
ਜੀ.ਸੀ.ਐਮ.ਐਮ.ਐਫ਼. ਦਾ ਕਾਰੋਬਾਰ ਸਾਲ 2018-19 ਦੌਰਾਨ 13 ਫ਼ੀ ਸਦੀ ਵਧ ਕੇ 33,150 ਕਰੋੜ ਰੁਪਏ ਹੋਇਆ
ਨਵੀਂ ਦਿੱਲੀ : ਅਮੂਲ ਬ੍ਰਾਂਡ ਦੇ ਤਹਿਤ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਵਾਲੀ ਸੰਸਥਾ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫ਼ੈਡਰੇਸ਼ਨ(ਜੀ.ਸੀ.ਐਮ.ਐਮ.ਐਫ਼.) ਨੂੰ ਅਪਣੇ ਉਤਪਾਦਾਂ ਦੀ ਮਾਤਰਾ ਅਤੇ ਮੁੱਲ ਜ਼ਿਆਦਾ ਮਿਲਣ ਕਾਰਨ ਚਾਲੂ ਵਿੱਤੀ ਸਾਲ 'ਚ ਅਪਣਾ ਕਾਰੋਬਾਰ 20 ਫ਼ੀ ਸਦੀ ਵਧਾ ਕੇ ਲਗਭਗ 40,000 ਕਰੋੜ ਹੋ ਜਾਣ ਦੀ ਉਮੀਦ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿਤੀ ਹੈ।
Amul
ਜੀ.ਸੀ.ਐਮ.ਐਮ.ਐਫ਼. ਦਾ ਕਾਰੋਬਾਰ ਸਾਲ 2018-19 ਦੌਰਾਨ 13 ਫ਼ੀ ਸਦੀ ਵਧ ਕੇ 33,150 ਕਰੋੜ ਰੁਪਏ ਹੋ ਗਿਆ ਜਿਹੜਾ ਕਿ ਇਸ ਤੋਂ ਪਿਛਲੇ ਸਾਲ 'ਚ 29,225 ਕਰੋੜ ਰੁਪਏ ਸੀ। ਅਮੂਲ ਦੇ ਮੈਨੇਜਿੰਗ ਡਾਇਰੈਕਟਰ ਆਰ.ਐਸ. ਸੋਢੀ ਨੇ ਕਿਹਾ, 'ਪਿਛਲੇ ਵਿੱਤੀ ਸਾਲ ਵਿਚ ਜ਼ਿਆਦਾ ਮਾਤਰਾ ਵਿਚ ਵਿਕਰੀ ਹੋਣ ਦੇ ਕਾਰਨ ਸਾਡੇ ਮਾਲੀਏ 'ਚ ਵਾਧਾ ਹੋਇਆ ਸੀ ਜਦਕਿ ਸਾਡੇ ਉਤਪਾਦਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ। ਪਰ ਇਸ ਸਾਲ ਸਾਨੂੰ ਮਾਤਰਾ ਅਤੇ ਮੁੱਲ ਦੋਵਾਂ ਪੱਧਰ 'ਤੇ ਵਾਧਾ ਹੋਣ ਦੀ ਉਮੀਦ ਹੈ।
Amul
ਉਨ੍ਹਾਂ ਨੇ ਕਿਹਾ ਕਿ ਕੰਪਨੀ 2019-20 ਦੇ ਦੌਰਾਨ ਕਾਰੋਬਾਰ 'ਚ 20 ਫ਼ੀ ਸਦੀ ਦੇ ਵਾਧੇ ਦੀ ਉਮੀਦ ਕਰ ਰਹੀ ਹੈ। ਸੋਢੀ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਵਰਗੇ ਕੁਝ ਸੂਬਿਆਂ 'ਚ ਦੁੱਧ ਦੀ ਖ਼ਰੀਦ ਕੀਮਤ ਪਿਛਲੇ ਕੁਝ ਮਹੀਨਿਆਂ 'ਚ ਵਧੀ ਹੈ। ਉਨ੍ਹਾਂ ਨੇ ਕਿਹਾ, ' ਅਸੀਂ ਕੁਝ ਸੂਬਿਆਂ ਵਿਚ ਦੁੱਧ ਦੀ ਖ਼ਰੀਦ ਕੀਮਤਾਂ ਵਿਚ ਗਿਰਾਵਟ ਆਉਣ 'ਤੇ ਵੀ ਅਪਣੇ ਕਿਸਾਨਾਂ ਨੂੰ ਜ਼ਿਆਦਾ ਕੀਮਤ ਦੇ ਰਹੇ ਸੀ। ਇਸ ਲਈ ਸਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਅਮੂਲ ਦੇ ਮੈਂਬਰ ਯੂਨੀਅਨਾਂ ਨੇ ਅਗਲੇ ਦੋ ਸਾਲਾਂ ਵਿਚ ਦੁੱਧ ਪ੍ਰੋਸੈਸਿੰਗ ਸਮਰੱਥਾ ਨੂੰ 350 ਲੱਖ ਲਿਟਰ ਪ੍ਰਤੀ ਦਿਨ ਤੋਂ ਵਧਾ ਕੇ 380-400 ਲੱਖ ਲਿਟਰ ਪ੍ਰਤੀ ਦਿਨ ਕਰਨ ਦੀ ਯੋਜਨਾ ਬਣਾਈ ਹੈ।