ਕਾਂਗਰਸ ਵਲੋਂ ਸੇਬਾਂ ’ਤੇ ਦਰਾਮਦ ਡਿਊਟੀ ਘਟਾਉਣ ਦੇ ਸਰਕਾਰ ਦੇ ਫੈਸਲੇ ਦੀ ਆਲੋਚਨਾ
ਨਵੀਂ ਦਿੱਲੀ: ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਸੇਬ, ਅਖਰੋਟ ਅਤੇ ਬਦਾਮ ਦੇ ਆਯਾਤ ’ਤੇ ਵਾਧੂ ਜਵਾਬੀ ਡਿਊਟੀ ਹਟਾਉਣ ਨਾਲ ਘਰੇਲੂ ਉਤਪਾਦਕਾਂ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਵਣਜ ਵਿਭਾਗ ਦੇ ਵਧੀਕ ਸਕੱਤਰ ਪੀਯੂਸ਼ ਕੁਮਾਰ ਨੇ ਕਿਹਾ ਕਿ ਅਮਰੀਕੀ ਸੇਬ ਅਤੇ ਅਖਰੋਟ ’ਤੇ 50 ਫੀ ਸਦੀ ਅਤੇ 100 ਫੀ ਸਦੀ ਦੀ ‘ਮੋਸਟ ਫੇਵਰਡ ਨੇਸ਼ਨ’ (ਐਮ.ਐਫ.ਐਨ.) ਡਿਊਟੀ ਲਾਗੂ ਰਹੇਗੀ ਕਿਉਂਕਿ ਸਿਰਫ 20 ਫੀ ਸਦੀ ਵਾਧੂ ਡਿਊਟੀ ਹਟਾਈ ਗਈ ਹੈ।
ਉਨ੍ਹਾਂ ਕਿਹਾ ਕਿ ਸੇਬ, ਅਖਰੋਟ ਅਤੇ ਬਦਾਮ ’ਤੇ ਐਮ.ਐਫ.ਐਨ. ਡਿਊਟੀ ’ਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ, ਜੋ ਅਜੇ ਵੀ ਅਮਰੀਕੀ ਮੂਲ ਦੇ ਉਤਪਾਦਾਂ ਸਮੇਤ ਸਾਰੇ ਆਯਾਤ ਉਤਪਾਦਾਂ ’ਤੇ ਲਾਗੂ ਹੈ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਉਪਾਅ ਦਾ ਘਰੇਲੂ ਸੇਬ, ਅਖਰੋਟ ਅਤੇ ਬਦਾਮ ਉਤਪਾਦਕਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਇਸ ਦੀ ਬਜਾਏ, ਇਹ ਸੇਬ, ਅਖਰੋਟ ਅਤੇ ਬਦਾਮ ਦੇ ਪ੍ਰੀਮੀਅਮ ਮਾਰਕੀਟ ਹਿੱਸੇ ’ਚ ਮੁਕਾਬਲੇ ਦੇ ਨਤੀਜੇ ਵਜੋਂ ਸਾਡੇ ਭਾਰਤੀ ਖਪਤਕਾਰਾਂ ਲਈ ਮੁਕਾਬਲੇ ਵਾਲੀਆਂ ਕੀਮਤਾਂ ’ਤੇ ਬਿਹਤਰ ਗੁਣਵੱਤਾ ਨੂੰ ਯਕੀਨੀ ਬਣਾਏਗਾ।’’
ਉਨ੍ਹਾਂ ਕਿਹਾ ਕਿ ਵਾਧੂ ਡਿਊਟੀਆਂ ਹਟਾਉਣ ਨਾਲ ਹੁਣ ਭਾਰਤ ਨੂੰ ਇਨ੍ਹਾਂ ਉਤਪਾਦਾਂ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਵਿਚਾਲੇ ਨਿਰਪੱਖ ਮੁਕਾਬਲਾ ਯਕੀਨੀ ਹੋਵੇਗਾ। ਇਹ ਸਪੱਸ਼ਟੀਕਰਨ ਵਿਰੋਧੀ ਧਿਰ ਕਾਂਗਰਸ ਵਲੋਂ ਸੇਬਾਂ ’ਤੇ ਦਰਾਮਦ ਡਿਊਟੀ ਘਟਾਉਣ ਦੇ ਸਰਕਾਰ ਦੇ ਫੈਸਲੇ ਦੀ ਆਲੋਚਨਾ ਦੇ ਦੌਰਾਨ ਆਇਆ ਹੈ। ਕਾਂਗਰਸ ਨੇ ਕਿਹਾ ਕਿ ਕੇਂਦਰ ਨੇ ਵਾਸ਼ਿੰਗਟਨ ਸੇਬ ’ਤੇ ਦਰਾਮਦ ਡਿਊਟੀ ਘਟਾ ਦਿਤੀ ਹੈ, ਜਿਸ ਦਾ ਸਿੱਧਾ ਅਸਰ ਬਾਗਬਾਨਾਂ ’ਤੇ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇਗਾ।
ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕੇਂਦਰ ਨੂੰ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਸੇਬ, ਅਖਰੋਟ ਅਤੇ ਬਦਾਮ ’ਤੇ ਵਾਧੂ ਡਿਊਟੀ ਹਟਾਉਣ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਵਿਦੇਸ਼ੀਆਂ ਨੂੰ ਖੁਸ਼ ਕਰਨ ਦੀ ਬਜਾਏ ਅਪਣੇ ਹੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।