
ਫ਼ਿਊਲ ਅਤੇ ਬਿਜਲੀ ਦੇ ਨਾਲ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਕਾਰਨ 1.26 ਫੀ ਸਦੀ ’ਤੇ ਪਹੁੰਚ ਗਈ ਮਹਿੰਗਾਈ ਦਰ
ਨਵੀਂ ਦਿੱਲੀ: ਥੋਕ ਮਹਿੰਗਾਈ ਦਰ ਅਪ੍ਰੈਲ ’ਚ ਲਗਾਤਾਰ ਦੂਜੇ ਮਹੀਨੇ ਵਧ ਕੇ 13 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 1.26 ਫੀ ਸਦੀ ’ਤੇ ਆ ਗਈ। ਫ਼ਿਊਲ ਅਤੇ ਬਿਜਲੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਚੀਜ਼ਾਂ ਖਾਸ ਕਰ ਕੇ ਸਬਜ਼ੀਆਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਥੋਕ ਮਹਿੰਗਾਈ ਵਧੀ ਹੈ।
ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਲਗਾਤਾਰ ਦੋ ਮਹੀਨਿਆਂ ਤੋਂ ਵਧ ਰਹੀ ਹੈ। ਫ਼ਰਵਰੀ ’ਚ ਇਹ 0.20 ਫੀ ਸਦੀ ਸੀ, ਜੋ ਮਾਰਚ ’ਚ ਵਧ ਕੇ 0.53 ਫੀ ਸਦੀ ਹੋ ਗਈ। ਅਪ੍ਰੈਲ 2023 ’ਚ ਇਹ 0.79 ਫੀ ਸਦੀ ਸੀ। ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਅਪ੍ਰੈਲ ’ਚ ਵਧ ਕੇ 13 ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ। ਮਾਰਚ 2023 ’ਚ ਇਹ 1.41 ਫੀ ਸਦੀ ਦੇ ਉੱਚੇ ਪੱਧਰ ’ਤੇ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਅਪ੍ਰੈਲ 2024 ’ਚ ਥੋਕ ਮਹਿੰਗਾਈ ਖੁਰਾਕੀ ਵਸਤਾਂ, ਬਿਜਲੀ, ਕੱਚੇ ਪਟਰੌਲੀਅਮ ਅਤੇ ਕੁਦਰਤੀ ਗੈਸ, ਭੋਜਨ ਉਤਪਾਦਾਂ ਦੇ ਨਿਰਮਾਣ ਅਤੇ ਹੋਰ ਨਿਰਮਾਣ ਖੇਤਰ ਦੇ ਉਤਪਾਦਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਹੋਈ।’’
ਅੰਕੜਿਆਂ ਮੁਤਾਬਕ ਅਪ੍ਰੈਲ ’ਚ ਖੁਰਾਕੀ ਵਸਤਾਂ ਦੀ ਮਹਿੰਗਾਈ ਵਧ ਕੇ 7.74 ਫੀ ਸਦੀ ਹੋ ਗਈ, ਜੋ ਮਾਰਚ ’ਚ 6.88 ਫੀ ਸਦੀ ਸੀ। ਫ਼ਿਊਲ ਅਤੇ ਬਿਜਲੀ ਦੀ ਮਹਿੰਗਾਈ ਅਪ੍ਰੈਲ ’ਚ -1.38 ਫੀ ਸਦੀ ਰਹੀ, ਜੋ ਮਾਰਚ ’ਚ -0.77 ਫੀ ਸਦੀ ਸੀ।
ਆਈ.ਸੀ.ਆਰ.ਏ. ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਡਬਲਯੂ.ਪੀ.ਆਈ. ਮਹਿੰਗਾਈ ਗਲੋਬਲ ਵਸਤੂਆਂ ਦੀਆਂ ਕੀਮਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ, ਜੋ ਸਾਲ ਦਰ ਸਾਲ ਵਧ ਰਹੀਆਂ ਹਨ। ਉਨ੍ਹਾਂ ਕਿਹਾ, ‘‘ਪਿਛਲੇ ਕੁੱਝ ਮਹੀਨਿਆਂ ’ਚ ਕਈ ਚੀਜ਼ਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਇਸ ’ਚ ਕੱਚੇ ਤੇਲ ਦੀਆਂ ਕੀਮਤਾਂ ਵੀ ਸ਼ਾਮਲ ਹਨ ਜੋ ਅਪ੍ਰੈਲ ’ਚ ਵਧੀਆਂ ਸਨ। ਹੁਣ ਤਕ, ਵਸਤੂਆਂ ਦੀਆਂ ਕੀਮਤਾਂ ’ਚ ਰੁਝਾਨ ਨੂੰ ਵੇਖਦੇ ਹੋਏ, ਡਬਲਯੂ.ਪੀ.ਆਈ. ਮਈ ਅਤੇ ਜੂਨ ’ਚ 2 ਫ਼ੀ ਸਦੀ ਨੂੰ ਪਾਰ ਕਰਨ ਦੀ ਉਮੀਦ ਹੈ।’’
ਆਈ.ਸੀ.ਆਰ.ਏ. ਨੇ ਚਾਲੂ ਵਿੱਤੀ ਸਾਲ 2024-25 ਲਈ ਔਸਤ ਥੋਕ ਮੁੱਲ ਸੂਚਕ ਅੰਕ (ਡਬਲਯੂ.ਪੀ.ਆਈ.) ਅਧਾਰਤ ਮਹਿੰਗਾਈ ਦਰ 3.3 ਫ਼ੀ ਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਸਬਜ਼ੀਆਂ ਦੀ ਮਹਿੰਗਾਈ ਦਰ 23.60 ਫੀ ਸਦੀ ਰਹੀ, ਜੋ ਮਾਰਚ ’ਚ 19.52 ਫੀ ਸਦੀ ਸੀ। ਆਲੂ ਦੀ ਮਹਿੰਗਾਈ ਅਪ੍ਰੈਲ ’ਚ ਵਧ ਕੇ 71.97 ਫੀ ਸਦੀ ਹੋ ਗਈ, ਜੋ ਮਾਰਚ ’ਚ 52.96 ਫੀ ਸਦੀ ਸੀ। ਪਿਆਜ਼ ’ਚ ਇਹ 59.75 ਫ਼ੀ ਸਦੀ ਸੀ ਜੋ ਮਾਰਚ ’ਚ 56.99 ਫ਼ੀ ਸਦੀ ਸੀ।
ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਸੰਜੀਵ ਅਗਰਵਾਲ ਨੇ ਕਿਹਾ ਕਿ ਭਵਿੱਖ ’ਚ ਸਤੰਬਰ/ਅਕਤੂਬਰ 2024 ਤਕ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ’ਚ ਕਮੀ ਆਉਣ ਦੀ ਉਮੀਦ ਹੈ ਕਿਉਂਕਿ ਸਾਉਣੀ ਦੀਆਂ ਫਸਲਾਂ ਮੰਡੀਆਂ ’ਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਸਪਲਾਈ ਦੀ ਮੌਜੂਦਾ ਸਥਿਤੀ ’ਚ ਸੁਧਾਰ ਹੋਵੇਗਾ।ਅੰਕੜਿਆਂ ਮੁਤਾਬਕ ਨਿਰਮਿਤ ਉਤਪਾਦਾਂ ਦੀ ਮਹਿੰਗਾਈ ਅਪ੍ਰੈਲ ’ਚ ਘੱਟ ਕੇ 0.42 ਫੀ ਸਦੀ ਰਹਿ ਗਈ। ਮਾਰਚ ’ਚ ਇਹ 0.85 ਫੀ ਸਦੀ ਸੀ।
ਅਪ੍ਰੈਲ ਵਿਚ ਥੋਕ ਮਹਿੰਗਾਈ ਵਿਚ ਵਾਧਾ ਇਸ ਮਹੀਨੇ ਦੇ ਪ੍ਰਚੂਨ ਮਹਿੰਗਾਈ ਦੇ ਅੰਕੜਿਆਂ ਦੇ ਉਲਟ ਹੈ। ਆਰ.ਬੀ.ਆਈ. ਮੁਦਰਾ ਨੀਤੀ ਤਿਆਰ ਕਰਦੇ ਸਮੇਂ ਮੁੱਖ ਤੌਰ ’ਤੇ ਪ੍ਰਚੂਨ ਮਹਿੰਗਾਈ ਨੂੰ ਧਿਆਨ ’ਚ ਰੱਖਦਾ ਹੈ। ਅਪ੍ਰੈਲ ’ਚ ਪ੍ਰਚੂਨ ਮਹਿੰਗਾਈ ਦਰ 11 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 4.83 ਫੀ ਸਦੀ ’ਤੇ ਆ ਗਈ ਸੀ। ਆਰ.ਬੀ.ਆਈ. ਨੇ ਪਿਛਲੇ ਮਹੀਨੇ ਲਗਾਤਾਰ ਸੱਤਵੀਂ ਵਾਰ ਨੀਤੀਗਤ ਵਿਆਜ ਦਰ ਰੈਪੋ ’ਚ ਕੋਈ ਤਬਦੀਲੀ ਨਹੀਂ ਕੀਤੀ ਸੀ। ਰਿਜ਼ਰਵ ਬੈਂਕ ਦੀ ਅਗਲੀ ਮੁਦਰਾ ਨੀਤੀ ਬੈਠਕ 5 ਤੋਂ 7 ਜੂਨ ਤਕ ਹੋਣੀ ਹੈ।