
ਆਲਮੀ ਸ਼ੇਅਰ ਬਾਜ਼ਾਰਾਂ ’ਚ ਭਾਰੀ ਵਿਕਰੀ, ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਰਹੇ ਵਾਧੇ ਦੇ ਕਾਰਨ
ਮੁੰਬਈ : ਆਲਮੀ ਸ਼ੇਅਰ ਬਾਜ਼ਾਰਾਂ ’ਚ ਭਾਰੀ ਵਿਕਰੀ ਅਤੇ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧੇ ਦਰਮਿਆਨ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਜਾਰੀ ਰਹੀ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 1,048 ਅੰਕ ਡਿੱਗ ਕੇ 77,000 ਦੇ ਪੱਧਰ ਤੋਂ ਹੇਠਾਂ ਆ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 345 ਅੰਕ ਡਿੱਗ ਗਿਆ।
ਕਾਰੋਬਾਰੀਆਂ ਮੁਤਾਬਕ ਅਮਰੀਕਾ ’ਚ ਨੌਕਰੀਆਂ ਦੇ ਚੰਗੇ ਅੰਕੜਿਆਂ ਨੇ ਉੱਥੇ ਨੀਤੀਗਤ ਦਰਾਂ ’ਚ ਕਟੌਤੀ ਦੀਆਂ ਉਮੀਦਾਂ ਨੂੰ ਘੱਟ ਕਰ ਦਿਤਾ ਹੈ। ਇਸ ਤੋਂ ਇਲਾਵਾ ਰੁਪਏ ’ਚ ਇਕ ਦਿਨ ਦੀ ਦੋ ਸਾਲਾਂ ’ਚ ਸੱਭ ਤੋਂ ਵੱਡੀ ਗਿਰਾਵਟ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦੀ ਨਿਰੰਤਰ ਨਿਕਾਸੀ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਤ ਹੋਈ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,048.90 ਅੰਕ ਯਾਨੀ 1.36 ਫੀ ਸਦੀ ਦੀ ਗਿਰਾਵਟ ਨਾਲ 76,330.01 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਇਕ ਵਾਰੀ 1,129.19 ਅੰਕ ਡਿੱਗ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 345.55 ਅੰਕ ਯਾਨੀ 1.47 ਫੀ ਸਦੀ ਡਿੱਗ ਕੇ 23,085.95 ਅੰਕ ’ਤੇ ਬੰਦ ਹੋਇਆ।
ਸੈਂਸੈਕਸ ’ਚ ਸੱਭ ਤੋਂ ਜ਼ਿਆਦਾ ਗਿਰਾਵਟ ਦਰਜ ਕਰਨ ਵਾਲੀ ਕੰਪਨੀ ਜ਼ੋਮੈਟੋ ਦਾ ਸ਼ੇਅਰ ਲਗਭਗ 7 ਫੀ ਸਦੀ ਡਿੱਗ ਗਿਆ। ਇਸ ਤੋਂ ਇਲਾਵਾ ਪਾਵਰ ਗ੍ਰਿਡ, ਅਡਾਨੀ ਪੋਰਟਸ, ਟਾਟਾ ਸਟੀਲ, ਐਨ.ਟੀ.ਪੀ.ਸੀ., ਟਾਟਾ ਮੋਟਰਜ਼, ਟੈਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ, ਸਨ ਫਾਰਮਾ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰਾਂ ’ਚ ਵੀ ਭਾਰੀ ਗਿਰਾਵਟ ਆਈ।
ਦੂਜੇ ਪਾਸੇ ਐਕਸਿਸ ਬੈਂਕ, ਐਚਯੂਐਲ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ’ਚ ਵਾਧਾ ਹੋਇਆ।
ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਆਲਮੀ ਬਾਜ਼ਾਰਾਂ ’ਚ ਭਾਰੀ ਵਿਕਰੀ ਵੇਖਣ ਨੂੰ ਮਿਲੀ। ਇਸ ਦਾ ਅਸਰ ਘਰੇਲੂ ਬਾਜ਼ਾਰ ’ਤੇ ਵੀ ਪਿਆ। ਇਸ ਦਾ ਕਾਰਨ ਅਮਰੀਕਾ ’ਚ ਰੁਜ਼ਗਾਰ ਦੇ ਮਜ਼ਬੂਤ ਅੰਕੜੇ ਹਨ, ਜਿਸ ਨਾਲ 2025 ’ਚ ਪ੍ਰਮੁੱਖ ਵਿਆਜ ਦਰ ’ਚ ਕਟੌਤੀ ਹੋਣ ਦੀ ਉਮੀਦ ਹੈ। ਇਸ ਨਾਲ ਡਾਲਰ ਮਜ਼ਬੂਤ ਹੋਇਆ, ਬਾਂਡ ਯੀਲਡ ਵਧਿਆ ਅਤੇ ਉਭਰਰਹੇ ਬਾਜ਼ਾਰਾਂ ਨੂੰ ਘੱਟ ਆਕਰਸ਼ਕ ਬਣਾਇਆ ਗਿਆ।
ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ ਉੱਚ ਮੁਲਾਂਕਣ ਅਤੇ ਕਾਰਪੋਰੇਟ ਆਮਦਨ ’ਚ ਗਿਰਾਵਟ ਕਾਰਨ ਜੀ.ਡੀ.ਪੀ. ਵਿਕਾਸ ਦਰ ’ਚ ਹਾਲ ਹੀ ’ਚ ਆਈ ਗਿਰਾਵਟ ਕਾਰਨ ਬਾਜ਼ਾਰ ਦੀ ਧਾਰਨਾ ਪ੍ਰਭਾਵਤ ਹੋਈ ਹੈ।’’ ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ’ਚ ਬੰਦ ਹੋਏ। ਜਾਪਾਨੀ ਬਾਜ਼ਾਰ ਛੁੱਟੀ ਲਈ ਬੰਦ ਸੀ। ਦੁਪਹਿਰ ਦੇ ਕਾਰੋਬਾਰ ਵਿਚ ਯੂਰਪੀਅਨ ਬਾਜ਼ਾਰਾਂ ਵਿਚ ਗਿਰਾਵਟ ਆਈ। ਅਮਰੀਕੀ ਬਾਜ਼ਾਰ ’ਚ ਸ਼ੁਕਰਵਾਰ ਨੂੰ ਗਿਰਾਵਟ ਆਈ।