
ਗਰੀਬੀ ’ਚ ਸੱਭ ਤੋਂ ਜ਼ਿਆਦਾ ਕਮੀ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ’ਚ ਆਈ : ਨੀਤੀ ਆਯੋਗ
ਨਵੀਂ ਦਿੱਲੀ: ਪਿਛਲੇ 9 ਸਾਲਾਂ ’ਚ ਦੇਸ਼ ’ਚ 24.82 ਕਰੋੜ ਲੋਕ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਦੇ ਰੂਪ ’ਚ ਗਰੀਬੀ ਤੋਂ ਬਾਹਰ ਆਏ ਹਨ। ਨੀਤੀ ਆਯੋਗ ਨੇ ਸੋਮਵਾਰ ਨੂੰ ਇਕ ਰੀਪੋਰਟ ’ਚ ਕਿਹਾ ਕਿ ਗਰੀਬੀ ’ਚ ਸੱਭ ਤੋਂ ਜ਼ਿਆਦਾ ਕਮੀ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ’ਚ ਆਈ ਹੈ।
ਬਹੁ-ਪੱਖੀ ਗਰੀਬੀ ਨੂੰ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ’ਚ ਸੁਧਾਰ ਰਾਹੀਂ ਮਾਪਿਆ ਜਾਂਦਾ ਹੈ। ਨੀਤੀ ਆਯੋਗ ਦੇ ਚਰਚਾ ਚਿੱਠੀ ਮੁਤਾਬਕ 2013-14 ’ਚ ਦੇਸ਼ ’ਚ ਬਹੁ-ਪੱਖੀ ਗਰੀਬੀ 29.17 ਫੀ ਸਦੀ ਸੀ, ਜੋ 2022-23 ’ਚ ਘੱਟ ਕੇ 11.28 ਫੀ ਸਦੀ ਰਹਿ ਗਈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 24.82 ਕਰੋੜ ਲੋਕ ਇਸ ਸ਼੍ਰੇਣੀ ਤੋਂ ਬਾਹਰ ਆਏ ਹਨ।
ਕਮਿਸ਼ਨ ਨੇ ਕਿਹਾ ਕਿ ਕੌਮੀ ਬਹੁ-ਪੱਖੀ ਗਰੀਬੀ ਸਿਹਤ, ਸਿੱਖਿਆ ਅਤੇ ਜੀਵਨ ਪੱਧਰ ਦੇ ਮੋਰਚੇ ’ਤੇ ਘਾਟ ਦੀ ਸਥਿਤੀ ਨੂੰ ਮਾਪਦੀ ਹੈ। ਇਨ੍ਹਾਂ ਨੂੰ 12 ਟਿਕਾਊ ਵਿਕਾਸ ਟੀਚਿਆਂ ਨਾਲ ਜੁੜੇ ਸੂਚਕਾਂ ਰਾਹੀਂ ਦਰਸਾਇਆ ਗਿਆ ਹੈ। ਇਨ੍ਹਾਂ ’ਚ ਪੋਸ਼ਣ, ਬਾਲ ਅਤੇ ਕਿਸ਼ੋਰ ਮੌਤ ਦਰ, ਮਾਂ ਦੀ ਸਿਹਤ, ਸਕੂਲੀ ਸਿੱਖਿਆ ਦੇ ਸਾਲ, ਸਕੂਲ ’ਚ ਹਾਜ਼ਰੀ, ਖਾਣਾ ਪਕਾਉਣ, ਬਾਲਣ, ਸਵੱਛਤਾ, ਪੀਣ ਵਾਲਾ ਪਾਣੀ, ਬਿਜਲੀ, ਰਿਹਾਇਸ਼, ਜਾਇਦਾਦ ਅਤੇ ਬੈਂਕ ਖਾਤੇ ਸ਼ਾਮਲ ਹਨ।