣ ਦੀਆਂ ਕੀਮਤਾਂ ਘੱਟ ਹੋਣ ਕਰ ਕੇ ਮਈ ਮਹੀਨੇ ’ਚ ਪ੍ਰਚੂਨ ਮਹਿੰਗਾਈ ਦਰ ਘਟ ਕੇ 25 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ।
ਸਰਕਾਰ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਮਈ, 2023 ’ਚ ਪ੍ਰਚੂਨ ਮਹਿੰਗਈ ਦਰ 4.25 ਫ਼ੀ ਸਦੀ ਰਹੀ ਜੋ ਅਪ੍ਰੈਲ, 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਅਪ੍ਰੈਲ, 2021 ’ਚ ਪ੍ਰਚੂਨ ਮਹਿੰਗਾਈ ਦਰ 4.23 ਫ਼ੀ ਸਦੀ ’ਤੇ ਸੀ।
ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਮਹਿੰਗਾਈ ਦਰ ਅਪ੍ਰੈਲ, 2023 ’ਚ 4.7 ਫ਼ੀ ਸਦੀ ਰਹੀ ਸੀ। ਜਦਕਿ ਇਕ ਸਾਲ ਪਹਿਲਾਂ ਮਈ, 2022 ’ਚ ਇਹ 7.04 ਫ਼ੀ ਸਦੀ ਸੀ।
ਇਸ ਤਰ੍ਹਾਂ ਲਗਾਤਾਰ ਚੌਥੇ ਮਹੀਨੇ ਪ੍ਰਚੂਨ ਮਹਿੰਗਾਈ ਦਰ ’ਚ ਕਮੀ ਆਈ ਹੈ। ਇਸ ਦੇ ਨਾਲ ਹੀ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਪ੍ਰਚੂਨ ਮਹਿੰਗਾਈ ਦਰ ਭਾਰਤੀ ਰੀਜ਼ਰਵ ਬੈਂਕ ਦੇ ਸੰਤੋਸ਼ਜਨਕ ਪੱਧਰ ’ਤੇ ਹੈ। ਸਰਕਾਰ ਨੇ ਰੀਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਦਰ ’ਚ ਦੋ ਫ਼ੀ ਸਦੀ ਘਟਣ-ਵਧਣ ਨਾਲ ਚਾਰ ਫ਼ੀ ਸਦੀ ’ਤੇ ਰੱਖਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ।
ਪਿਛਲੇ ਮਹੀਨੇ ਪ੍ਰਚੂਨ ਮਹਿੰਗਾਈ ਦਰ ’ਚ ਆਈ ਕਮੀ ਪਿੱਛੇ ਮੁੱਖ ਕਾਰਨ ਖੁਰਾਕੀ ਵਸਤਾਂ ਅਤੇ ਬਾਲਣ ਦੀਆਂ ਕੀਮਤਾਂ ’ਚ ਆਈ ਕਮੀ ਦੀ ਅਹਿਮ ਭੂਮਿਕਾ ਰਹੀ ਹੈ।