
ਕੇਂਦਰੀ ਮੰਤਰੀ ਨੇ ਜੈੱਟ ਏਅਰਵੇਜ਼ ਦੀਆਂ ਸਮੱਸਿਆਵਾਂ ਨੂੰ ਸੁਲਝਾ ਲੈਣ ਦਾ ਭਰੋਸਾ ਦਿਤਾ
ਨਵੀਂ ਦਿੱਲੀ : ਬੰਦ ਹੋ ਚੁੱਕੀ ਜੈੱਟ ਏਅਰਵੇਜ਼ ਲਿਮਟਿਡ ਦੀ ਸਮੱਸਿਆ 'ਤੇ ਹੁਣ ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਦਾ ਬਿਆਨ ਸਾਹਮਣੇ ਆਇਆ ਹੈ। ਸ਼ੁਕਰਵਾਰ ਨੂੰ ਕੇਂਦਰੀ ਮੰਤਰੀ ਨੇ ਜੈੱਟ ਏਅਰਵੇਜ਼ ਦੀਆਂ ਸਮੱਸਿਆਵਾਂ ਨੂੰ ਸੁਲਝਾ ਲੈਣ ਦਾ ਭਰੋਸਾ ਦਿਤਾ। ਪਿਛਲੇ ਮਹੀਨੇ ਦੁਬਾਰਾ ਸੱਤਾ 'ਚ ਆਉਣ ਤੋਂ ਬਾਅਦ ਮੋਦੀ ਸਰਕਾਰ ਵਲੋਂ ਕਰਜ਼ੇ 'ਚ ਡੁੱਬੀ ਏਅਰਵੇਜ਼ ਨੂੰ ਲੈ ਕੇ ਆਇਆ ਇਹ ਪਹਿਲਾ ਬਿਆਨ ਹੈ।
Hardeep Singh Puri
ਨਵੀਂ ਦਿੱਲੀ 'ਚ ਇਕ ਕਾਨਫ਼ਰੰਸ ਤੋਂ ਬਾਅਦ ਜੈੱਟ ਦੀ ਸਮੱਸਿਆ ਬਾਰੇ ਪੁਰੀ ਨੇ ਕਿਹਾ, ''ਸਾਨੂੰ ਵਿਸ਼ਵਾਸ ਹੈ ਕਿ ਅਸੀਂ ਬੰਦ ਹੋ ਚੁੱਕੀ ਏਅਰਲਾਈਨ ਦੀ ਸਮੱਸਿਆ ਨੂੰ ਸੁਲਝਾ ਸਕਦੇ ਹਾਂ।'' ਭਾਰੀ ਕਰਜ਼ੇ ਅਤੇ ਵਧਦੀਆਂ ਕੀਮਤਾਂ ਦੇ ਮੁਕਾਬਲੇ ਦੇ ਕਾਰਨ, ਕਦੇ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ-ਸੈਕਟਰ ਏਅਰਲਾਈਨ ਰਹੀ ਜੈੱਟ ਏਅਰਵੇਜ਼ ਨੂੰ ਅਪ੍ਰੈਲ ਵਿਚ ਆਪਣੀਆਂ ਸੇਵਾਵਾਂ ਰੋਕਣੀਆਂ ਪਈਆਂ ਸਨ।
Jet Airways
ਜੈੱਟ ਦੇ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਕਰਮਚਾਰੀਆਂ ਨੂੰ ਅਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪਿਆ ਸੀ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਏਅਰਲਾਈਨ ਇੰਡਸਟਰੀ ਦੇ ਹਵਾਈ ਕਿਰਾਏ ਵੀ ਵਧ ਗਏ ਹਨ। ਹੁਣ ਪਿਛਲੇ ਕਈ ਦਿਨਾਂ ਤੋਂ ਏਅਰਲਾਈਨ ਅਤੇ ਉਸ ਦੇ ਕਰਜ਼ਦਾਤਾ ਨਵੇਂ ਨਿਵੇਸ਼ਕਾਂ ਦੀ ਭਾਲ ਕਰ ਰਹੇ ਹਨ ਜਦੋਂਕਿ ਕਰਮਚਾਰੀ ਸੰਗਠਨ ਸਰਕਾਰ ਨੂੰ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਦੀ ਮੰਗ ਕਰ ਰਹੇ ਹਨ। ਹਾਲਾਂਕਿ ਸਰਕਾਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀ ਇਸ ਮਾਮਲੇ ਵਿਚ ਚੁੱਪ ਰਹੀ ਹੈ।
Jet Airways
ਜ਼ਿਕਰਯੋਗ ਹੈ ਕਿ ਹਰਦੀਪ ਪੁਰੀ ਨੇ ਅਜਿਹੇ ਸਮੇਂ 'ਚ ਕਾਰਜਕਾਲ ਸੰਭਾਲਿਆ ਹੈ ਜਦੋਂਕਿ ਭਾਰਤੀ ਏਵੀਏਸ਼ਨ ਇੰਡਸਟਰੀ ਅਪਣੇ ਮੁਸ਼ਕਲ ਸਮੇਂ 'ਚ ਲੰਘ ਰਹੀ ਹੈ। ਪਿਛਲੇ ਸਾਲ ਘਾਟੇ 'ਚ ਚਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਲਿਮਟਿਡ ਲਈ ਵੀ ਕੋਈ ਵੀ ਖਰੀਦਦਾਰ ਦੀ ਭਾਲ ਕਰਨ 'ਚ ਸਰਕਾਰ ਨਾਕਾਮਯਾਬ ਰਹੀ ਸੀ।